ਜ਼ਿਲੇ ਵਿੱਚ ਤੀਜੇ ਪੜਾਅ ਦੀ ਕੋਵਿਡ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ-ਸਿਵਲ ਸਰਜਨ
18 ਤੋਂ 44 ਸਾਲ ਤੱਕ ਦੇ ਉਸਾਰੀ ਕਾਮਿਆਂ ਦਾ ਹੋਵੇਗਾ ਟੀਕਾਕਰਨ
ਜ਼ਿਲੇ ਵਿੱਚ ਤੀਜੇ ਪੜਾਅ ਦੀ ਕੋਵਿਡ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ-ਸਿਵਲ ਸਰਜਨ
18 ਤੋਂ 44 ਸਾਲ ਤੱਕ ਦੇ ਉਸਾਰੀ ਕਾਮਿਆਂ ਦਾ ਹੋਵੇਗਾ ਟੀਕਾਕਰਨ।
ਫਿਰੋਜ਼ਪੁਰ, 10.5.2021: ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ 16 ਜਨਵਰੀ ਤੋਂ ਸ਼ੁਰੂ ਕੀਤੀ ਗਈ ਕੋਵਿਡ ਵੈਕਸੀਨੇਸ਼ਨ ਮੁਹਿੰਮ ਜ਼ਿਲੇ ਵਿੱਚ ਲਗਾਤਾਰ ਜਾਰੀ ਹੈ।ਇਸ ਟੀਕਾਕਰਨ ਡਰਾਈਵ ਵਿੱਚ ਸਿਹਤ ਵਰਕਰਜ਼,ਫਰੰਟਲਾਈਨ ਵਰਕਰਜ਼ ਅਤੇ 45 ਸਾਲ ਤੋਂ ਵੱਧ ਉਮਰ ਵਾਲੇ ਨਾਗਰਿਕਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸੇ ਲੜੀ ਵਿੱਚ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਮਿਤੀ 10/05/2021 ਤੋਂ ਤੀਜੇ ਪੜਾਅ ਦੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਵਿੱਚ 18 ਤੋਂ 44 ਸਾਲ ਦੇ ਉਸਾਰੀ ਕਿਰਤੀਆਂ ਦਾ ਟੀਕਾਕਰਨ ਕੀਤਾ ਜਾਵੇਗਾ।
ਇਹ ਖੁਲਾਸਾ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ:ਰਾਜਿੰਦਰ ਰਾਜ ਨੇ ਜ਼ਿਲੇ ਦੇ ਉੱਚ ਸਿਹਤ ਅਧਿਕਾਰੀਆਂ ਦੇ ਨਾਲ ਇੱਕ ਵਰਚੂਅਲ ਮੀਟਿੰਗ ਦੌਰਾਨ ਕੀਤਾ।ਉਹਨਾਂ ਮੁਹਿੰਮ ਦੇ ਇਸ ਪੜਾਅ ਬਾਰੇ ਵਿਸਤਿ੍ਰਤ ਜਾਣਕਾਰੀ ਦਿੰਦਆਂ ਕਿਹਾ ਕਿ ਸਰਕਾਰ ਵੱਲੋਂ 18 ਤੋਂ 44ਸਾਲ ਉਮਰ ਵਰਗ ਲਈ ਟੀਕਾਕਰਨ ਯੋਜਨਾਬੱਧ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ ਜਿਸ ਵਿੱਚ ਉੱਚ ਜੋਖਿਮ ਅਤੇ ਸੰਵੇਦਨਸ਼ੀਲ ਲੋਕਾਂ ਨੂੰ ਪਹਿਲ ਦਿੱਤੀ ਜਾਵੇਗੀ।ਉਹਨਾਂ ਅੱਗੇ ਦੱਸਿਆ ਕਿ ਇਸ ਪੜਾਅ ਵਿੱਚ 18 ਤੋਂ 44 ਸਾਲ ਦੇ ਉਸਾਰੀ ਕਾਮਿਆਂ ਦੇ ਟੀਕਾਕਰਨ ਲਈ ਜ਼ਿਲੇ ਵਿੱਚ ਤਿੰਨ ਸਿਹਤ ਕੇਂਦਰ ਸੀ.ਐਚ.ਸੀ.ਗੁਰੂਹਰਸਹਾਏ,ਮਖੂ ਅਤੇ ਫਿਰੋਜ਼ਸ਼ਾਹ ਨਿਰਧਾਰਤ ਕੀਤੇ ਗਏ ਹਨ ਅਤੇ ਇਹਨਾਂ ਕੇਦਰਾਂ ਵਿਖੇ ਕਿਰਤ ਵਿਭਾਗ ਪਾਸ ਦਰਜ ਕਾਮਿਆਂ ਦਾ ਟੀਕਾਕਰਨ ਕੀਤਾ ਜਾਵੇਗਾ।
ਜ਼ਿਲਾ ਨਿਵਾਸੀਆਂ ਦੇ ਨਾਮ ਇੱਕ ਸੰਦੇਸ਼ ਵਿੱਚ ਸਿਵਲ ਸਰਜਨ ਡਾ:ਰਾਜਿੰਦਰ ਰਾਜ ਨੇ ਕਿਹਾ ਕਿ 45 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਜਿਹਨਾਂ ਨੇ ਕੋਵਿਡ ਵੈਕਸੀਨੇਸ਼ਨ ਦੀ ਪਹਿਲੀ ਡੋਜ਼ ਲਗਵਾਉਣੀ ਹੈ,ਉਹਨਾਂ ਵੱਲੋਂ ਇਸ ਮੰਤਵ ਲਈ ਅਗਾਉਂ ਆਨਲਾਈਨ ਰਜਿਸਟਰੇਸ਼ਨ ਕਰਵਾਉਣ ਉਪਰੰਤ ਹੀ ਟੀਕਾਕਰਨ ਕੇਂਦਰ ਵਿਖੇ ਆਇਆ ਜਾਵੇ।ਸਿਹਤ ਵਿਭਾਗ ਵੱਲੋਂ ਹੁਣ ਕੇਵਲ ਪ੍ਰੀਰਜਿਸਟਰਡ ਲਾਭਪਾਤਰੀਆਂ ਦਾ ਹੀ ਟੀਕਾਕਰਨ ਕੀਤਾ ਜਾਵੇਗਾ।ਉਹਨਾਂ ਜ਼ਿਲਾ ਵਾਸੀਆਂ ਨੂੰ ਇਸ ਮਾਮਲੇ ਵਿੱਚ ਸਹਿਯੋਗ ਦੀ ਅਪੀਲ ਕੀਤੀ ਹੈ ਤਾਂ ਕਿ ਟੀਕਾਕਰਨ ਕੇਂਦਰਾਂ ਵਿਖੇ ਕੋਵਿਡ ਪ੍ਰੋਟੋਕਾਲ ਦਾ ਪਾਲਣਾ ਯਕੀਨੀ ਬਣਾਈ ਜਾ ਸਕੇ ਅਤੇ ਸਮਾਜਿਕ ਦੂਰੀ ਕਾਇਮ ਰੱਖੀ ਜਾ ਸਕੇ।
ਸਿਵਲ ਸਰਜਨ ਨੇ ਆਮ ਜਨਤਾ ਨੂੰ ਇਹ ਅਪੀਲ ਵੀ ਕੀਤੀ ਹੈ ਕਿ ਜ਼ਿਲੇ ਅੰਦਰ ਕਰੋਨਾਂ ਨੂੰ ਕਾਬੂ ਹੇਠ ਰੱਖਣ ਲਈ ਸਾਰੇ ਯੋਗ ਵਿਅਕਤੀਆਂ ਦੁਆਰਾ ਟੀਕਾਕਰਨ ਲਈ ਅੱਗੇ ਆਇਆ ਜਾਵੇ,ਸਮਾਜਿਕ ਦੂਰ ਕਇਮ ਰੱਖੀ ਜਾਵੇ,ਸਹੀ ਤਰੀਕੇ ਨਾਲ ਮਾਸਕ ਪਾਇਆ ਜਾਵੇ ਅਤੇ ਹੱਥਾਂ ਨੂੰ ਸਮੇ ਸਮੇ ਤੇ ਸਾਬਣ ਪਾਣੀ ਨਾਲ ਸਾਫ ਰੱਖਿਆ ਜਾਵੇ।