Ferozepur News

ਹੌਲੀ ਹੌਲੀ ਮੌਤ ਦਾ ਸੁਨੇਹਾ ਹੈ ਵਧਦਾ ਹੋਇਆ ਹਵਾ ਪ੍ਰਦੂਸ਼ਣ – ਵਿਜੈ ਗਰਗ

ਅਸੀਂ ਸਾਰੇ ਇਕ ਧੀਮੀ ਮੌਤ ਵੱਲ ਵਧ ਰਹੇ ਹਾਂ। ਮੌਤ ਦੇ ਇਸ ਮੰਜ਼ਰ ਦਾ ਸਿਰਜਕ ਮਨੁੱਖ ਆਪ ਹੈ। ਸਾਡਾ ਆਲਾ-ਦੁਆਲਾ ਸਾਨੂੰ ਦੱਸਣ ਲੱਗ ਪਿਆ ਹੈ ਕਿ ਅਸੀਂ ਵਿਕਾਸ ਨਹੀਂ ਕੀਤਾ ਬਲਕਿ ਆਪਣੇ ਅਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਵਿਨਾਸ਼ ਦਾ ਮੁੱਢ ਬੰਨ੍ਹਿਆ ਹੈ। ਧੂੰਏਂ, ਮਿੱਟੀ-ਘੱਟੇ ਅਤੇ ਕਾਲਖ ਦੀ ਗਰਦ ਨੇ ਪਿਛਲੇ ਦਿਨਾਂ ਤੋਂ ਪੰਜਾਬ, ਹਰਿਆਣਾ ਅਤੇ ਦਿੱਲੀ ਵਿਚ ਅਜਿਹਾ ਗੈਸ ਚੈਂਬਰ ਬਣਾਇਆ ਹੈ ਕਿ ਇਸ ਵਿਚ ਸਾਹ ਲੈਣਾ ਔਖਾ ਹੋਇਆ ਪਿਆ ਹੈ। ਹੁਣ ਠੰਢ ਬਦਲਣ ਨਾਲ ਇਹ ਮਿੱਟੀ-ਘੱਟਾ ਗਹਿਰੀ ਧੁੰਦ ਦਾ ਰੂਪ ਲੈ ਗਿਆ ਹੈ, ਜਿਸ ਕਾਰਨ ਹਾਦਸੇ ਹੋ ਰਹੇ ਹਨ। ਹਵਾ ਵਿਚ ਇੰਨਾ ਜ਼ਿਆਦਾ ਪ੍ਰਦੂਸ਼ਣ ਹੈ, ਮਾਹਰ ਦੱਸਦੇ ਹਨ ਕਿ ਹਰ ਵਿਅਕਤੀ ਰੋਜ਼ਾਨਾ ਤਿੰਨ ਦਰਜਨ ਸਿਗਰਟਾਂ ਜਿੰਨਾ ਧੂੰਆਂ ਅੰਦਰ ਖਿੱਚ ਰਿਹਾ ਹੈ। ਪ੍ਰਦੂਸ਼ਣ ਰੂਪੀ ਜ਼ਹਿਰ ਦੀਆਂ ਸਿਲਾਈਆਂ ਲਗਾਤਾਰ ਅੱਖਾਂ ਵਿਚ ਪੈ ਰਹੀਆਂ ਹਨ। ਨਿੱਕੇ ਬੱਚੇ ਤੇਜ਼ੀ ਨਾਲ ਬਿਮਾਰ ਹੋ ਰਹੇ ਹਨ। ਇਹ ਮਾਸੂਮ ਬਿਨਾਂ ਕਿਸੇ ਜੁਰਮ ਦੇ ਸਾਡੇ ਅਖੌਤੀ ਵਿਕਾਸ ਦੀ ਸਜ਼ਾ ਭੁਗਤ ਰਹੇ ਹਨ। ਦਵਾਈਆਂ ਟੀਕਿਆਂ ਦੀ ਮਦਦ ਨਾਲ ਸਾਹ ਲੈ ਰਹੇ ਹਨ। ਇਨ੍ਹਾਂ 'ਚੋਂ ਕਿੰਨੇ ਮਾਸੂਮ ਸਾਡੇ ਇਸ ਅਖੌਤੀ ਵਿਕਾਸ ਦੀ ਭੇਟ ਚੜ੍ਹ ਜਾਣਗੇ? ਸਾਨੂੰ ਅਤੇ ਸਾਡੇ ਸਮਾਜ-ਤੰਤਰ ਨੂੰ ਚਲਾਉਣ ਵਾਲਿਆਂ ਨੇ ਨਾ ਕਦੇ ਅਜਿਹਾ ਫ਼ਿਕਰ ਜ਼ਾਹਰ ਕੀਤਾ ਹੈ ਅਤੇ ਨਾ ਇਸ ਦੀ ਕਦੀ ਲੋੜ ਸਮਝੀ ਹੈ।

ਕਈ ਦਿਨਾਂ ਤੋਂ ਪੰਛੀ ਬਹੁਤ ਘੱਟ ਬੋਲਦੇ ਹਨ। ਨਿੱਕੇ-ਨਿੱਕੇ ਪੰਛੀਆਂ ਖ਼ਾਸ ਕਰਕੇ ਚਿੜੀਆਂ ਨੇ ਚਹਿਕਣਾ ਘੱਟ ਕਰ ਦਿੱਤਾ ਹੈ। ਇਨ੍ਹਾਂ ਮਾਸੂਮ ਜਿੰਦਾਂ ਲਈ ਗਰਦ ਗੁਬਾਰ ਵਿਚ ਉੱਡਣਾ, ਸਾਹ ਲੈਣਾ ਅਤੇ ਚੋਗਾ ਲੱਭਣਾ ਮੁਸ਼ਕਿਲ ਹੋ ਜਾਂਦਾ ਹੈ। ਹਵਾਵਾਂ ਵਿਚ ਘੁਲੇ ਇਸ ਜ਼ਹਿਰ ਨਾਲ ਕਿੰਨੀਆਂ ਹੀ ਇਹ ਮਲੂਕ ਜਿੰਦਾਂ ਦਮ ਘੁੱਟ ਕੇ ਮਰ ਜਾਣਗੀਆਂ। ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਦਿਨਾਂ ਵਿਚ ਧੂੰਏਂ ਅਤੇ ਗਰਦ ਗੁਬਾਰ ਦਾ ਮੰਜ਼ਰ ਵੇਖਣ ਨੂੰ ਮਿਲਦਾ ਹੈ। ਪਰ ਇਸ ਵਾਰ ਤਾਂ ਇਸ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਵੱਡੇ ਸ਼ਹਿਰਾਂ ਵਿਚ ਨਿੱਕੇ-ਨਿੱਕੇ ਮਾਸੂਮ ਬੱਚੇ ਤਖਤੀ ਲੈ ਕੇ ਸੜਕਾਂ 'ਤੇ ਆ ਗਏ, ਜਿਨ੍ਹਾਂ 'ਤੇ ਲਿਖਿਆ ਹੈ : 'ਇਸ ਹਵਾ ਵਿਚ ਸਾਡਾ ਦਮ ਘੁੱਟਦਾ ਹੈ' 'ਸਾਨੂੰ ਸਾਹ ਲੈਣ ਦਿਓ', 'ਸਾਡੇ ਸਾਹ ਲੈਣ ਲਈ ਕੁਝ ਕਰੋ'। ਪਰਾਲੀ ਨੂੰ ਲਾਈਆਂ ਅੱਗਾਂ, ਦੀਵਾਲੀ ਦੇ ਪਟਾਕਿਆਂ ਦਾ ਧੂੰਆਂ, ਗੱਡੀਆਂ ਮੋਟਰਾਂ ਦਾ ਬੇਤਹਾਸ਼ਾ ਵਾਧਾ, ਸ਼ਹਿਰਾਂ ਪਿੰਡਾਂ ਵਿਚ ਲਮਕੇ ਪਏ ਵਿਕਾਸ ਕਾਰਜਾਂ ਕਰਕੇ ੳੱੱਡਦੀ ਧੂੜ ਨੇ ਹਵਾ ਨੂੰ ਬੁਰੀ ਤਰ੍ਹਾਂ ਪਲੀਤ ਕਰ ਦਿੱਤਾ ਹੈ। ਸਰਦੀ ਦੀ ਰੁੱਤ ਆਉਣ ਨਾਲ ਜਦੋਂ ਗਰਮੀ ਤੋਂ ਕੁਝ ਰਾਹਤ ਮਿਲਣ ਲਗਦੀ ਹੈ, ਹਵਾ ਵਿਚ ਨਮੀ ਵਧ ਜਾਂਦੀ ਹੈ ਤਾਂ ਇਨ੍ਹਾਂ ਦਿਨਾਂ ਵਿਚ ਪੈਦਾ ਹੋਇਆ ਧੂੰਆਂ ਅਤੇ ਧੂੜ ਦੇ ਕਣ ਉਡ ਕੇ ਦੂਰ ਨਹੀਂ ਜਾਂਦੇ, ਇਹ ਜ਼ਮੀਨ ਦੇ ਦੁਆਲੇ ਹੀ ਆਪਣੀ ਇਕ ਪਰਤ ਬਣਾਈ ਰੱਖਦੇ ਹਨ, ਜਿਸ ਸਦਕਾ ਹਵਾ ਬੜੀ ਬੁਰੀ ਤਰ੍ਹਾਂ ਦੂਸ਼ਿਤ ਹੋ ਜਾਂਦੀ ਹੈ। ਦੂਜੇ ਪਾਸੇ ਸਾਡੀ ਮਨੋਬਿਰਤੀ ਇਹ ਹੈ ਕਿ ਹੁਣ ਅਸੀਂ ਵਿਆਹਾਂ-ਸ਼ਾਦੀਆਂ ਤੋਂ ਇਲਾਵਾ ਗੁਰਪੁਰਬ ਅਤੇ ਪ੍ਰਭਾਤ ਫੇਰੀਆਂ 'ਤੇ ਵੀ ਵੱਡੇ-ਵੱਡੇ ਬੰਬ ਪਟਾਕੇ ਚਲਾ ਕੇ ਬਿਨਾਂ ਕਿਸੇ ਰੋਕ-ਟੋਕ ਹਵਾ ਨੂੰ ਹਰ ਹਾਲ ਵਿਚ ਦੂਸ਼ਿਤ ਕਰਨ ਦਾ ਅਹਿਦ ਕਰ ਲਿਆ ਹੈ। ਧਾਰਮਿਕ ਅਸਥਾਨਾਂ 'ਤੇ ਹਵਾ ਨੂੰ ਵੱਧ ਤੋਂ ਵੱਧ ਪਲੀਤ ਕਰਨ ਲਈ ਆਤਿਸ਼ਬਾਜ਼ੀਆਂ ਦੇ ਇਕ ਤਰ੍ਹਾਂ ਨਾਲ ਮੁਕਾਬਲੇ ਹੋਣ ਲੱਗ ਪਏ ਹਨ। ਸਾਡੀਆਂ ਸਰਕਾਰਾਂ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਅਜਿਹੀਆਂ ਕਾਰਵਾਈਆਂ ਪ੍ਰਤੀ ਖਾਮੋਸ਼ ਹਨ।

ਸਾਡੇ ਰਾਜਨੀਤਕ ਦਲਾਂ ਦੀ ਸਾਰੀ ਸਰਗਰਮੀ ਵੋਟ ਦੁਆਲੇ ਕੇਂਦਰਿਤ ਹੋ ਗਈ ਹੈ। ਸਾਨੂੰ ਉਨ੍ਹਾਂ ਚੀਜ਼ਾਂ ਲਈ ਤਿਆਰ ਕੀਤਾ ਜਾਂਦਾ ਹੈ, ਜਿਸ ਦੀ ਸਾਨੂੰ ਲੋੜ ਨਹੀਂ ਹੁੰਦੀ। ਇਹ ਜਾਣਦਿਆਂ-ਬੁੱਝਦਿਆਂ ਕਿ ਜਿਸ ਦਿਸ਼ਾ ਵੱਲ ਅਸੀਂ ਵਧ ਰਹੇ ਹਾਂ, ਇਸ 'ਤੇ ਚਲਦਿਆਂ ਨਤੀਜੇ ਭਿਆਨਕ ਹੋ ਸਕਦੇ ਹਨ, ਸਭ ਕੁਝ ਹੋਣ ਦਿੱਤਾ ਜਾਂਦਾ ਹੈ। ਮੌਜੂਦਾ ਦੌਰ ਵਿਚ ਸਾਨੂੰ ਸਿਖਾਇਆ ਗਿਆ ਹੈ ਕਿ ਸਾਡੀ ਹਰ ਸਰਗਰਮੀ ਪੈਸੇ ਲਈ ਹੈ। ਅਸੀਂ ਆਪਣਾ ਕੀਮਤੀ ਸਮਾਂ, ਊਰਜਾ ਅਤੇ ਇਸ ਜ਼ਮੀਨ 'ਤੇ ਹੋਣਾ ਸਭ ਕੁਝ ਪੈਸੇ ਨੂੰ ਸਮਰਪਿਤ ਕਰ ਦਿੱਤਾ ਹੈ। ਰਾਜਨੀਤਕ, ਧਾਰਮਿਕ ਅਤੇ ਅਕਾਦਮਿਕ ਪੱਖ ਤੋਂ ਸਾਨੂੰ ਦੱਸਿਆ ਜਾ ਰਿਹਾ ਹੈ ਕਿ ਵੱਧ ਤੋਂ ਵੱਧ ਵਸਤਾਂ ਅਤੇ ਵੱਧ ਪੈਸਾ ਇਕੱਠਾ ਕਰਨ ਵਿਚ ਹੀ ਸਾਡਾ ਵਿਕਾਸ ਹੈ। ਇਸ ਤਰਜੀਹ 'ਤੇ ਚਲਦਿਆਂ ਸਾਡੇ ਕਾਰ-ਵਿਹਾਰ ਅਤੇ ਅਤੇ ਸੁਭਾਅ 'ਚੋਂ ਕੁਦਰਤੀ ਵਿਹਾਰ ਖ਼ਤਮ ਹੋ ਗਿਆ ਹੈ। ਬੀਤੇ ਸਮੇਂ ਦੌਰਾਨ ਜ਼ਮੀਨ ਵਿਚ ਫ਼ਸਲ ਦੇ ਬੀਜ ਦਾ ਪਹਿਲਾ ਛੱਟਾ ਦੇਣ ਲੱਗਿਆਂ ਪੰਜਾਬ ਦੇ ਲੋਕ ਉਚਾਰਦੇ ਸਨ, 'ਚਿੜੀ ਜਨੌਰ ਦੇ ਨਾਂਅ।' ਹੁਣ ਸਾਡਾ ਕੁਦਰਤੀ ਹੋਣਾ ਗਵਾਚ ਗਿਆ ਹੈ। ਪਿਛਲੇ ਕੁਝ ਅਰਸੇ ਦੌਰਾਨ ਹਰੇ ਇਨਕਲਾਬ ਦੀ ਤਰਜ਼ 'ਤੇ ਚਲਦਿਆਂ ਬੜੀ ਤੇਜ਼ੀ ਨਾਲ ਅਸੀਂ ਕੁਦਰਤ ਪ੍ਰਤੀ ਆਪਣਾ ਰਵੱਈਆ ਬਦਲ ਲਿਆ ਹੈ, ਜਿਸ ਦਾ ਨਤੀਜਾ ਸਾਡੇ ਲਈ ਬੜਾ ਘਾਤਕ ਸਾਬਤ ਹੋਣ ਲੱਗਿਆ ਹੈ। ਅਸੀਂ ਬਿਮਾਰੀਆਂ-ਦੁਸ਼ਵਾਰੀਆਂ ਅਤੇ ਗੰਦੇ ਵਾਤਾਵਰਨ ਨੂੰ ਸਹੇੜ ਕੇ ਇਕ ਠੰਢੀ ਮੌਤ ਵੱਲ ਵਧਣ ਲੱਗ ਪਏ ਹਾਂ। ਆਪਣੇ ਬੇਸ਼ਕੀਮਤੀ ਸਾਧਨਾਂ ਮਿੱਟੀ, ਰੇਤ, ਪਾਣੀ ਅਤੇ ਹਵਾ ਦੀ ਬਰਬਾਦੀ ਕਰਕੇ ਵੱਟੀ ਵੱਟਕ ਨਾਲ ਅਸੀਂ ਆਪਣੀ ਬਾਹਰੀ ਦਿੱਖ ਬੇਸ਼ੱਕ ਕੁਝ ਹੱਦ ਤੱਕ ਸਵਾਰ ਲਈ ਹੈ ਪਰ ਅੰਦਰੋਂ ਅਸੀਂ ਖੋਖਲੇ ਹੋ ਗਏ ਹਾਂ।

ਇਹ ਠੀਕ ਹੈ ਕਿ ਮਨੁੱਖ ਆਪਣੀ ਸਮਝ ਨਾਲ ਵਿਗਿਆਨਕ ਤਕਨੀਕ ਦੀ ਮਦਦ ਨਾਲ ਕੁਦਰਤੀ ਵਰਤਾਰਿਆਂ ਨੂੰ ਆਪਣੇ ਅਨੁਸਾਰ ਢਾਲ ਕੇ ਆਪਣੇ ਹਿਤਾਂ ਲਈ ਵਰਤਣ ਵਿਚ ਕਾਮਯਾਬ ਹੋਇਆ ਹੈ। ਇਸ ਨਾਲ ਉਸ ਦਾ ਜੀਵਨ ਸੁਖਾਲਾ ਵੀ ਹੋਇਆ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਵਿਗਿਆਨਕ ਵਿਕਾਸ ਤੋਂ ਪੈਦਾ ਹੋਈਆਂ ਸਮੱਸਿਆਵਾਂ ਨਾਲ ਵਿਗਿਆਨਕ ਤਰਜੀਹਾਂ 'ਤੇ ਚੱਲ ਕੇ ਬੜੀ ਜਲਦੀ ਕਾਬੂ ਪਾ ਲਿਆ ਜਾਵੇਗਾ। ਇੱਥੇ ਇਹ ਵਿਚਾਰ ਕਰਨਾ ਵੀ ਬਣਦਾ ਹੈ ਕਿ ਸਾਡਾ ਅਜੋਕਾ ਰਾਜਤੰਤਰ ਜਿਸ ਨੂੰ ਪੂੰਜੀਵਾਦੀ ਤਾਕਤਾਂ ਸੰਚਾਲਤ ਕਰਦੀਆਂ ਹਨ, ਦਾ ਲੋਕ-ਸਮੱਸਿਆਵਾਂ ਨਾਲ ਕੋਈ ਸਰੋਕਾਰ ਨਹੀਂ, ਸਗੋਂ ਲੋਕ-ਸਮੱਸਿਆਵਾਂ ਉਨ੍ਹਾਂ ਲਈ ਵੱਡੀਆਂ ਕਮਾਈਆਂ ਦੇ ਸਾਧਨ ਹੋ ਨਿੱਬੜਦੀਆਂ ਹਨ। 

Related Articles

Back to top button