Ferozepur News
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੜਕੀਆਂ, ਔਰਤਾਂ ਨੂੰ ਕਿੱਤਾਮੁੱਖੀ ਰੁਜ਼ਗਾਰ ਦੇਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ
ਮੁੱਖ ਮੰਤਰੀ ਵੱਲੋਂ ਸਰਕਾਰੀ ਆਈ.ਟੀ.ਆਈ. ਵਿਖੇ ਬਣੇ ਕਿੱਤਾ ਸਿਖਲਾਈ ਕੇਂਦਰ ਦਾ ਦੌਰਾ
-ਕੇਂਦਰ ਨੂੰ ਪੰਜਾਬ ਰਾਜ ਕਿੱਤਾ ਸਿਖਲਾਈ ਮਿਸ਼ਨ ਅਧੀਨ ਲਿਆਉਣ ਦਾ ਐਲਾਨ
-ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੜਕੀਆਂ, ਔਰਤਾਂ ਨੂੰ ਕਿੱਤਾਮੁੱਖੀ ਰੁਜ਼ਗਾਰ ਦੇਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ
ਫਿਰੋਜ਼ਪੁਰ, 19 ਅਪ੍ਰੈਲ, (M.L.Tiwari) ; ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਵੱਲੋਂ ਆਪਣੀ ਫਿਰੋਜ਼ਪੁਰ ਫੇਰੀ ਦੌਰਾਨ ਅੱਜ ਇੱਥੇ ਆਈ.ਟੀ.ਆਈ. ਲੜਕੀਆਂ ਵਿਖੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਚਲਾਏ ਜਾ ਰਹੇ ਕਿੱਤਾ ਸਿਖਲਾਈ ਕੇਂਦਰ ਦਾ ਦੌਰਾ ਕੀਤਾ ਗਿਆ ਜਿੱਥੇ ਕਿ ਸਰਹੱਦੀ ਜ਼ਿਲ੍ਹੇ ਦੀਆਂ ਲੜਕੀਆਂ, ਔਰਤਾਂ ਨੂੰ ਐਡਵਾਂਸ ਟੈਕਨੋਲਜੀ ਆਫ਼ ਕਟਿੰਗ ਐਂਡ ਟੇਲਰਿੰਗ ਦੀ ਸਿਖਲਾਈ ਦਿੱਤੀ ਜਾ ਰਹੀ ਹੈ।
ਮੁੱਖ ਮੰਤਰੀ ਵੱਲੋਂ ਇਸ ਸਿਖਲਾਈ ਕੇਂਦਰ ਨੂੰ ਹਰ ਤਰਾਂ ਦੀ ਮਦਦ ਦੇਣ ਅਤੇ ਪੰਜਾਬ ਰਾਜ ਕਿੱਤਾ ਸਿਖਲਾਈ ਮਿਸ਼ਨ ਵਿਚ ਇਸ ਨੂੰ ਸ਼ਾਮਿਲ ਕਰਨ ਦਾ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਿੱਤਾ ਮੁੱਖੀ ਸਿਖਲਾਈ ਅਜੋਕੇ ਸਮੇਂ ਦੀ ਮੁੱਖ ਜਰੂਰਤ ਹੈ ਅਤੇ ਇਸ ਨਾਲ ਹੀ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਸਕਦੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐਸ. ਖਰਬੰਦਾ ਨੇ ਦੱਸਿਆ ਕਿ ਇਸ ਸਿਖਲਾਈ ਕੇਂਦਰ ਵਿਚ 130 ਤੋਂ ਵਧੇਰੇ ਲੜਕੀਆਂ ਅਤੇ ਔਰਤਾਂ ਨੂੰ ਐਡਵਾਂਸ ਟੈਕਨੋਲਜੀ ਆਫ਼ ਕਟਿੰਗ ਐਂਡ ਟੇਲਰਿੰਗ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਇਸ ਕੋਰਸ ਮਗਰੋਂ ਉਨ੍ਹਾਂ ਨੂੰ ਆਪਣਾ ਰੁਜ਼ਗਾਰ ਸ਼ੁਰੂ ਕਰਨ ਲਈ ਬੈਂਕਾਂ ਤੋਂ ਆਸਾਨ ਕਿਸ਼ਤਾਂ ਤੇ ਕਰਜ਼ੇ ਦਿਵਾਏ ਜਾਣਗੇ ਅਤੇ ਵੱਖ ਵੱਖ ਕੰਪਨੀਆਂ ਤੋਂ ਉਨ੍ਹਾਂ ਨੂੰ ਕੱਚਾ ਮਾਲ ਦੇ ਕੇ ਸਮਾਨ ਤਿਆਰ ਕਰਵਾਇਆ ਜਾਵੇਗਾ।
ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਮੁੱਖ ਮੰਤਰੀ ਵੱਲੋਂ ਇਸ ਸਿਖਲਾਈ ਕੇਂਦਰ ਨੂੰ ਪੰਜਾਬ ਰਾਜ ਕਿੱਤਾ ਸਿਖਲਾਈ ਮਿਸ਼ਨ ਅਧੀਨ ਲਿਆਉਣ ਦੇ ਫੈਸਲੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਸ: ਜਨਮੇਜਾ ਸਿੰਘ ਸੇਖੋਂ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਹਰਚਰਨ ਬੈਂਸ, ਲੋਕ ਸਭਾ ਮੈਂਬਰ ਸ: ਸ਼ੇਰ ਸਿੰਘ ਘੁਬਾਇਆ, ਕਮਿਸ਼ਨਰ ਸ੍ਰੀ ਵੀ.ਕੇ. ਮੀਨਾ ਆਦਿ ਵੀ ਹਾਜਰ ਸਨ।