ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਲਗਾਈ ਗਈ ‘ਕਵਿਤਾ ਵਰਕਸ਼ਾਪ
ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਲਗਾਈ ਗਈ ‘ਕਵਿਤਾ ਵਰਕਸ਼ਾਪ
ਫਿਰੋਜ਼ਪੁਰ, 12 ਮਈ 2023.
ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵੱਲੋਂ ‘ਕਵਿਤਾ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿੱਚ ਰਿਸੋਰਸ ਪਰਸਨ ਵਜੋਂ ਪੰਜਾਬੀ ਕਾਵਿ-ਜਗਤ ਦੇ ਨਾਮਵਰ ਸ਼ਾਇਰ ਪ੍ਰੋ. ਜਸਪਾਲ ਘਈ ਅਤੇ ਪ੍ਰੋ. ਗੁਰਤੇਜ ਕੋਹਾਰਵਾਲਾ ਸ਼ਾਮਲ ਹੋਏ। ਇਹ ਜਾਣਕਾਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਸ. ਜਗਦੀਪ ਸਿੰਘ ਸੰਧੂ ਨੇ ਦਿੱਤੀ।
ਸਮਾਗਮ ਦੌਰਾਨ ਸ੍ਰੀ ਗੁਰਤੇਜ ਕੋਹਾਰਵਾਲਾ ਨੇ ਕਵਿਤਾ ਦੇ ਵਿਸ਼ਾਗਤ ਅਤੇ ਭਾਵਨਾਤਮਿਕ ਪਹਿਲੂਆਂ ’ਤੇ ਗੱਲ ਕਰਦਿਆਂ ਕਿਹਾ ਕਿ ਕਵਿਤਾ ਮਨੁੱਖ ਦੇ ਅਤੀ ਸੂਖਮ ਅਤੇ ਉੱਚ ਜਜ਼ਬਾਤ ਦਾ ਪ੍ਰਗਟਾਵਾ ਹੈ। ਕਵਿਤਾ ਉਹ ਮੁੱਢਲੀ ਸਿਨਫ ਹੈ ਜਿਸ ਨੇ ਮਨੁੱਖ ਨੂੰ ਹੋਮੋਸੇਪਿਅਨ ਜੀਵ ਤੋਂ ਮਨੁੱਖ ਵਿੱਚ ਤਬਦੀਲ ਕੀਤਾ। ਪ੍ਰੋ. ਜਸਪਾਲ ਘਈ ਨੇ ਕਵਿਤਾ ਦੇ ਰੂਪਗਤ ਪਹਿਲੂਆਂ ਉੱਪਰ ਬੜੀ ਵਿਸਥਾਰਿਤ ਅਤੇ ਵਿਧੀਗਤ ਚਰਚਾ ਕੀਤੀ। ਉਨ੍ਹਾਂ ਕਵਿਤਾ ਦੀਆਂ ਵੱਖ-ਵੱਖ ਸਿਨਫਾਂ ਦੀ ਤਕਨੀਕੀ ਜਾਣ-ਪਛਾਣ ਦੱਸਦਿਆਂ ਛੰਦ, ਬਹਿਰ ਅਤੇ ਖੁੱਲ੍ਹੀ ਕਵਿਤਾ ਦੇ ਛੰਦਾਂ ਨਾਲ ਬੜੀ ਬਾਰੀਕੀ ਨਾਲ ਵਿਦਿਆਰਥੀਆਂ ਦੀ ਸਾਂਝ ਪੁਆਈ।
ਇਸ ਮੌਕੇ ’ਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਆਏ ਹੋਏ ਸਾਹਿਤਕਾਰਾਂ ਅਤੇ ਵਿਦਿਆਰਥੀਆਂ ਨੂੰ ‘ਜੀ ਆਇਆਂ’ ਆਖਦਿਆਂ ਕਿਹਾ ਕਿ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਕਵਿਤਾ ਲਿਖਣ ਵਿੱਚ ਰੁਚੀ ਰੱਖਣ ਵਾਲਿਆਂ ਲਈ ਅਗਵਾਈ ਦੇਣਾ ਹੈ ਤਾਂ ਜੋ ਕਵਿਤਾ ਦੀਆਂ ਬਾਰੀਕ ਪਰਤਾਂ ਅਤੇ ਤਕਨੀਕਾਂ ਤੋਂ ਜਾਣੂ ਹੋ ਸਕਣ। ਇਸੇ ਲਈ ਇਸ ਵਰਕਸ਼ਾਪ ਵਿੱਚ ਜਿੱਥੇ ਸਾਹਿਤਕਾਰਾਂ ਦੀ ਸ਼ਮੂਲੀਅਤ ਕਰਵਾਈ ਗਈ ਉੱਥੇ ਵਿਸ਼ੇਸ਼ ਤੌਰ ’ਤੇ ਵਿਦਿਆਰਥੀਆਂ ਨੂੰ ਵੀ ਇਸ ਵਰਕਸ਼ਾਪ ਦਾ ਹਿੱਸਾ ਬਣਾਇਆ ਗਿਆ।
ਮੰਚ ਸੰਚਾਲਣ ਕਰਦਿਆਂ ਕਵੀ ਅਤੇ ਆਲੋਚਕ ਸੁਖਜਿੰਦਰ ਨੇ ਕਵਿਤਾ ਬਾਰੇ ਬਹੁਤ ਹੀ ਮੁੱਲਵਾਨ ਟਿੱਪਣੀਆਂ ਕਰਦਿਆਂ ਕਿਹਾ ਕਿ ਕਵਿਤਾ ‘ਸਵੈ ਦੀ ਤਲਾਸ਼’ ਦੀ ਹੁੰਦੀ ਹੈ। ਸਮਾਗਮ ਦੇ ਅੰਤ ਤੇ ਡਾ. ਰਜਨੀ ਜੱਗਾ ਲੈਕਚਰਾਰ ਪੰਜਾਬੀ ਨੇ ਆਏ ਹੋਏ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਨੇ ਅਜਿਹਾ ਸਾਰਥਕ ਸਮਾਗਮ ਕਰਵਾਕੇ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਦਾ ਮਾਣ ਵਧਾਇਆ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਸਮਾਗਮ ਕਰਵਾਉਣ ਲਈ ਇਹ ਸੰਸਥਾ ਸਹਿਯੋਗ ਦਿੰਦੀ ਰਹੇਗੀ। ਇਸ ਮੌਕੇ ਮੁੱਲਵਾਨ ਪੁਸਤਕਾਂ ਦੀ ਪੁਸਤਕ ਪ੍ਰਦਰਸ਼ਨੀ ਜੂਨੀਅਰ ਸਹਾਇਕ, ਸ. ਨਵਦੀਪ ਸਿੰਘ ਵੱਲੋਂ ਲਗਾਈ ਗਈ, ਜਿਸ ਵਿੱਚ ਵਿਭਾਗ ਵੱਲੋਂ ਨਵ-ਪ੍ਰਕਾਸ਼ਿਤ ਪ੍ਰਕਾਸ਼ਨਾਵਾਂ ਵੀ ਸ਼ਾਮਿਲ ਕੀਤੀਆਂ ਗਈਆਂ। ਇਸ ਵਰਕਸ਼ਾਪ ਵਿੱਚ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ, ਫ਼ਿਰੋਜ਼ਪੁਰ ਸ. ਹਾਈ ਸਕੂਲ, ਵਾਹਗੇ ਵਾਲਾ ਤੋਂ ਇਲਾਵਾ ਹੋਰ ਵੀ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਇਸ ਵਰਕਸ਼ਾਪ ਵਿੱਚ ਸਰਗਰਮੀ ਨਾਲ ਹਿੱਸਾ ਲਿਆ।
ਇਸ ਮੌਕੇ ਪ੍ਰਿੰਸੀਪਲ ਸ਼੍ਰੀਮਤੀ ਸੀਮਾ, ਸਾਹਿਤਕ ਜਗਤ ਤੋਂ ਹਰਮੀਤ ਵਿਦਿਆਰਥੀ, ਡਾ. ਰਾਮੇਸ਼ਵਰ ਸਿੰਘ ਕਟਾਰਾ, ਗੁਰਦਿਆਲ ਸਿੰਘ ਵਿਰਕ, ਮੀਨਾ ਮਹਿਰੋਕ, ਸੁਖਦੇਵ ਸਿੰਘ ਭੱਟੀ, ਨਿਸ਼ਾਨ ਸਿੰਘ ‘ਵਿਰਦੀ’, ਡਾ. ਅਮਰੀਕ ਸਿੰਘ ਸ਼ੇਰ ਖ਼ਾਂ, ਦੀਪ ਜ਼ੀਰਵੀ (ਗਿਆਨ ਚੰਦ), ਅਤੇ ਸਿੱਖਿਆ ਵਿਭਾਗ ਤੋਂ ਆਰਤੀ, ਗੌਰਵ ਮੁੰਜ਼ਾਲ, ਡਾ. ਅਮਰਜੋਤੀ ਮਾਂਗਟ, ਅਨੀਤਾ ਰਾਣੀ, ਕਮਲੇਸ਼ ਕੁਮਾਰੀ, ਕੁਲਦੀਪ ਸਿੰਘ ਅਤੇ ਰਾਜੀਵ ਹਾਂਡਾ ਹਾਜ਼ਰ ਸਨ। ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਖੋਜ਼ ਅਫ਼ਸਰ ਸ. ਦਲਜੀਤ ਸਿੰਘ, ਸੀਨੀਅਰ ਸਹਾਇਕ ਸ਼੍ਰੀ ਰਮਨ ਕੁਮਾਰ, ਰਵੀ, ਦੀਪਕ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਦੇ ਸਟਾਫ਼ ਅਤੇ ਵਿਦਿਆਰਥੀਆਂ ਦਾ ਸਹਿਯੋਗ ਰਿਹਾ।