Ferozepur News
23 ਮਾਰਚ ਸ਼ਹੀਦੀ ਦਿਹਾੜੇ ਵਾਲੇ ਦਿਨ ਹੁਸੈਨੀਵਾਲਾ ਸ਼ਹੀਦੀ ਸਥਾਨ ਤੇ ਨਤਮਸਤਕ ਹੋਣਗੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ
23 ਮਾਰਚ ਸ਼ਹੀਦੀ ਦਿਹਾੜੇ ਵਾਲੇ ਦਿਨ ਹੁਸੈਨੀਵਾਲਾ ਸ਼ਹੀਦੀ ਸਥਾਨ ਤੇ ਨਤਮਸਤਕ ਹੋਣਗੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ
ਗੌਰਵ ਮਾਣਿਕ
ਫ਼ਿਰੋਜ਼ਪੁਰ, 21 ਮਾਰਚ 2022: ਫਿਰੋਜ਼ਪੁਰ ਹੁਸੈਨੀਵਾਲਾ ਸਥਿਤ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਸਥਾਨ ਤੇ 23 ਮਾਰਚ ਸ਼ਹੀਦੀ ਦਿਹਾੜੇ ਵਾਲੇ ਦਿਨ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਤਮਸਤਕ ਹੋਣਗੇ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ.
ਇਸ ਬਾਬਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੰਗੀ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ. ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪੰਜਾਬ ਸ਼ਹੀਦਾਂ ਨੂੰ ਨਤਮਸਤਕ ਹੋਣਗੇ ਅਤੇ ਉਸ ਤੋਂ ਬਾਅਦ ਇਕ ਪ੍ਰੈਸ ਵਾਰਤਾ ਵੀ ਕੀਤੀ ਜਾਏਗੀ , ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਕਿਸੇ ਪਬਲਿਕ ਰੈਲੀ ਨੂੰ ਯਾ ਫਿਰ ਕਿਸੇ ਇਕੱਠ ਨੂੰ ਮੁੱਖ ਮੰਤਰੀ ਸੰਬੋਧਨ ਨਹੀਂ ਕਰਨਗੇ , ਅਤੇ ਨਾ ਹੀ ਕੋਈ ਐਸਾ ਪ੍ਰੋਗਰਾਮ ਅਜੇ ਤਕ ਉਲੀਕਿਆ ਗਿਆ ਹੈ.
ਮੁੱਖ ਮੰਤਰੀ ਭਗਵੰਤ ਮਾਨ ਸਵੇਰੇ ਕਰੀਬ 11 ਵਜੇ ਸ਼ਹੀਦੀ ਸਥੱਲ ਤੇ ਪਹੁੰਚਣਗੇ ਜਿਸ ਬਾਬਤ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਅਤੇ ਸਬੰਧਤ ਮਹਿਕਮਿਆਂ ਨੂੰ ਵੀ ਹਾਜ਼ਰ ਰਹਿਣ ਦੇ ਆਦੇਸ਼ ਕੀਤੇ ਗਏ ਨੇ ,ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਗਵੰਤ ਸਿੰਘ ਮਾਨ ਸ਼ਹੀਦੀ ਸਥਲ ਤੇ ਲੱਗੇ ਲੇਜ਼ਰ ਲਾਈਟ ਸ਼ੋਅ ਪ੍ਰੋਗਰਾਮ ਦਾ ਵੀ ਉਦਘਾਟਨ ਕਰ ਸਕਦੇ ਨੇ.