ਕੱਚੇ ਘਰਾਂ ‘ਚ ਰਹਿਣ ਵਾਲਿਆਂ ਲਈ ਵਰਦਾਨ ਸਾਬਿਤ ਹੋਈ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ)
ਯੋਜਨਾ ਤਹਿਤ ਕੱਚੇ ਮਕਾਨਾਂ ਨੂੰ ਕੀਤਾ ਜਾਂਦਾ ਹੈ ਪੱਕਾ
ਫਿਰੋਜ਼ਪੁਰ 12 ਮਈ 2023 : ਜ਼ਿਲ੍ਹੇ ਦੇ ਪੇਂਡੂ ਇਲਾਕਿਆਂ ਵਿੱਚ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ/ਪਰਿਵਾਰਾਂ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਲਾਹੇਵੰਦ ਸਾਬਿਤ ਹੋ ਰਹੀ ਹੈ। ਇਸ ਯੋਜਨਾ ਤਹਿਤ ਸਰਕਾਰ ਵੱਲੋਂ ਤੈਅ ਕੀਤੇ ਮਾਪਦੰਡਾਂ ਦੇ ਅਧਾਰ ‘ਤੇ ਲਾਭਪਾਤਰੀਆਂ ਦੀ ਪੜਤਾਲ ਕਰਕੇ ਉਨਾਂ ਦੇ ਕੱਚੇ ਮਕਾਨਾਂ ਨੂੰ ਪੱਕਾ ਕਰਨ ਲਈ 1 ਲੱਖ 20 ਹਜ਼ਾਰ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਜਾਂਦੀ ਹੈ। ਇਹ ਪ੍ਰਗਟਾਵਾ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐੱਸ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਕੀਤਾ।
ਇਸ ਯੋਜਨਾ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਕੁਮਾਰ ਸ਼ਰਮਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਉਨਾਂ ਲੋਕਾਂ ਨੂੰ ਕਵਰ ਕੀਤਾ ਜਾਂਦਾ ਹੈ ਜਿਨਾਂ ਦੇ ਬੀ.ਪੀ.ਐਲ. ਕਾਰਡ ਬਣੇ ਹੋਏ ਹਨ, ਜੋ ਕਿ ਗਰੀਬੀ ਰੇਖਾ ਤੋਂ ਹੇਠਾਂ ਹਨ। ਉਨਾਂ ਕਿਹਾ ਕਿ ਇਸ ਯੋਜਨਾ ਤਹਿਤ ਲਾਭਪਾਤਰੀਆਂ ਦੀ ਪੜਤਾਲ ਕਰਨ ਉਪਰੰਤ ਯੋਗ ਪਾਏ ਗਏ ਲੋਕਾਂ ਦੇ ਕੱਚੇ ਮਕਾਨਾਂ ਨੂੰ ਪੱਕਾ ਕਰਨ ਵਾਸਤੇ ਲੜੀ ਵਾਰ ਪਹਿਲੀ ਕਿਸ਼ਤ 30,000 ਹਜ਼ਾਰ , ਦੂਜੀ ਕਿਸ਼ਤ 72,000 ਹਜ਼ਾਰ ਤੇ ਤੀਜ਼ੀ ਕਿਸ਼ਤ 18,000 ਹਜ਼ਾਰ ਰੁਪਏ ਦਿੱਤੀ ਜਾਂਦੀ ਹੈ। ਇਹ ਰਾਸ਼ੀ ਯੋਗ ਲਾਭਪਾਤਰੀਆਂ ਦੇ ਬੈਂਕ ਖਾਤੇ ਵਿੱਚ ਸਿੱਧੇ ਹੀ ਜਮ੍ਹਾਂ ਕਰਵਾਈ ਜਾਂਦੀ ਹੈ।
ਸ੍ਰੀ ਸ਼ਰਮਾ ਨੇ ਅੱਗੇ ਦੱਸਿਆ ਕਿ ਇਸ ਯੋਜਨਾ ਤਹਿਤ ਐੱਸਈਸੀਸੀ-2011 ਲਿਸਟ ਅਨੁਸਾਰ 3486 ਲਾਭਪਾਤਰੀ ਯੋਗ ਚੁਣੇ ਗਏ। ਇਨ੍ਹਾਂ ਯੋਗ ਲਾਭਪਾਤਰੀਆਂ ਦੇ 2016 ਤੋਂ 2018 ਦੌਰਾਨ 1498 ਅਤੇ 2019-20 ਦੌਰਾਨ 1856 ਘਰ ਬਣਾਏ ਗਏ ਕੁਲ 3354 ਘਰ ਬਣਵਾਏ ਗਏ। ਇਸੇ ਤਰ੍ਹਾਂ ਆਵਾਸ ਪਲੱਸ 2018 ਲਿਸਟ ਅਨੁਸਾਰ 2018 ਦੌਰਾਨ 11308 ਲਾਭਪਾਤਰੀਆਂ ਨੇ ਅਪਲਾਈ ਕੀਤਾ ਤੇ 2021-22 ਦੌਰਾਨ 1596 ਘਰਾਂ ਦਾ ਟੀਚਾ ਪ੍ਰਾਪਤ ਹੋਇਆ ਸੀ , ਇਨ੍ਹਾਂ ਲਾਭਪਾਤਰੀਆਂ ਵਿੱਚੋ 854 ਦੇ ਘਰ ਬਣ ਚੁੱਕੇ ਹਨ ਅਤੇ ਬਾਕੀ ਘਰ ਪ੍ਰਗਤੀ ਅਧੀਨ ਹਨ ਅਤੇ ਜਲਦ ਮੁਕੰਮਲ ਹੋ ਜਾਣਗੇ।