ਹੜ੍ਹਾਂ ‘ਚ ਫਸੇ ਬੱਚਿਆਂ, ਬਜ਼ੁਰਗਾਂ, ਮਹਿਲਾਵਾਂ ਨੂੰ ਸੁਰੱਖਿਅਤ ਕੱਢਣ ਲਈ ਫੌਜ, ਬੀ.ਐਸ.ਐਫ. ਤੇ ਐਨ.ਡੀ.ਆਰ.ਐਫ. ਦਾ ਵੱਡਮੁੱਲਾ ਯੋਗਦਾਨ
ਹੜ੍ਹਾਂ ‘ਚ ਫਸੇ ਬੱਚਿਆਂ, ਬਜ਼ੁਰਗਾਂ, ਮਹਿਲਾਵਾਂ ਨੂੰ ਸੁਰੱਖਿਅਤ ਕੱਢਣ ਲਈ ਫੌਜ, ਬੀ.ਐਸ.ਐਫ. ਤੇ ਐਨ.ਡੀ.ਆਰ.ਐਫ. ਦਾ ਵੱਡਮੁੱਲਾ ਯੋਗਦਾਨ
ਫ਼ਿਰੋਜ਼ਪੁਰ, 22 ਅਗਸਤ 2023:
ਫਿਰੋਜ਼ਪੁਰ ਵਿਖੇ ਸਤਲੁਜ ਦਰਿਆ ਦੇ ਨਜ਼ਦੀਕ ਲੱਗਦੇ ਹੜ੍ਹ ਪ੍ਰਭਾਵਿਤ ਪਿੰਡਾਂ ਤੋਂ ਫੌਜ, ਬੀ.ਐਸ.ਐਫ. ਤੇ ਐਨ.ਡੀ.ਆਰ.ਐਫ. ਦੇ ਜਵਾਨ ਹੜ੍ਹਾਂ ‘ਚ ਫਸੇ ਕਈ ਪਰਿਵਾਰਾਂ ਅਤੇ ਛੋਟੇ-ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਲਈ ਫਰਿਸ਼ਤਾ ਬਣ ਕੇ ਪੁੱਜ ਰਹੇ ਹਨ ਅਤੇ ਉਨ੍ਹਾਂ ਨੂੰ ਬੜੇ ਪਿਆਰ ਨਾਲ ਸੁਰੱਖਿਅਤ ਬਾਹਰ ਲਿਆਂਦਾ ਅਤੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ।
ਇਨ੍ਹਾਂ ਲੋਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ, ਫੌਜ, ਬੀ.ਅਸ.ਐਫ., ਐਨ.ਡੀ.ਆਰ.ਐਫ. ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਆਪਣੀਆਂ ਜਾਨਾਂ ਜੋਖਮ ਵਿੱਚ ਪਾ ਕੇ ਤੇਜ਼ ਵਹਾਅ ਵਾਲੇ ਪਾਣੀ ਵਿੱਚੋਂ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਅਜਿਹੇ ਹੀ ਇਕ ਪਰਿਵਾਰ ਦੇ ਮੁਖੀ ਪਿੱਪਲ ਸਿੰਘ ਵਾਸੀ ਪਿੰਡ ਜਲੋ ਕੇ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਪਰਿਵਾਰ ਜਿਸ ਵਿੱਚ ਦੋ ਛੋਟੇ-ਛੋਟੇ ਬੱਚੇ ਨਵਨੀਤ ਕੌਰ (4 ਸਾਲ) ਅਤੇ ਰਣਵੀਰ ਸਿੰਘ (4 ਮਹੀਨੇ) ਸਮੇਤ ਹੜ੍ਹ ਦੇ ਪਾਣੀ ਵਿੱਚ ਫੱਸ ਗਏ ਸਨ ਅਤੇ ਉਨ੍ਹਾਂ ਨੂੰ ਬੀ.ਐਸ.ਐਫ. ਅਤੇ ਐਨ.ਡੀ.ਆਰ.ਐਫ. ਵੱਲੋਂ ਮੌਕੇ ‘ਤੇ ਪਹੁੰਚ ਕੇ ਬੜੀ ਹੀ ਸੁਰੱਖਿਆ ਅਤੇ ਜ਼ਿੰਮੇਵਾਰੀ ਨਾਲ ਪਾਣੀ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਪਿੱਪਲ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਔਖੇ ਸਮੇਂ ਵਿੱਚ ਭਾਰਤੀ ਫੌਜ, ਬੀ.ਐਸ.ਐਫ. ਤੇ ਐਨ.ਡੀ.ਆਰ.ਐਫ. ਕਿਸੇ ਫਰਿਸ਼ਤੇ ਤੋਂ ਘੱਟ ਨਹੀਂ। ਅਜਿਹੇ ਕਿੰਨੇ ਹੀ ਬੱਚੇ, ਗਰਭਵਤੀ ਔਰਤਾਂ ਅਤੇ ਬਜ਼ੁਰਗਾਂ ਨੂੰ ਭਾਰਤੀ ਸੈਨਾ, ਬੀ.ਐਸ.ਐਫ ਤੇ ਐਨ.ਡੀ.ਆਰ.ਐਫ. ਦੇ ਜਵਾਨਾਂ ਵੱਲੋਂ ਬੜੇ ਹੀ ਸਤਿਕਾਰ ਤੇ ਧਿਆਨ ਨਾਲ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਜਿਹੜੇ 2-3 ਦਿਨਾਂ ਤੋਂ ਆਪਣੇ ਘਰਾਂ ਦੀਆਂ ਛੱਤਾਂ ਜਾਂ ਕਿਸੇ ਨਜ਼ਦੀਕੀ ਉੱਚੇ ਸਥਾਨਾਂ ਤੇ ਫਸੇ ਹੋਏ ਸਨ।
ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਹੁਣ ਤੱਕ ਦਰਿਆ ਸਤਲੁਜ ਦੇ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ, ਭਾਰਤੀ ਫੌਜ, ਬੀ.ਐਸ.ਐਫ, ਐਨ.ਡੀ.ਆਰ.ਐਫ ਤੇ ਪੰਜਾਬ ਪੁਲੀਸ ਵੱਲੋਂ ਸਾਂਝਾ ਆਪਰੇਸ਼ਨ ਕਰਕੇ ਹੜ੍ਹ ਦੇ ਪਾਣੀ ਵਿੱਚੋਂ ਹਜ਼ਾਰਾਂ ਲੋਕਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾ ਕੇ ਕੀਮਤੀ ਜਾਨਾਂ ਬਚਾਈਆਂ ਗਈਆਂ ਹਨ। ਲੋਕਾਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਥਾਵਾਂ/ਰਾਹਤ ਕੇਂਦਰਾਂ ਵਿੱਚ ਪਹੁੰਚਾਉਣ ਦਾ ਕੰਮ ਦਿਨ ਰਾਤ ਜਾਰੀ ਹੈ । ਜ਼ਿਲ੍ਹੇ ਦੇ ਲਗਭਗ 50 ਪਿੰਡਾਂ ਵਿੱਚ ਫੌਜ, ਬੀ.ਐਸ.ਐਫ. ਅਤੇ ਐਨ.ਡੀ.ਆਰ.ਐਫ. ਦੀਆਂ ਕੰਪਨੀਆਂ ਵੱਲੋਂ ਮੋਟਰ ਬੋਟਾਂ ਰਾਹੀਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ। ਨਿਹਾਲਾ ਲਵੇਰਾ, ਰੁਕਨੇ ਵਾਲਾ, ਬੰਡਾਲਾ, ਮੁੱਠਿਆਂ ਵਾਲੀ ਸਮੇਤ ਵੱਡੀ ਗਿਣਤੀ ਪਿੰਡਾਂ ਵਿੱਚ ਲੋਕਾਂ ਨੂੰ ਜਿੱਥੇ ਸੁਰੱਖਿਅਤ ਬਾਹਰ ਕੱਢਿਆ ਉੱਥੇ ਹੀ ਬੇੜੀਆਂ, ਬੋਟ ਰਾਹੀਂ ਪਸ਼ੂਆਂ ਲਈ ਚਾਰੇ ਤੇ ਮੈਡੀਕਲ ਸਹੂਲਤ ਵੀ ਮੁਹੱਈਆ ਕਰਵਾਈ ਜਾ ਰਹੀ ਹੈ।