ਜ਼ਰੂਰਤ ਤੋਂ ਜ਼ਿਆਦਾ ਯੂਰੀਆ ਦੀ ਵਰਤੋਂ ਕਰਨ ‘ਤੇ ਹੋਵੇਗੀ ਸਖਤ ਕਾਰਵਾਈ – ਰਾਜਦੀਪ ਕੌਰ
ਵਧੀਕ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਯੂਰੀਆ ਖਾਦ ਦੀ ਗੈਰ ਜ਼ਿੰਮੇਵਾਰਾਨਾ ਵਰਤੋਂ ਵਿਰੁੱਧ ਆਗਾਹ ਕੀਤਾ
ਫਿਰੋਜ਼ਪੁਰ 20ਅਗਸਤ
ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਕੌਰ ਨੇ ਕਿਸਾਨਾਂ ਨੂੰ ਯੂਰੀਆ ਦੀ ਜ਼ਿਆਦਾ ਵਰਤੋਂ ਖ਼ਿਲਾਫ਼ ਆਗਾਹ ਕਰਦੇ ਹੋਏ ਸਖਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਉਸਨੇ ਕਿਹਾ ਹੈ ਕਿ ਸਰਕਾਰ ਦੁਆਰਾ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਸਾਡੇ ਵਾਤਾਵਰਣ ਅਤੇ ਸਿਹਤ ਨੂੰ ਬਣਾਈ ਰੱਖਣ ਲਈ ਯੂਰੀਆ ਦੀ ਘੱਟੋ ਘੱਟ ਵਰਤੋਂ ਜ਼ਰੂਰੀ ਹੈ, ਕਿਉਂਕਿ ਯੂਰੀਆ ਹੋਰ ਰਸਾਇਣਕ ਉਤਪਾਦਾਂ ਦੀ ਤਰ੍ਹਾਂ ਹੈ, ਜਿਸ ਦੀ ਜ਼ਿਆਦਾ ਵਰਤੋਂ ਸਾਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਵਿਸਥਾਰਤ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਯੂਰੀਆ ਦੀ ਵਰਤੋਂ ਲਈ ਇੱਕ ਸੀਮਾ ਨਿਰਧਾਰਤ ਕੀਤੀ ਹੈ। ਪ੍ਰਤੀ ਏਕੜ ਵਿਚ ਸਿਰਫ 110 ਕਿਲੋ ਯੂਰੀਆ ਹੀ ਵਰਤਿਆ ਜਾ ਸਕਦਾ ਹੈ ਅਤੇ ਵਧੇਰੇ ਵਰਤੋਂ ਦੀ ਮਨਾਹੀ ਹੈ. ਜ਼ਿਆਦਾ ਵਰਤੋਂ ਕਰਨ ਤੇ ਕਾਰਵਾਈ ਕੀਤੀ ਜਾ ਸਕਦੀ ਹੈ।
ਏਡੀਸੀ ਨੇ ਕਿਹਾ ਕਿ ਕੁਝ ਮਾਮਲਿਆਂ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਬਹੁਤ ਸਾਰੇ ਕਿਸਾਨ ਆਪਣੇ ਸਾਥੀ ਕਿਸਾਨਾਂ ਜਾਂ ਸਹਿਕਾਰੀ ਸਭਾਵਾਂ ਲਈ ਵੱਡੀ ਗਿਣਤੀ ਵਿੱਚ ਯੂਰੀਆ ਖਰੀਦ ਰਹੇ ਹਨ, ਜੋ ਕਿ ਗੈਰ ਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਕਿਸਾਨ ਆਪਣੀ ਫਸਲ ਲਈ ਹੀ ਯੂਰੀਆ ਖਰੀਦ ਸਕਦਾ ਹੈ, ਇਸ ਲਈ ਜੇਕਰ ਕੋਈ ਕਿਸਾਨ ਵੱਡੀ ਮਾਤਰਾ ਵਿੱਚ ਯੂਰੀਆ ਖਰੀਦਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਏਡੀਸੀ ਨੇ ਕਿਹਾ ਕਿ ਬਹੁਤ ਸਾਰੇ ਕਿਸਾਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਯੂਰੀਆ ਖਰੀਦ ਬਿੱਲ ਵਿਚ ਕੋਈ ਗੜਬੜੀ ਪਾਈ ਗਈ ਹੈ ਕਿਉਂਕਿ ਜਿੰਨੀ ਤਾਦਾਦ ਵਿੱਚ ਉਨ੍ਹਾਂ ਯੂਰੀਆ ਖਰੀਦੀ ਸੀ ਉਸ ਤੋਂ ਜ਼ਿਆਦਾ ਮਾਤਰਾ ਉਨ੍ਹਾਂ ਦੇ ਬਿੱਲ ਵਿੱਚ ਜੋੜ ਦਿੱਤੀ ਗਈ। ਸਥਿਤੀ ਬਾਰੇ ਦੱਸਦੇ ਹੋਏ ਏ ਡੀ ਸੀ ਨੇ ਕਿਹਾ ਕਿ ਬਹੁਤ ਸਾਰੇ ਡੀਲਰ ਆਪਣੀ ਅਣਅਧਿਕਾਰਤ ਸੇਲ ਨੂੰ ਏਡਜਸਟ ਕਰਨ ਲਈ ਕਿਸਾਨਾਂ ਦੇ ਬਿੱਲ ਵਿਚ ਵਧੇਰੇ ਮਾਤਰਾ ਜੋੜ ਦਿੰਦੇ ਹਨ ਕਿਉਂਕਿ ਕਿਸਾਨ ਆਪਣੇ ਬਿੱਲਾਂ ਦੀ ਜਾਂਚ ਨਹੀਂ ਕਰਦੇ। ਇਸ ਲਈ ਉਨ੍ਹਾਂ ਨੇ ਕਿਸਾਨਾਂ ਨੂੰ ਉਨ੍ਹਾਂ ਦੇ ਖਰੀਦ ਬਿੱਲ ਦੀ ਜਾਂਚ ਕਰਨ ਲਈ ਕਿਹਾ, ਨਾਲ ਹੀ ਆਹਵਾਨ ਕੀਤਾ ਕਿ ਜੇਕਰ ਕੋਈ ਖਰਾਬੀ ਜਾਂ ਕਮੀ ਹੈ ਤਾਂ ਤੁਰੰਤ ਸਬੰਧਤ ਵਿਭਾਗ ਨੂੰ ਇਸ ਬਾਰੇ ਸੂਚਿਤ ਕਰਨ।