ਹੁਸੈਨੀਵਾਲਾ ਬਾਰਡਰ ਵਿਖੇ ਲਹਿਰਾਇਆ ਗਿਆ 165 ਫੁੱਟ ਉੱਚਾ ਰਾਸ਼ਟਰੀ ਝੰਡਾ
ਹੁਸੈਨੀਵਾਲਾ ਬਾਰਡਰ ਵਿਖੇ ਲਹਿਰਾਇਆ ਗਿਆ 165 ਫੁੱਟ ਉੱਚਾ ਰਾਸ਼ਟਰੀ ਝੰਡਾ
—165 ਫੁੱਟ ਉੱਚਾ ਰਾਸ਼ਟਰੀ ਝੰਡਾ ਸਾਡੇ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇਗਾ – ਵਿਧਾਇਕ ਪਿੰਕੀ
–ਰਾਸ਼ਟਰੀ ਝੰਡਾ ਸਾਡੇ ਦੇਸ਼ ਦਾ ਮਾਣ ਸਨਮਾਨ ਹੈ ਤੇ ਇਹ ਹਮੇਸ਼ਾ ਉੱਚਾ ਹੋਣਾ ਚਾਹੀਦਾ ਹੈ
ਫਿਰੋਜ਼ਪੁਰ 13 ਫ਼ਰਵਰੀ ( ) ਮੈਂ ਜਦੋਂ ਵੀ ਹੁਸੈਨੀਵਾਲਾ ਬਾਰਡਰ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸਮਾਧਾਂ ਤੇ ਮੱਥਾ ਟੇਕਣ ਲਈ ਆਉਂਦਾ ਸੀ ਤਾਂ ਮੈਨੂੰ ਉੱਥੋਂ ਹਮੇਸ਼ਾ ਇਹ ਪ੍ਰੇਰਣਾ ਮਿਲਦੀ ਸੀ ਕਿ ਸਾਡੇ ਦੇਸ਼ ਦਾ ਰਾਸ਼ਟਰੀ ਝੰਡਾ ਉੱਚਾ ਹੋਣਾ ਚਾਹੀਦਾ ਹੈ। ਇਹ ਪ੍ਰਗਟਾਵਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਅੱਜ ਹੁਸੈਨੀਵਾਲਾ ਬਾਰਡਰ ਵਿਖੇ 165 ਫੁੱਟ ਉੱਚੇ ਲੰਬੇ ਪੋਲ ਤੇ ਰਾਸ਼ਟਰੀ ਝੰਡਾ ਚਡ਼੍ਹਾਉਣ ਦਾ ਰਸਮੀ ਉਦਘਾਟਨ ਕਰਨ ਮੌਕੇ ਕੀਤਾ।
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਫ਼ਿਰੋਜ਼ਪੁਰ ਸ਼ਹੀਦਾਂ ਦੀ ਧਰਤੀ ਹੈ ਅਤੇ ਇੱਥੇ ਦੇਸ਼ ਲਈ ਕਈ ਦੇਸ਼ਭਗਤਾਂ ਨੇ ਆਪਣੀਆ ਕੁਰਬਾਨੀਆਂ ਦਿੱਤੀਆਂ ਹਨ ਅਤੇ ਇਹ 165 ਫੁੱਟ ਰਾਸ਼ਟਰੀ ਝੰਡਾ ਸਾਨੂੰ ਅਤੇ ਸਾਡੀ ਨਵੀਂ ਪੀੜੀ ਨੂੰ ਉਨ੍ਹਾ ਦੀਆਂ ਕੁਰਬਾਨੀਆਂ ਨੂੰ ਯਾਦ ਕਰਵਾਏਗਾ ਅਤੇ ਨਵੀਂ ਪੀੜੀ ਲਈ ਇੱਕ ਪ੍ਰੇਰਨਾ ਸਰੋਤ ਵੀ ਹੋਵੇਗਾ।
ਉਨ੍ਹਾਂ ਕਿਹਾਕਿ ਰਾਸ਼ਟਰੀ ਝੰਡਾ ਦੇਸ਼ ਦੀ ਆਖੰਡਤਾ, ਏਕਤਾ ਤੇ ਸ਼ਾਂਤੀ ਦਾ ਵੀ ਪ੍ਰਤੀਕ ਹੈ ਅਤੇ ਇਹ ਰਾਸ਼ਟਰੀ ਝੰਡਾ ਸਾਡੇ ਵਿੱਚ ਏਕਤਾ ਤੇ ਆਖੰਡਾ ਦੀ ਭਾਵਨਾ ਵਿੱਚ ਵੀ ਮਜ਼ਬੂਤੀ ਪੈਦਾ ਕਰੇਗਾ।ਉਨ੍ਹਾਂ ਕਿਹਾ ਕਿ ਹੁਣ ਜਦੋਂ ਲੋਕ ਹੁਸੈਨੀਵਾਲਾ ਬਾਰਡਰ ਵਿਖੇ ਆਉਣਗੇ ਤਾਂ ਇਹ 165 ਫੁੱਟ ਉੱਚਾ ਰਾਸ਼ਟਰੀ ਝੰਡਾ ਵੇਖ ਕੇ ਦੇਸ਼ ਪ੍ਰਤੀ ਇਕ ਵੱਖਰੀ ਭਾਵਨਾ ਪੈਦਾ ਹੋਵੇਗੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਖੇ ਜੋ ਝੰਡਾ ਹੈ ਉਹ 145 ਫੁੱਟ ਦਾ ਹੈ ਅਤੇ ਹੁਣ ਜੋ ਇੱਥੇ ਫਿਰੋਜ਼ਪੁਰ ਹੁਸੈਨੀਵਾਲਾ ਬਾਰਡਰ ਵਿਖੇ ਲਹਿਰਾਇਆ ਗਿਆ ਇਹ 165 ਫੁੱਟ ਦਾ ਝੰਡਾ ਲਹਿਰਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਰਾਸ਼ਟਰੀ ਝੰਡਾ ਸਾਡੇ ਦੇਸ਼ ਦਾ ਮਾਣ ਸਨਮਾਨ ਹੈ ਅਤੇ ਇਸ ਲਈ ਅਸੀਂ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ ਅਤੇ ਜਦੋਂ ਵੀ ਅਸੀਂ ਤਿਰੰਗੇ ਵੱਲ ਦੇਖਦੇ ਹਾਂ ਤਾਂ ਸਾਡੇ ਅੰਦਰ ਦੇਸ਼ ਭਗਤੀ ਦਾ ਜਜ਼ਬਾ ਪੈਦਾ ਹੁੰਦਾ ਹੈ।
ਇਸ ਦੌਰਾਨ ਉਨ੍ਹਾਂ ਦੇਸ਼ ਦੀ ਸ਼ਾਂਤੀ ਪ੍ਰਤੀ ਗੱਲ ਕਰਦਿਆਂ ਕਿਹਾ ਕਿ ਪਾਕਿਸਤਾਨ ਨੂੰ ਆਪਣੀਆਂ ਗਲਤ ਨੀਤੀਆਂ ਛੱਡ ਕੇ ਭਾਈਚਾਰਕ ਸਾਂਝ ਵਧਾਉਣੀ ਚਾਹੀਦੀ ਹੈ, ਜਿਸ ਤਰ੍ਹਾਂ ਪਾਕਿਸਤਾਨ ਨਾਲ ਪਹਿਲਾਂ ਵਪਾਰ ਚੱਲਦਾ ਸੀ ਉਸੇ ਤਰ੍ਹਾਂ ਇਕ ਵਾਰ ਫਿਰ ਤੋਂ ਇਹ ਵਪਾਰ ਚੱਲਣਾ ਚਾਹੀਦਾ ਹੈ ਅਤੇ ਭਾਈਚਾਰਕ ਸਾਂਝ ਵਧਣੀ ਚਾਹੀਦੀ ਹੈ।ਇਸ ਤੋਂ ਪਹਿਲਾਂ ਵੀ ਵਿਧਾਇਕ ਪਰਮਿੰਦਰ ਸਿੰਘ ਵੱਲੋਂ ਫਿਰੋਜ਼ਪੁਰ ਸ਼ਹਿਰ ਵਿਚ ਦੋ ਥਾਵਾਂ ਤੇ ਇੱਕ ਬਾਗੀ ਪਾਰਕ ਅਤੇ ਇੱਕ ਐੱਸਐੱਸਪੀ ਦਫ਼ਤਰ ਦੇ ਨੇੜੇ 100 ਫੁੱਟ ਤੋਂ ਉੱਚੇ ਰਾਸ਼ਟਰੀ ਝੰਡੇ ਲਹਿਰਾਏ ਗਏ ਹਨ।
ਝੰਡਾ ਚੜ੍ਹਾਉਣ ਦੀ ਰਸਮ ਦੌਰਾਨ ਉੱਥੇ ਮੌਜੂਦ ਕੁਝ ਵਿਦਿਆਰਥੀਆਂ ਨੇ ਕਿਹਾ ਕਿ 165 ਫੁੱਟ ਉੱਚਾ ਰਾਸ਼ਟਰੀ ਝੰਡਾ ਦੇਖ ਕੇ ਇਕ ਵੱਖਰੀ ਖੁਸ਼ੀ ਮਹਿਸੂਸ ਹੋ ਰਹੀ ਹੈ ਤੇ ਉਹ ਚਾਹੁੰਦੇ ਹਨ ਕਿ ਸਾਡੇ ਦੇਸ਼ ਦਾ ਝੰਡਾ ਹਮੇਸ਼ਾਂ ਹੀ ਸਭ ਤੋਂ ਉੱਚਾ ਲਹਿਰਾਉਂਦਾ ਰਹੇ।
ਇਸ ਮੌਕੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਨੇ ਕਿਹਾ ਕਿ ਹੁਸੈਨੀ ਵਾਲਾ ਬਾਰਡਰ ਵਿਖੇ ਜਿਹੜੇ ਲੋਕ ਸ਼ਹੀਦਾਂ ਦੀਆਂ ਸਮਾਧਾਂ ਤੇ ਮੱਥਾ ਟੇਕਣ ਅਤੇ ਰੀਟ੍ਰੀਟ ਸੈਰੇਮਨੀ ਦੇਖਣ ਆਉਂਦੇ ਹਨ ਉਨ੍ਹਾਂ ਵਿੱਚ ਹੋਰ ਜ਼ਿਆਦਾ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਇਹ 165 ਫੁੱਟ ਉੱਚਾ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਹੈ ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਬਿੱਟੂ ਸਾਂਘਾ, ਐਡਵੋਕੇਟ ਗੁਲਸ਼ਨ ਮੋਂਗਾ, ਸੁਖਵਿੰਦਰ ਸਿੰਘ ਅਟਾਰੀ, ਬਲਵੀਰ ਬਾਠ, ਰਿੰਕੂ ਗਰੋਵਰ ਵੀ ਹਾਜ਼ਰ ਸਨ ।