11ਵੇਂ ਦਿਨ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਪੱਕਾ ਮੋਰਚਾ 8 ਅਕਤੂਬਰ ਤੱਕ ਜਾਰੀ ਰੱਖਣ ਦਾ ਕੀਤਾ ਐਲਾਨ
6 ਅਕਤੂਬਰ ਨੂੰ ਹਰਿਆਣਾ ਵਿੱਚ 19 ਕਿਸਾਨ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਤੇ ਬਿਜਲੀ ਮੰਤਰੀ ਰਣਜੀਤ ਸਿੰਘ ਚੌਟਾਲਾ ਦੇ ਘਰਾਂ ਦੇ ਘਿਰਾਓ ਕਰਨ ਦੀ ਪੁਰਜ਼ੋਰ ਹਮਾਇਤ
ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਵੱਲੋਂ ਅੱਜ ਰੇਲਵੇ ਟਰੈਕ ਬਸਤੀ ਟੈਂਕਾ ਵਾਲੀ ਉਤੇ ਲੱਗੇ ਪੱਕੇ ਮੋਰਚੇ ਦੇ 11ਵੇਂ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅੰਬਾਨੀ ਤੇ ਅਡਾਨੀ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਪੱਕਾ ਮੋਰਚਾ 8 ਅਕਤੂਬਰ ਤੱਕ ਜਾਰੀ ਰੱਖਣ ਦਾ ਕੀਤਾ ਐਲਾਨ।
ਭਾਜਪਾ ਦੇ ਸੂਬੇ ਦੇ ਆਗੂ ਬਿਨਾਂ ਕਿਸੇ ਠੋਸ ਏਜੰਡੇ ਤੇ ਲਿਖ਼ਤੀ ਸੱਦਾ ਪੱਤਰ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਵਾਉਣ ਦੀ ਗੱਲ ਕਹਿ ਰਹੇ ਹਨ ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਸ ਦੇ ਮੰਤਰੀਆਂ ਵੱਲੋਂ ਅੰਬਾਨੀਆ ਤੇ ਅਡਾਨੀਆ ਦੇ ਦਬਾਅ ਹੇਠ ਉਕਤ ਤਿੰਨੇ ਖੇਤੀ ਆਰਡੀਨੈਸਾਂ ਰਹੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਤੇ ਅੰਦੋਲਨਕਾਰੀ ਕਿਸਾਨਾਂ ਮਜ਼ਦੂਰਾਂ ਨੂੰ ਗੁੰਮਰਾਹ ਹੋਏ ਦੱਸ ਕੇ ਗੱਲਬਾਤ ਦਾ ਮਾਹੌਲ ਵਿਗਾੜਨ ਤੇ ਛੁਪੇ ਏਜੰਡੇ ਉਤੇ ਚੱਲਣ ਦਾ ਭਾਰੀ ਵਿਰੋਧ ਕਰਦਿਆਂ ਅੱਜ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਵੱਲੋਂ ਰੇਲਵੇ ਟਰੈਕ ਬਸਤੀ ਟੈਂਕਾਂ ਵਾਲੀ (ਫਿਰੋਜਪੁਰ) ਉੱਤੇ ਲੱਗੇ ਪੱਕੇ ਮੋਰਚੇ ਦੇ 11ਵੇਂ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅੰਬਾਨੀ ਤੇ ਅਡਾਨੀ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਖੇਤ ਬਚਾਉ, ਦੇਸ਼ ਬਚਾਉ, ਭਾਜਪਾ ਤੇ ਕਾਰਪੋਰੇਟ ਘਰਾਣੇ ਭਜਾਉ ਦਾ ਨਾਅਰਾ ਪੰਜਾਬ ਤੇ ਦੇਸ਼ ਵਾਸੀਆਂ ਨੂੰ ਦਿੱਤਾ।
ਅੰਦੋਲਨਕਾਰੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਮੇਹਰ ਸਿੰਘ ਤਲਵੰਡੀ,ਰਣਬੀਰ ਸਿੰਘ ਠੱਠਾ, ਗੁਰਸਾਹਿਬ ਸਿੰਘ ਪਹੁਵਿੰਡ ਨੇ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਪੱਕਾ ਮੋਰਚਾ 8 ਅਕਤੂਬਰ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਤੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਤੇ ਹੋਰ ਸਾਰੇ ਵਰਗਾਂ ਨੂੰ ਪਰਿਵਾਰਾਂ ਸਮੇਤ ਮੋਰਚਿਆਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਕਿਸਾਨ ਆਗੂਆਂ ਨੇ ਕਾਰਪੋਰੇਟ ਜਗਤ ਦਾ ਏਜੰਟ ਬਣ ਕੇ ਕੰਮ ਕਰਨ ਆਰਥਿਕ ਸੁਧਾਰ ਹੋਰ ਤੇਜ਼ੀ ਨਾਲ ਲਾਗੂ ਕਰਨ ਵਾਲੇ ਬਿਆਨ ਦੇਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਖਤ ਅਲੋਚਨਾ ਕਰਦਿਆਂ 6 ਅਕਤੂਬਰ ਨੂੰ ਹਰਿਆਣਾ ਵਿੱਚ 19 ਕਿਸਾਨ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਤੇ ਬਿਜਲੀ ਮੰਤਰੀ ਰਣਜੀਤ ਸਿੰਘ ਚੌਟਾਲਾ ਦੇ ਘਰਾਂ ਦੇ ਘਿਰਾਓ ਕਰਨ ਦੀ ਪੁਰਜ਼ੋਰ ਹਮਾਇਤ ਕੀਤੀ ਤੇ ਇਸ ਤਰ੍ਹਾਂ 14 ਅਕਤੂਬਰ ਨੂੰ ਦੇਸ਼ ਦੀਆਂ 250 ਜਥੇਬੰਦੀਆਂ ਵੱਲੋਂ M.S.P. ਤੇ 23 ਫ਼ਸਲਾਂ ਦੀ ਸਰਕਾਰੀ ਖਰੀਦ ਸਾਡਾ ਹੱਕ ਦੇ ਨਾਅਰੇ ਹੇਠ ਕੀਤੇ ਜਾ ਰਹੇ ਅੰਦੋਲਨ ਦੀ ਵੀ ਹਮਾਇਤ ਕੀਤੀ।
ਕਿਸਾਨ ਆਗੂਆਂ ਨੇ ਦੇਸ਼ ਦਾ ਰਾਜ ਪ੍ਰਬੰਧ ਪੂਰੀ ਤਰ੍ਹਾਂ ਭਿ੍ਸ਼ਟ ਹੋਣ ਦੀ ਪੁਸ਼ਟੀ ਕਰਦਿਆਂ ਪਾਰਲੀਮੈਂਟ ਦੇ 44% ਸੰਸਦ ਮੈਂਬਰਾਂ ਨੂੰ ਅਪਰਾਧਿਕ ਜੁਰਮਾਂ ਵਿੱਚ ਸ਼ਾਮਲ ਹੋਣ ਤੇ 88% ਸੰਸਦ ਮੈਂਬਰਾਂ ਨੂੰ ਕਰੋੜਪਤੀ ਦੱਸਦਿਆਂ ਜ਼ੋਰਦਾਰ ਮੰਗ ਕੀਤੀ ਕਿ ਉਕਤ ਤਿੰਨੇ ਖੇਤੀ ਆਰਡੀਨੈਂਸ ਤੁਰੰਤ ਰੱਦ ਕੀਤੇ ਜਾਣ, ਕੈਪਟਨ ਸਰਕਾਰ ਵਿਧਾਨ ਸਭਾ ਦਾ ਇਜਲਾਸ ਸੱਦਣ ਦੀ ਤਰੀਕ ਦਾ ਐਲਾਨ ਕਰੇ ਤੇ ਕਾਨੂੰਨ ਬਣਾ ਕੇ ਤਿੰਨੇ ਆਰਡੀਨੈਂਸ ਰੱਦ ਕੀਤੇ ਜਾਣ ਤੇ A.P.M.C. ਐਕਟ ਵਿੱਚ 14-08-2017 ਨੂੰ ਕੀਤੀ ਸੋਧ ਰੱਦ ਕੀਤੀ ਜਾਵੇ, ਪੰਜਾਬ ਦੇ 13 ਲੋਕ ਸਭਾ ਤੇ 7 ਰਾਜ ਸਭਾ ਮੈਂਬਰ ਤੁਰੰਤ ਪਾਰਲੀਮੈਂਟ ਤੋਂ ਅਸਤੀਫੇ ਦੇਣ ਤੇ ਇਸੇ ਤਰ੍ਹਾਂ ਹਰਿਆਣਾ ਦੀ ਭਾਜਪਾ ਸਰਕਾਰ ਤੋਂ ਡਿਪਟੀ ਮੁੱਖ ਮੰਤਰੀ ਦੁਸਯੰਤ ਚੌਟਾਲਾ ਬਾਹਰ ਆਵੇ।
ਇਸ ਮੌਕੇ 31 ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਦਿਆਂ ਗੁਰਭੇਜ ਸਿੰਘ ਧਾਲੀਵਾਲ, ਤਰਸੇਮ ਸਿੰਘ ਚੂਸਲੇਵਾੜ, ਬਲਜਿੰਦਰ ਸਿੰਘ ਤਲਵੰਡੀ, ਅਮਨਦੀਪ ਸਿੰਘ ਕੱਚਰਭੰਨ, ਬਲਰਾਜ ਸਿੰਘ ਫੇਰੋਕੇ,ਖਿਲਾਰਾ ਸਿੰਘ ਪੰਨੂ, ਸੁਖਦੇਵ ਸਿੰਘ ਦੁਬਲੀ, ਰਣਜੀਤ ਸਿੰਘ ਚੀਮਾ, ਦਿਲਬਾਗ ਸਿੰਘ ਮਾੜੀਮੇਘਾ ਨੇ ਵੀ ਸੰਬੋਧਨ ਕੀਤਾ।
ਬਲਜਿੰਦਰ ਤਲਵੰਡੀ