ਜ਼ਿਲ੍ਹਾ ਫਿਰੋਜ਼ਪੁਰ ਵਿਚ ਮਾਲ ਗੱਡੀਆਂ ਆਉਣ ਨਾਲ 7830 ਟਨ ਯੂਰੀਆ ਖਾਦ ਪਹੁੰਚੀ
ਫਿਰੋਜ਼ਪੁਰ, 26 ਨਵੰਬਰ 2020 ( )
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲਕਦਮੀ ਨਾਲ ਕਿਸਾਨਾਂ ਵੱਲੋਂ ਗੱਡੀਆਂ ਚਲਾਉਣ ਦੀ ਦਿੱਤੀ ਸਹਿਮਤੀ ਤੋਂ ਬਾਅਦ ਮਾਲ ਗੱਡੀਆਂ ਦੀ ਆਵਾਜਾਈ ਜ਼ਿਲੇ ਵਿਚ ਸ਼ੁਰੂ ਹੋ ਚੁੱਕੀ ਹੈ। ਫਿਰੋਜ਼ਪੁਰ ਜ਼ਿਲੇ ਵਿਚ ਖਾਦ ਦੇ ਤਿੰਨ ਰੈਕ ਮਾਲ ਗੱਡੀ ਰਾਹੀਂ ਪਹੁੰਚ ਚੁੱਕੇ ਹਨ। ਜਿਸ ਦੁਆਰਾਂ ਜ਼ਿਲ੍ਹੇ ਅੰਦਰ ਕੁੱਲ 7830 ਟਨ ਯੂਰੀਆ ਪਹੁੰਚ ਚੁੱਕੀ ਹੈ।
ਪਿੱਛਲੇ ਕੁੱਝ ਸਮੇਂ ਤੋਂ ਮਾਲਗੱਡੀਆਂ ਦੇ ਬੰਦ ਹੋਣ ਕਾਰਨ ਯੂਰੀਆ/ਖਾਦ ਦੀ ਸਪਲਾਈ ਰੁੱਕੀ ਹੋਈ ਸੀ ਤੇ ਹੁਣ ਮੁੱੜ ਤੋਂ ਮਾਲ ਗੱਡੀਆਂ ਦੇ ਚੱਲਣ ਨਾਲ ਯੂਰੀਆ ਦੀ ਸਪਲਾਈ ਸ਼ੁਰੂ ਹੋ ਗਈ ਹੈ। ਫਿਰੋਜ਼ਪੁਰ ਵਿਖੇ ਇਫਕੋ ਕੰਪਨੀ ਦੀ 5220 ਮੀਟੀਰਿਕ ਟਨ ਯੂਰੀਆ ਅਤੇ ਤਲਵੰਡੀ ਵਿਖੇ 2610 ਮੀਟੀਰਿਕ ਟਨ ਯੂਰੀਆ ਪਹੁੰਚੀ ਹੈ। ਮਾਲਗੱਡੀਆਂ ਦੇ ਚੱਲਨ ਅਤੇ ਖਾਦ ਪਹੁੰਚਣ ਨਾਲ ਜ਼ਿਲ੍ਹੇ ਦੇ ਕਿਸਾਨਾਂ ਵਿਚ ਖੁਸ਼ੀ ਦਾ ਮਾਹੌਲ ਹੈ ਇਸ ਖਾਦ ਦੀ ਜ਼ਿਲੇ ਦੇ ਕਿਸਾਨਾਂ ਨੂੰ ਬਹੁਤ ਜਰੂਰਤ ਸੀ ਅਤੇ ਖਾਦ ਦੀ ਭਰੀ ਮਾਲ ਗੱਡੀ ਆਉਣ ਨਾਲ ਹੁਣ ਜ਼ਿਲੇ ਵਿਚ ਖਾਦ ਦੀ ਘਾਟ ਨਹੀਂ ਰਹੇਗੀ।
ਮੁੱਖ ਖੇਤੀਬਾੜੀ ਅਫ਼ਸਰ ਸ: ਹਰਦੇਵ ਨੇ ਦੱਸਿਆ ਕਿ ਜਲਦ ਹੀ ਯੂਰੀਆ ਦੇ ਹੋਰ ਰੈਕ ਫਿਰੋਜ਼ਪੁਰ ਵਿਖੇ ਪਹੁੰਚਣਗੇ ਅਤੇ ਕਿਸਾਨਾਂ ਨੂੰ ਯੂਰੀਆ ਦੀ ਘਾਟ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨਾਂ ਨੇ ਦੱਸਿਆ ਕਿ ਇਹ ਖਾਦ ਸਹਿਕਾਰੀ ਸੁਸਾਇਟੀਆਂ ਵਿਚ ਭੇਜੀ ਜਾ ਰਹੀ ਹੈ ਤਾਂ ਜੋ ਇਸਦੀ ਵੰਡ ਜ਼ਿਲੇ ਦੇ ਕਿਸਾਨਾਂ ਨੂੰ ਬਿਨਾਂ ਦੇਰੀ ਹੋ ਸਕੇ। ਉਨ੍ਹਾਂ ਦੱਸਿਆ ਕਿ ਖੇਤੀ ਵਿਭਾਗ ਵੱਲੋਂ ਅਜਿਹੀ ਵਿਊਂਤਬੰਦੀ ਵੀ ਕੀਤੀ ਜਾ ਰਹੀ ਹੈ ਕਿ ਹਰੇਕ ਕਿਸਾਨ ਨੂੰ ਜਰੂਰਤ ਅਨੁਸਾਰ ਖਾਦ ਮਿਲ ਸਕੇ। ਉਨ੍ਹਾਂ ਕਿਹਾ ਕਿ ਹੁਣ ਜਦ ਗੱਡੀਆਂ ਚੱਲ ਪਈਆਂ ਹਨ ਤਾਂ ਕਿਸਾਨਾਂ ਨੂੰ ਖਾਦ ਦੀ ਕੋਈ ਘਾਟ ਨਹੀਂ ਆਵੇਗੀ ਅਤੇ ਕਿਸਾਨ ਕਿਸੇ ਵੀ ਘਬਰਾਹਟ ਵਿਚ ਆ ਕੇ ਖਾਦ ਦੀ ਖਰੀਦਦਾਰੀ ਨਾ ਕਰਨ।