News

25 ਲੱਖ ਦੀ ਲਾਗਤ ਨਾਲ ਬਣੇ ਕ੍ਰਿਕਟ ਗਰਾਊਂਡ ਦਾ ਕੈਬਨਿਟ ਮੰਤਰੀ ਸ੍ਰ. ਸੁਖਜਿੰਦਰ ਸਿੰਘ ਰੰਧਾਵਾ ਨੇ ਲਿਆ ਜਾਇਜ਼ਾ

ਕਿਹਾ, ਫ਼ਿਰੋਜ਼ਪੁਰ ਦੇ ਕ੍ਰਿਕਟ ਖਿਡਾਰੀਆਂ ਲਈ ਇਹ ਗਰਾਊਂਡ ਨਵੇਂ ਸਾਲ ਦਾ ਹੋਵੇਗਾ ਤੋਹਫ਼ਾ

25 ਲੱਖ ਦੀ ਲਾਗਤ ਨਾਲ ਬਣੇ ਕ੍ਰਿਕਟ ਗਰਾਊਂਡ ਦਾ ਕੈਬਨਿਟ ਮੰਤਰੀ ਸ੍ਰ. ਸੁਖਜਿੰਦਰ ਸਿੰਘ ਰੰਧਾਵਾ ਨੇ ਲਿਆ ਜਾਇਜ਼ਾ
ਗਰਾਊਂਡ ਦੇ ਚਾਰੇ ਪਾਸੇ 7 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਗਏ ਫੁਹਾਰੇ, ਦਰੱਖਤ ਦੇ ਹੇਠਾਂ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਦਾ ਬਣਾਇਆ ਗਿਆ ਬੁੱਤ ਦੇਵੇਗਾ ਜਿੱਤ ਦਾ ਸੰਦੇਸ਼-ਵਿਧਾਇਕ ਪਿੰਕੀ
ਕਿਹਾ, ਫ਼ਿਰੋਜ਼ਪੁਰ ਦੇ ਕ੍ਰਿਕਟ ਖਿਡਾਰੀਆਂ ਲਈ ਇਹ ਗਰਾਊਂਡ ਨਵੇਂ ਸਾਲ ਦਾ ਹੋਵੇਗਾ ਤੋਹਫ਼ਾ

ਫ਼ਿਰੋਜ਼ਪੁਰ 27 ਦਸੰਬਰ 2019 ( ) ਸਰਕਾਰੀ ਬਹੁਤਕਨੀਕੀ ਕਾਲਜ ਫ਼ਿਰੋਜ਼ਪੁਰ ਸ਼ਹਿਰ ਵਿਖੇ 25 ਲੱਖ ਦੀ ਲਾਗਤ ਨਾਲ ਬਣੇ  ਕ੍ਰਿਕਟ ਗਰਾਊਂਡ ਦਾ ਸਹਿਕਾਰਤਾ ਤੇ ਜੇਲ੍ਹ ਮੰਤਰੀ ਸ੍ਰ. ਸੁਖਜਿੰਦਰ ਸਿੰਘ ਰੰਧਾਵਾ ਨੇ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ੍ਰ. ਪਰਮਿੰਦਰ ਸਿੰਘ ਪਿੰਕੀ, ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਅਤੇ ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਵੀ ਹਾਜ਼ਰ ਸਨ।
ਨਿਰੀਖਣ ਕਰਨ ਉਪਰੰਤ ਕੈਬਨਿਟ ਮੰਤਰੀ ਸ੍ਰ. ਸੁਖਜਿੰਦਰ ਸਿੰਘ ਰੰਧਾਵਾ ਨੇ ਨਵੇਂ ਬਣੇ ਇਸ ਕ੍ਰਿਕਟ ਗਰਾਊਂਡ ਤੇ ਇਸ ਗਰਾਊਂਡ ਦੇ ਅੱਗੇ ਪਿੱਛੇ ਖਿਡਾਰੀਆਂ ਦੀ ਬਣੀਆਂ ਪੇਂਟਿੰਗਾਂ ਦੀ ਕਾਫ਼ੀ ਪ੍ਰਸੰਸਾ ਕੀਤੀ ਤੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਅਜਿਹੇ ਕੰਮਾਂ ਨੂੰ ਸਲਾਹਿਆ। ਸ੍ਰ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਗਰਾਊਂਡ ‘ਤੇ ਫ਼ਿਰੋਜ਼ਪੁਰ ਦੇ ਨੌਜਵਾਨ ਖਿਡਾਰੀ ਆਪਣੀ ਖੇਡ ਦੀ ਪ੍ਰੈਕਟਿਸ ਕਰਕੇ ਆਪਣੀ ਜ਼ਿੰਦਗੀ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਨਾਲ-ਨਾਲ ਫ਼ਿਰੋਜ਼ਪੁਰ ਦਾ ਨਾਮ ਵੀ ਰੌਸ਼ਨ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਵੱਲ ਲਗਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਇਹ ਨੌਜਵਾਨ ਆਪਣੀ ਖੇਡ ਪ੍ਰਤੀ ਭਾਵਨਾ ਨੂੰ ਉਜਾਗਰ ਰੱਖਦੇ ਹੋਏ ਆਪਣੀਆਂ ਮੰਜ਼ਿਲਾਂ ਨੂੰ ਜਿੱਤ ਸਕਣ।
ਇਸ ਤੋਂ ਬਾਅਦ ਵਿਧਾਇਕ ਸ੍ਰ. ਪਰਮਿੰਦਰ ਸਿੰਘ ਪਿੰਕੀ ਨੇ ਕੈਬਨਿਟ ਮੰਤਰੀ ਸ੍ਰ. ਸੁਖਜਿੰਦਰ ਸਿੰਘ ਰੰਧਾਵਾ ਨੂੰ ਦੱਸਿਆ ਕਿ ਫ਼ਿਰੋਜ਼ਪੁਰ ਦੇ ਕ੍ਰਿਕਟ ਖਿਡਾਰੀਆਂ ਲਈ ਇਹ ਕ੍ਰਿਕਟ ਗਰਾਊਂਡ ਨਵੇਂ ਸਾਲ ਦਾ ਤੋਹਫ਼ਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਕ੍ਰਿਕਟ ਗਰਾਊਂਡ ਦੇ ਚਾਰੇ ਪਾਸੇ 7 ਲੱਖ ਰੁਪਏ ਦੀ ਲਾਗਤ ਨਾਲ ਫੁਹਾਰੇ ਲਗਾਏ ਗਏ ਹਨ ਤੇ ਗਰਾਊਂਡ ਦੇ ਇੱਕ ਪਾਸੇ ਦਰੱਖ਼ਤ ਦੇ ਹੇਠਾਂ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਦਾ ਬੁੱਤ ਬਣਾਇਆ ਗਿਆ, ਇਸ ਤੋਂ ਪ੍ਰੇਰਿਤ ਹੋ ਕੇ ਇੱਥੇ ਖੇਡਣ ਵਾਲੇ ਕ੍ਰਿਕਟ ਖਿਡਾਰੀ ਵੀ ਜਿੱਤ ਪ੍ਰਤੀ ਹੋਰ ਅੱਗੇ ਵਧਣਗੇ ਕਿਉਂਕਿ ਸਾਡੇ ਇਸ ਕ੍ਰਿਕਟ ਖਿਡਾਰੀ ਨੇ ਕੈਂਸਰ ਵਰਗੀ ਭਿਆਨਕ ਬਿਮਾਰੀ ਤੇ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਅੰਤਰਰਾਸ਼ਟਰੀ ਪੱਧਰ ਦਾ ਗਰਾਊਂਡ ਹੋਵੇਗਾ ਤੇ ਉਨ੍ਹਾਂ ਦੀ ਪੂਰੀ ਕੋਸ਼ਿਸ਼ ਇਹ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਸ ਗਰਾਊਂਡ ‘ਤੇ ਆਈ.ਪੀ.ਐੱਲ. ਮੈਚ ਕਰਵਾਏ ਜਾਣ। ਇਸ ਗਰਾਊਂਡ ਵਿਚ ਖੇਡਣ ਵਾਲੀਆਂ ਟੀਮਾਂ ਦੇ ਠਹਿਰਨ ਦੇ ਵਧੀਆ ਪ੍ਰਬੰਧ ਕੀਤੇ ਜਾਣਗੇ। ਇਸ ਮੌਕੇ ਸ੍ਰੀ ਰਿਸ਼ੀ ਸ਼ਰਮਾ, ਰਿੰਕੂ ਗਰੋਵਰ, ਬਲਵੀਰ ਬਾਠ ਅਤੇ ਧਰਮਵੀਰ ਆਦਿ ਹਾਜ਼ਰ ਸਨ।

Related Articles

Back to top button
Close