ਜ਼ਮੀਨ ਦੀ ਸਹੀ ਗਿਰਦਾਵਰੀ ਕਰਾਉਣ ਦੇ ਨਾਂਅ ਤੇ ਠੱਗੇ 50 ਹਜ਼ਾਰ ਰੁਪਏ
ਫਿਰੋਜ਼ਪੁਰ 2 ਮਈ (ਏ. ਸੀ. ਚਾਵਲਾ) ਫਿਰੋਜ਼ਪੁਰ ਦੇ ਪਿੰਡ ਨਿਹਾਲਾ ਕਿਲਚਾ ਵਿਖੇ ਜ਼ਮੀਨ ਦੀ ਗਿਰਦਾਵਰੀ ਸਹੀ ਕਰਵਾਉਣ ਨੂੰ ਲੈ ਕੇ ਇਕ ਵਿਅਕਤੀ ਵਲੋਂ 50 ਹਜ਼ਾਰ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗੀ ਮਾਰਨ ਵਾਲੇ ਵਿਅਕਤੀ ਦੀ ਪਛਾਣ ਹਰਭਜਨ ਸਿੰਘ ਪੁੱਤਰ ਮਹਿਤਾਬ ਸਿੰਘ ਵਾਸੀ ਪਿੰਡ ਖੁੰਦੜ ਗੱਟੀ ਵਜੋਂ ਕੀਤੀ ਗਈ ਹੈ। ਜ਼ਮੀਨ ਦੀ ਗਿਰਦਾਵਰੀ ਨੂੰ ਸਹੀ ਕਰਵਾਉਣ ਲਈ ਠੱਗੀ ਮਾਰਨ ਵਾਲੇ ਵਿਅਕਤੀ ਖਿਲਾਫ ਥਾਣਾ ਮਮਦੋਟ ਦੀ ਪੁਲਸ ਨੇ 420 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਨਿਹਾਲਾ ਕਿਲਚਾ ਦੇ ਰਹਿਣ ਵਾਲੇ ਕੱਕਾ ਸਿੰਘ ਪੁੱਤਰ ਕਰਤਾਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਜ਼ਮੀਨ ਦੀ ਗਿਰਦਾਵਰੀ ਸਹੀ ਕਰਵਾਉਣੀ ਸੀ। ਉਸ ਨੇ ਦੱਸਿਆ ਕਿ ਇਸ ਦੌਰਾਨ ਉਸ ਦਾ ਸੰਪਰਕ ਪਿੰਡ ਖੁੰਦੜ ਗੱਟੀ ਦੇ ਰਹਿਣ ਵਾਲੇ ਹਰਭਜਨ ਸਿੰਘ ਨਾਲ ਹੋਇਆ ਅਤੇ ਉਹ ਕਹਿਣ ਲੱਗਾ ਕਿ ਉਸ ਦਾ ਦਫਤਰਾਂ ਬਹੁਤ ਪਛਾਣ ਹੈ ਅਤੇ ਉਹ ਉਸ ਦਾ ਕੰਮ ਕਰਵਾ ਦੇਵੇਗਾ। ਕੱਕਾ ਸਿੰਘ ਨੇ ਦੱਸਿਆ ਕਿ ਉਹ ਹਰਭਜਨ ਦੇ ਝਾਂਸੇ ਵਿਚ ਆ ਗਿਆ ਅਤੇ ਉਸ ਨੇ ਆਪਣੀ ਜ਼ਮੀਨ ਦੀ ਸਹੀ ਗਿਰਦਾਵਰੀ ਕਰਵਾਉਣ ਲਈ ਹਰਭਜਨ ਸਿੰਘ ਨੂੰ 50 ਹਜ਼ਾਰ ਰੁਪਏ ਦਿੱਤੇ। ਕੱਕਾ ਸਿੰਘ ਨੇ ਦੱਸਿਆ ਕਿ ਹਰਭਜਨ ਸਿੰਘ ਨੇ ਨਾ ਤਾਂ ਅਜੇ ਤੱਕ ਉਸ ਦੀ ਜ਼ਮੀਨ ਦੀ ਸਹੀ ਗਿਰਦਾਵਰੀ ਕਰਕੇ ਦਿੱਤੀ ਹੈ ਅਤੇ ਨਾ ਹੀ ਲਏ ਹੋਏ 50 ਹਜ਼ਾਰ ਰੁਪਏ ਵਾਪਸ ਕੀਤੇ ਹਨ। ਕੱਕਾ ਸਿੰਘ ਨੇ ਦੱਸਿਆ ਕਿ ਇਸ ਤਰ•ਾਂ ਹਰਭਜਨ ਸਿੰਘ ਨੇ ਉਸ ਨਾਲ ਠੱਗੀ ਮਾਰੀ ਹੈ। ਕੱਕਾ ਸਿੰਘ ਨੇ ਦੱਸਿਆ ਕਿ ਉਸ ਵਲੋਂ ਇਸ ਮਾਮਲੇ ਬਾਰੇ ਥਾਣਾ ਮਮਦੋਟ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਪਵਨ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਕੱਕਾ ਸਿੰਘ ਦੇ ਬਿਆਨਾਂ ਤੇ ਹਰਭਜਨ ਸਿੰਘ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਲਿਆ ਗਿਆ ਹੈ।