ਖ਼ੂਨਦਾਨ ਉੱਤਮ ਦਾਨ ਹੈ ਤੇ ਸਾਨੂੰ ਸਾਰਿਆਂ ਨੂੰ ਖ਼ੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ-ਸਿਵਲ ਸਰਜਨ
ਕਿਹਾ, ਤੰਦਰੁਸਤ ਵਿਅਕਤੀ ਹਰ ਤਿੰਨ ਮਹੀਨੇ ਬਾਅਦ ਕਰ ਸਕਦਾ ਹੈ ਖ਼ੂਨਦਾਨ
ਫ਼ਿਰੋਜ਼ਪੁਰ 13 ਜੂਨ 2020
ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ੍ਰ: ਕੁਲਵੰਤ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਫ਼ਿਰੋਜ਼ਪੁਰ ਵੱਲੋਂ ਸਮੂਹ ਸਿਹਤ ਪ੍ਰੋਗਰਾਮਾਂ ਨੂੰ ਪੂਰੀ ਤਨਦੇਹੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਸਿਵਲ ਸਰਜਨ ਡਾ:ਨਵਦੀਪ ਸਿੰਘ ਨੇ ਵਿਸ਼ਵ ਖ਼ੂਨਦਾਨ ਦਿਵਸ ਬਾਰੇ ਬੋਲਦਿਆਂ ਕਿਹਾ ਕਿ ਏ.ਬੀ.ਓ.ਬਲੱਡ ਗਰੁੱਪ ਦੇ ਰਚੇਤਾ ਕਾਰਲ ਲੈਂਡਸਟਿਨਰ ਦੇ ਜਨਮ ਦਿਵਸ ਨੂੰ ਸਮਰਪਿਤ ਹਰ ਸਾਲ 14 ਜੂਨ ਨੂੰ ਵਿਸ਼ਵ ਖ਼ੂਨਦਾਨ ਦਿਵਸ ਮਨਾਇਆ ਜਾਂਦਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਖ਼ੂਨਦਾਨ ਦਿਵਸ ਦਾ ਇਸ ਵਾਰ ਦਾ ਥੀਮ ਹੈ ਸੁਰੱਖਿਅਤ ਖ਼ੂਨ ਜ਼ਿੰਦਗੀਆਂ ਬਚਾਉਂਦਾ ਹੈ, ਖ਼ੂਨਦਾਨ ਕਰਕੇ ਵਿਸ਼ਵ ਨੂੰ ਸਿਹਤਮੰਦ ਬਣਾਓ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਖ਼ੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਖ਼ੂਨਦਾਨ ਇੱਕ ਮਹਾਨ ਦਾਨ ਹੈ ਅਤੇ ਖ਼ੂਨਦਾਨ ਕਰਨ ਨਾਲ ਬਹੁਤ ਸਾਰੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਖ਼ੂਨਦਾਨ ਕਰਨ ਨਾਲ ਸਰੀਰ ਵਿੱਚ ਕੋਈ ਕਮਜ਼ੋਰੀ ਨਹੀਂ ਆਉਂਦੀ ਤੇ ਇੱਕ ਤੰਦਰੁਸਤ ਵਿਅਕਤੀ ਹਰ ਤਿੰਨ ਮਹੀਨੇ ਬਾਅਦ ਖ਼ੂਨਦਾਨ ਕਰ ਸਕਦਾ ਹੈ, ਇਸ ਲਈ ਸਾਨੂੰ ਕਦੇ ਵੀ ਖ਼ੂਨਦਾਨ ਕਰਨ ਦਾ ਮੌਕਾ ਮਿਲਣ ਤੇ ਪਿੱਛੇ ਨਹੀਂ ਹਟਣਾ ਚਾਹੀਦਾ।
ਉਨ੍ਹਾਂ ਦੱਸਿਆ ਕਿ ਬੇਸ਼ੱਕ ਪੰਜਾਬ ਵਿੱਚ ਸਾਲ 2019-20 ਦੌਰਾਨ ਸਵੈ-ਇੱਛਤ ਖ਼ੂਨਦਾਨ ਦਾ 98 ਪ੍ਰਤੀਸ਼ਤ ਟੀਚਾ ਹਾਸਿਲ ਕੀਤਾ ਗਿਆ ਹੈ ਅਤੇ ਇਸ ਸਾਲ ਵਿਭਾਗ ਵੱਲੋਂ 100 ਪ੍ਰਤੀਸ਼ਤ ਖ਼ੂਨਦਾਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ 18 ਤੋਂ 60 ਸਾਲ ਤੱਕ ਦੀ ਉਮਰ ਦਾ ਤੰਦਰੁਸਤ ਵਿਅਕਤੀ ਖ਼ੂਨਦਾਨ ਕਰ ਸਕਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਵੈ-ਇੱਛਿਤ ਖ਼ੂਨਦਾਨ ਲਈ ਅੱਗੇ ਆਇਆ ਜਾਵੇ ਤਾਂ ਕਿ ਲੋਕਾਂ ਦੀਆਂ ਕੀਮਤੀ ਜ਼ਿੰਦਗੀਆਂ ਬਚਾਈਆਂ ਜਾ ਸਕਣ।