Ferozepur News

ਫ਼ਿਰੋਜ਼ਪੁਰ ਵਿਖੇ ਐਫ.ਸੀ.ਆਰ. ਕੇਸਾਂ ਸਬੰਧੀ ਜਲਦ ਸਥਾਪਿਤ ਹੋਵੇਗਾ ਵਿਸ਼ੇਸ਼ ਬੈਂਚ-ਵਿਧਾਇਕ ਸ: ਪਰਮਿੰਦਰ ਸਿੰਘ ਪਿੰਕੀ

 

ਐਫ.ਸੀ.ਆਰ ਦਾ ਬੈਂਚ ਸਥਾਪਿਤ ਹੋਣ ਨਾਲ ਲੋਕਾਂ ਦੇ ਸਮੇਂ ਤੇ ਪੈਸੇ ਦੀ ਵੀ ਬੱਚਤ ਹੋਵੇਗੀ:-ਜ਼ੀਰਾ

ਫ਼ਿਰੋਜ਼ਪੁਰ ਦੇ ਲੋਕਾਂ ਨੂੰ ਪੀ.ਜੀ.ਆਈ. ਸੈਂਟਰ ਦੀ ਸਥਾਪਤੀ ਲਈ ਜਲਦੀ ਖ਼ੁਸ਼ਖ਼ਬਰੀ ਦਿੱਤੀ ਜਾਵੇਗੀ:-ਪਿੰਕੀ

 

ਫ਼ਿਰੋਜ਼ਪੁਰ 02 ਮਈ 2017 ( ) ਰਾਜ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਗਏ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ ਅਤੇ ਮੇਰੇ ਵੱਲੋਂ ਚੋਣਾਂ ਤੋਂ ਪਹਿਲਾ ਫ਼ਿਰੋਜ਼ਪੁਰ ਦੇ ਵਸਨੀਕਾਂ ਨਾਲ ਜ਼ਿਲ੍ਹਾ ਹੈੱਡ ਕੁਆਟਰ ਤੇ ਐਫ.ਸੀ.ਆਰ (ਵਿੱਤ ਕਮਿਸ਼ਨ ਮਾਲ) ਨਾਲ ਸਬੰਧਿਤ ਮਾਲ ਵਿਭਾਗ ਦੇ ਕੇਸਾਂ ਸਬੰਧੀ ਜ਼ਿਲ੍ਹਾ ਹੈੱਡ ਕੁਆਟਰ ਤੇ ਵਿਸ਼ੇਸ਼ ਬੈਂਚ ਸਥਾਪਿਤ ਕਰਨ ਦਾ ਵਾਅਦਾ ਜਲਦੀ ਪੂਰਾ ਹੋ ਰਿਹਾ ਹੈ। ਜਿਸ ਨਾਲ ਫ਼ਿਰੋਜ਼ਪੁਰ ਦੇ ਵਸਨੀਕਾਂ ਨੂੰ ਮਾਲ ਵਿਭਾਗ ਦੇ ਕੇਸਾਂ ਸਬੰਧੀ ਵੱਡੀ ਰਾਹਤ ਮਿਲੇਗੀ। ਇਹ ਜਾਣਕਾਰੀ ਸ: ਪਰਮਿੰਦਰ ਸਿੰਘ ਪਿੰਕੀ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਨੇ ਦਿੱਤੀ। ਇਸ ਮੌਕੇ ਵਿਧਾਇਕ ਸ: ਕੁਲਬੀਰ ਸਿੰਘ ਜ਼ੀਰਾ ਵੀ ਹਾਜ਼ਰ ਸਨ।

ਇਸ ਸਬੰਧੀ ਆਪਣੇ ਰਿਹਾਇਸ਼ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸ: ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਆਮ ਲੋਕਾਂ, ਕਿਸਾਨਾਂ ਤੇ ਮਜ਼ਦੂਰਾਂ ਆਦਿ ਨੂੰ ਮਾਲ ਵਿਭਾਗ ਦੇ ਕੇਸਾਂ ਸਬੰਧੀ ਐਫ.ਸੀ.ਆਰ ਚੰਡੀਗੜ੍ਹ ਕੋਲ ਜਾਣਾ ਪੈਂਦਾ ਸੀ ਜਿਸ ਨਾਲ ਜਿੱਥੇ ਉਨ੍ਹਾਂ ਦੇ ਸਮੇਂ ਦੀ ਬਰਬਾਦੀ ਹੁੰਦੀ ਸੀ ਉੱਥੇ ਹੀ ਉਨ੍ਹਾਂ ਨੂੰ ਵਿੱਤੀ ਤੌਰ ਤੇ ਵੀ ਕਾਫ਼ੀ ਨੁਕਸਾਨ ਉਠਾਉਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਲੋਕਾਂ ਦੀ ਚਰੋਕਣੀ ਮੰਗ ਨੂੰ ਪੂਰਾ ਕਰਦਿਆਂ ਅਗਲੇ ਕੁੱਝ ਦਿਨਾਂ ਵਿੱਚ ਹੀ ਫ਼ਿਰੋਜ਼ਪੁਰ ਵਿਖੇ ਐਫ.ਸੀ.ਆਰ. ਦਾ ਬੈਂਚ ਸਥਾਪਿਤ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਫ਼ਿਰੋਜ਼ਪੁਰ ਦੇ ਵਕੀਲਾਂ ਦਾ ਕੰਮ ਵਧੇਗਾ ਉੱਥੇ ਹੀ ਲੋਕਾਂ ਨੂੰ ਹੁਣ ਆਪਣੇ ਕੇਸਾਂ ਸਬੰਧੀ ਚੰਡੀਗੜ੍ਹ ਨਹੀਂ ਜਾਣਾ ਪਵੇਗਾ।

ਸ: ਪਰਮਿੰਦਰ ਸਿੰਘ ਪਿੰਕੀ ਅਤੇ ਸ: ਕੁਲਬੀਰ ਸਿੰਘ ਜ਼ੀਰਾ ਵਿਧਾਇਕ ਜ਼ੀਰਾ ਨੇ ਅੱਗੇ ਕਿਹਾ ਕਿ ਇਸ ਬੈਂਚ ਦੇ ਸਥਾਪਿਤ ਹੋਣ ਨਾਲ ਕਿਸਾਨ ਤੇ ਹੋਰ ਲੋਕ ਆਪਣੇ ਚੰਡੀਗੜ੍ਹ ਨਾਲ ਸਬੰਧਿਤ ਮਾਲ ਵਿਭਾਗ ਦਾ ਰਿਕਾਰਡ ਵੀ ਫ਼ਿਰੋਜ਼ਪੁਰ ਤੋਂ ਹੀ ਪ੍ਰਾਪਤ ਕਰ ਸਕਣਗੇ, ਜਿਸ ਲਈ ਪਹਿਲਾ ਉਨ੍ਹਾਂ ਨੂੰ ਕਈ-ਕਈ ਮਹੀਨੇ ਖੱਜਲ ਖ਼ੁਆਰ ਹੋਣਾ ਪੇਂਦਾ ਸੀ। ਉਨ੍ਹਾਂ ਕਿਹਾ ਕਿ ਇਸ ਬੈਂਚ ਦੇ ਸਥਾਪਿਤ ਹੋਣ ਨਾਲ ਜਿੱਥੇ ਮਾਲ ਵਿਭਾਗ ਦੇ ਕੰਮਾਂ ਵਿੱਚ ਹੋਰ ਪਾਰਦਰਸ਼ਤਾ ਆਵੇਗੀ ਉੱਥੇ ਲੋਕਾਂ ਨੂੰ ਵੀ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਇਸ ਵਿਸ਼ੇ ਨੂੰ ਚੋਣ ਮੁੱਦਾ ਬਣਾਇਆ ਸੀ ਤੇ ਜਿਸ ਨੂੰ ਅਮਲੀ ਜਾਮਾ ਪਹਿਨਾ ਕੇ ਲੋਕਾਂ ਨਾਲ ਕੀਤਾ ਗਿਆ ਚੋਣ ਵਾਅਦਾ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇੱਕੋ ਇੱਕ ਏਜੰਡਾ ਫ਼ਿਰੋਜ਼ਪੁਰ ਦਾ ਸਰਵ ਪੱਖੀ ਵਿਕਾਸ ਕਰਨਾ ਹੈ ਤੇ ਇਸ ਕੰਮ ਲਈ ਉਹ ਪੂਰੇ ਜੀਅ-ਜਾਨ ਨਾਲ ਲੱਗੇ ਹੋਏ ਹਨ।

ਸ. ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਫ਼ਿਰੋਜ਼ਪੁਰ ਦੇ ਲੋਕਾਂ ਨੂੰ ਪੀ.ਜੀ.ਆਈ. ਸੈਂਟਰ ਦੀ ਸਥਾਪਤੀ ਲਈ ਜਲਦੀ ਖ਼ੁਸ਼ਖ਼ਬਰੀ ਦਿੱਤੀ ਜਾਵੇਗੀ, ਜਿਸ ਨਾਲ ਫ਼ਿਰੋਜ਼ਪੁਰ ਜ਼ਿਲ੍ਹੇ ਤੋਂ ਇਲਾਵਾ ਆਸ-ਪਾਸ ਜ਼ਿਲ੍ਹਿਆਂ ਦੇ ਲੋਕਾਂ ਨੂੰ ਵੀ ਵੱਡੀਆਂ ਸਿਹਤ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਨੂੰ ਵਧੀਆ ਖੇਡ ਸਹੂਲਤਾਂ ਪ੍ਰਦਾਨ ਕਰਨ ਲਈ ਜਲਦੀ ਹੀ ਧੋਬੀ ਘਾਟ ਨੇੜੇ ਡੀ.ਏ.ਵੀ. ਕਾਲਜ, ਫ਼ਿਰੋਜ਼ਪੁਰ ਛਾਉਣੀ ਕੋਲ ਵੱਡੇ ਬਹੁਮੰਤਵੀ (ਮਲਟੀਪਰਪਜ਼) ਖੇਡ ਸਟੇਡੀਅਮ ਦੀ ਸਥਾਪਨਾ ਕੀਤੀ ਜਾਵੇਗੀ ਅਤੇ ਇਸ ਖੇਡ ਸਟੇਡੀਅਮ ਵਿੱਚ ਇੰਨਡੋਰ, ਸਵਿਮਿੰਗ ਪੂਲ ਤੇ ਹੋਰ ਖੇਡ ਦੇ ਮੈਦਾਨ ਬਣਾਏ ਜਾਣਗੇ। ਜਿਸ ਤੇ 14 ਕਰੋੜ ਰੁਪਏ ਤੋਂ ਵੱਧ ਰਾਸ਼ੀ ਖ਼ਰਚ ਆਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਲੋਕਾਂ ਦੀ ਮੰਗ ਤੇ ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਕੰਨਟੋਨਮੈਂਟ ਬੋਰਡ ਫ਼ਿਰੋਜ਼ਪੁਰ ਛਾਉਣੀ ਦੇ ਹਸਪਤਾਲ ਨੂੰ 100 ਬਿਸਤਰਿਆਂ ਦਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸਰਹੱਦੀ ਜ਼ਿਲ੍ਹਿਆਂ ਦੇ ਨੌਜਵਾਨਾਂ ਨੂੰ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਵੱਡੇ ਉਦਯੋਗ ਲਗਾਏ ਜਾਣਗੇ। 

ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ: ਚਮਕੌਰ ਸਿੰਘ ਢੀਂਡਸਾ, ਸ੍ਰੀ ਬਲਵੀਰ ਸਿੰਘ ਬਾਠ, ਐਡਵੋਕੇਟ ਗੁਲਸ਼ਨ ਮੋਂਗਾ, ਵਿਜੇ ਕਾਲੜਾ, ਹਰਿੰਦਰ ਸਿੰਘ ਢੀਂਡਸਾ, ਦਲਜੀਤ ਸਿੰਘ ਦੁਲਚੀ ਕੇ, ਸੁਖਵਿੰਦਰ ਸਿੰਘ ਅਟਾਰੀ, ਸੁਖਜਿੰਦਰ ਸਿੰਘ ਆਰਫ਼ ਕੇ, ਰਿੰਕੂ ਗਰੋਵਰ, ਗੁਰਭੇਜ ਟਿੱਬੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਵੀ ਹਾਜ਼ਰ ਸਨ।

Related Articles

Back to top button