ਹਲਕਾ ਗੁਰੂਹਰਸਹਾਏ 'ਚ ਸਿਆਸੀ ਪਾਰਟੀਆਂ ਨਹੀਂ ਖੇਡਣਗੀਆਂ ਬਰਾਦਰੀਵਾਦ ਦਾ ਪੱਤਾ
ਹਲਕਾ ਗੁਰੂਹਰਸਹਾਏ 'ਚ ਸਿਆਸੀ ਪਾਰਟੀਆਂ ਨਹੀਂ ਖੇਡਣਗੀਆਂ ਬਰਾਦਰੀਵਾਦ ਦਾ ਪੱਤਾ
– 'ਆਪ' ਦੇ ਸਰਗਰਮ ਆਗੂ ਗੁਰਮੀਤ ਬਰਾੜ ਦੀ ਸਮੂਹ ਬਰਾਦਰੀਆਂ 'ਚ ਖੁੰਡ ਚਰਚਾ ਨੇ ਅਕਾਲੀ-ਕਾਂਗਰਸੀਆਂ ਵਿਚ ਮਚਾਈ ਖਲਬਲੀ
– ਬਰਾਦਰੀਵਾਦ ਵੋਟ ਬੈਂਕ ਇਕੋ ਪਾਰਟੀ ਨੂੰ ਭੁਗਤਦੇ ਨਹੀਂ ਆ ਰਹੇ ਨਜ਼ਰ
ਗੁਰੂਹਰਸਹਾਏ, 24 ਸਤੰਬਰ (ਪਰਮਪਾਲ ਗੁਲਾਟੀ)-
ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਜਾਣ 'ਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਵਲੋਂ ਵੱਖ-ਵੱਖ ਗਤੀਵਿਧੀਆਂ ਕਰਕੇ ਲੋਕਾਂ ਨੂੰ ਲਭਾਉਣਾ ਸ਼ੁਰੂ ਕਰ ਦਿੱਤਾ ਹੈ, ਉਥੇ ਹਲਕਾ ਗੁਰੂਹਰਸਹਾਏ ਵਿਖੇ ਸੱਤਾਧਾਰੀ ਪਾਰਟੀ ਦੇ ਹਲਕਾ ਇੰਚਾਰਜ਼ ਵਰਦੇਵ ਸਿੰਘ ਮਾਨ ਅਤੇ ਕਾਂਗਰਸ ਵਲੋਂ ਮੋਜੂਦਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਆਪੋ-ਆਪਣੀ ਪਾਰਟੀ ਦੀ ਟਿਕਟ 'ਤੇ ਚੋਣ ਲੜਨ ਦੀ ਤਿਆਰੀ ਵਿਚ ਹਨ। ਉਧਰ ਨਵੀਂ ਉਭਰ ਰਹੀ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਗੁਰਮੀਤ ਸਿੰਘ ਬਰਾੜ ਜਿਨ੍ਹਾਂ ਵਲੋਂ ਪਾਰਟੀ ਦਾ ਝੰਡਾ ਗੁਰੂਹਰਸਹਾਏ 'ਚ ਚੁੱਕਿਆ ਹੋਇਆ ਹੈ, ਉਹਨਾਂ ਵਲੋਂ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਪਾਰਟੀ ਪ੍ਰਤੀ ਲਾਮਬੰਦ ਕੀਤਾ ਜਾ ਰਿਹਾ ਹੈ। ਵੈਸੇ ਪੁਰਾਣੇ ਆਗੂ ਡਾ. ਮਲਕੀਤ ਥਿੰਦ ਨੇ ਪਾਰਟੀ ਦੀ ਮਜਬੂਤੀ ਲਈ ਕੰਮ ਕੀਤਾ ਸੀ ਅਤੇ ਹੁਣ ਵੀ ਆਪਣੇ ਪੱਧਰ 'ਤੇ ਲੋਕਾਂ ਨਾਲ ਮੇਲ ਮਿਲਾਪ ਕਰ ਰਹੇ ਹਨ।
'ਆਪ' ਦੇ ਸਰਗਰਮ ਆਗੂ ਗੁਰਮੀਤ ਬਰਾੜ ਵਲੋਂ ਰੋਜ਼ਾਨਾ ਹੀ ਦਰਜਨਾਂ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਜਾ ਰਿਹਾ ਹੈ ਅਤੇ ਉਹਨਾਂ ਵਲੋਂ ਬਣਾਈਆਂ ਆਪ ਦੀਆਂ ਟੀਮਾਂ ਵੀ 20 ਪਿੰਡ ਰੋਜ਼ਾਨਾ ਕਵਰ ਕਰ ਰਹੀਆਂ ਹਨ, ਜਿਸਦੇ ਨਾਲ ਆਪ ਪਾਰਟੀ ਦਾ ਆਧਾਰ ਹਲਕਾ ਗੁਰੂਹਰਸਹਾਏ ਅੰਦਰ ਇਕਦਮ ਤੇਜੀ ਨਾਲ ਅੱਗੇ ਵੱਧ ਰਿਹਾ ਹੈ। ਸ. ਬਰਾੜ ਦੀ ਸਰਗਰਮੀ ਅੱਗੇ ਆਪ ਪਾਰਟੀ ਦਾ ਕੋਈ ਵੀ ਹੋਰ ਆਗੂ ਉਹ ਦਮ ਨਹੀਂ ਦਿਖਾ ਸਕਿਆ, ਬਰਾੜ ਵਲੋਂ ਪਿਛਲੇ ਦੋ ਮਹੀਨਿਆਂ 'ਚ ਬਾਰਡਰ ਪੱਟੀ 'ਤੇ ਰਾਏ-ਸਿੱਖ ਬਰਾਦਰੀ ਵਿਚ ਵੱਡੇ ਹਿਮਾਇਤੀ ਖੜ੍ਹੇ ਕਰ ਲੈਣ ਨਾਲ ਵਿਰੋਧੀ ਪਾਰਟੀਆਂ 'ਚ ਖਲਬਲੀ ਮੱਚੀ ਹੋਈ ਹੈ। ਉਧਰ ਇਹ ਵੀ ਜਾਣਕਾਰੀ ਹੈ ਕਿ ਪਾਰਟੀ ਜਲਦੀ ਹੀ ਟਿਕਟਾਂ ਦੇ ਐਲਾਨ ਕਰਨ ਦੇ ਰੌਂਅ 'ਚ ਹੈ ਅਤੇ ਜਾਰੀ ਹੋਣ ਵਾਲੀ ਲਿਸਟ 'ਚ ਗੁਰਮੀਤ ਸਿੰਘ ਬਰਾੜ ਦਾ ਨਾਂਅ ਸਭ ਤੋਂ ਅੱਗੇ ਹੈ। ਵੈਸੇ ਡਾ. ਮਲਕੀਤ ਥਿੰਦ ਸਮੇਤ ਦੋ ਹੋਰ ਵਿਅਕਤੀ ਵੀ ਕਤਾਰ 'ਚ ਦੱਸੇ ਜਾ ਰਹੇ ਹਨ।
ਲੋਕਾਂ ਦੀ ਖੁੰਡ-ਚਰਚਾ ਅਨੁਸਾਰ ਇਹ ਵੀ ਸਾਹਮਣੇ ਆਇਆ ਕਿ ਗੁਰਮੀਤ ਸਿੰਘ ਬਰਾੜ ਕਾਂਗਰਸ ਅਤੇ ਅਕਾਲੀ ਦਲ ਨੂੰ ਗੁਰੂਹਰਸਹਾਏ ਤੋਂ ਵੱਡੀ ਟੱਕਰ ਦੇਣ ਦੇ ਸਮਰੱਥ ਮੰਨੇ ਜਾ ਰਹੇ ਹਨ ਬਾਕੀ ਪਾਰਟੀ ਕਿਸ ਨੂੰ ਉਮੀਦਵਾਰ ਬਣਾਉਂਦੀ ਹੈ ਇਸਦਾ ਪਤਾ ਤਾਂ ਪੱਕੀ ਲਿਸਟ ਜਾਰੀ ਹੋਣ 'ਤੇ ਲੱਗੇਗਾ। ਪਿਛਲੇ 30 ਸਾਲਾਂ ਤੋਂ ਗੁਰਮੀਤ ਬਰਾੜ ਵਲੋਂ ਖੇਡਾਂ ਦੇ ਖੇਤਰ ਵਿਚ ਵੱਡਾ ਖੇਡ ਪ੍ਰਬੰਧਕ ਹੋਣਾ ਉਨ੍ਹਾਂ ਦੀ ਪੰਜਾਬ 'ਚ ਨਿਵੇਕਲੀ ਪਛਾਣ ਹੈ ਅਤੇ ਸਹਿਕਾਰੀ ਖੇਤੀਬਾੜੀ ਦੇ ਉਚ-ਅਹੁਦੇ 'ਤੇ ਗੁਰਮੀਤ ਬਰਾੜ ਵਲੋਂ ਸਾਫ- ਸੁਥਰੀ ਕੀਤੀ ਨੌਕਰੀ ਉਨ੍ਹਾਂ ਦੀ ਦਾਅਵੇਦਾਰੀ ਨੂੰ ਹੋਰ ਪੱਕਾ ਕਰ ਰਹੀ ਹੈ। ਲੰਮੇ ਸਮੇਂ ਤੋਂ ਉਚ-ਅਹੁਦੇ 'ਤੇ ਕੰਮ ਕਰਨਾ ਪ੍ਰਸ਼ਾਸ਼ਕੀ ਤਜਰਬਾ ਵੀ ਚੋਣ ਪ੍ਰਚਾਰਾਂ, ਚੋਣ ਪ੍ਰਬੰਧਾਂ ਤੇ ਉਨ੍ਹਾਂ ਦੀ ਪ੍ਰਪੱਖਤਾ ਨੂੰ ਮਜਬੂਤ ਕਰਦਾ ਹੈ। ਜੇ ਪਾਰਟੀ ਬਰਾੜ ਨੂੰ ਇਥੇ ਉਮੀਦਵਾਰ ਬਣਾਉਂਦੀ ਹੈ ਚੋਣਾਂ ਦੌਰਾਨ ਵੱਡੀ ਗਿਣਤੀ 'ਚ ਐਨ.ਆਰ.ਆਈ ਵੀਰਾਂ ਦੀ ਆਮਦ ਵੀ ਵੇਖਣ ਨੂੰ ਮਿਲ ਸਕਦੀ ਹੈ ਜੋ ਪਾਰਟੀ ਲਈ ਲਾਹੇਵੰਦ ਹੋਵੇਗੀ। ਜਿਥੇ ਬਰਾੜ ਆਮ ਆਦਮੀ ਪਾਰਟੀ ਲਈ ਸਖ਼ਤ ਮਿਹਨਤ ਨਾਲ ਕੰਮ ਕਰਕੇ ਅੱਗੇ ਵਧ ਰਹੇ ਹਨ।
ਉਧਰ ਬਰਾਦਰੀਵਾਦ ਨੂੰ ਲੈ ਕੇ ਕੰਬੋਜ਼ ਭਾਈਚਾਰੇ ਦੇ ਵੋਟ ਬੈਂਕ ਦੀ ਸੋਚ ਲਗਾਈ ਬੈਠੇ ਬੁੱਧੀਜੀਵੀਆਂ ਅਨੁਸਾਰ ਗੁਰੂਹਰਸਹਾਏ ਹਲਕੇ 'ਚ ਇਕ ਵੱਡਾ ਹਿੱਸਾ ਕੰਬੋਜ ਸਿੱਖ ਵੋਟਰ ਵੀ ਹਨ ਜੋ ਕਿ ਬਰਾਦਰੀਵਾਦ ਵਿਚ ਭੁਗਤਦਾ ਨਜ਼ਰ ਨਹੀਂ ਆ ਰਿਹਾ। ਜੇਕਰ ਕੰਬੋਜ ਸਿੱਖ ਤੇ ਕੰਬੋਜ ਚੌਧਰੀ ਵੋਟਾਂ ਨੂੰ ਅਲੱਗ=ਅਲੱਗ ਕਰਕੇ ਦੇਖਿਆ ਜਾਵੇ ਤਾਂ ਇਸ ਹਲਕੇ 'ਚ ਵਾਲਮੀਕਿ ਭਾਈਚਾਰੇ ਦਾ ਵੋਟ ਬੈਂਕ ਤੀਜੇ ਨੰਬਰ 'ਤੇ ਹੈ, ਜਦਕਿ ਹਲਕਾ ਗੁਰੂਹਰਸਹਾਏ ਅੰਦਰ ਬਹੁਸੰਮਤੀ ਨਾਲ ਰਾਏ ਸਿੱਖ ਬਿਰਦਾਰੀ ਵੋਟ ਬੈਂਕ 'ਚ ਪਹਿਲੇ ਸਥਾਨ ਅਤੇ ਜੱਟ ਸਿੱਖ ਵੋਟ ਬੈਂਕ ਦਾ ਦੂਜਾ ਨੰਬਰ ਹੈ। ਜਿਆਦਾਤਰ ਵੋਟਾਂ ਦਾ ਸਮੀਕਰਣ ਜੱਟ ਸਿੱਖ ਵੋਟ ਤੇ ਰਾਏ ਸਿੱਖ ਵੋਟ ਕਿਸ ਆਗੂ ਪਸੰਦ ਕਰਦੀ ਹੈ ਉਹ ਉਨ੍ਹਾਂ 'ਤੇ ਨਿਰਭਰ ਕਰਦਾ ਹੈ। ਇਥੇ ਇਹ ਵੀ ਵਰਣਨਯੋਗ ਹੈ ਰਵਾਇਤੀ ਪਾਰਟੀ ਕਾਂਗਰਸ ਤੇ ਅਕਾਲੀ ਦਲ ਨੇ ਕਦੇ ਵੀ ਕੰਬੋਜ ਬਰਾਦਰੀ ਨੂੰ ਹਲਕਾ ਗੁਰੂਹਰਸਹਾਏ ਤੋਂ ਟਿਕਟ ਨਹੀਂ ਦਿੱਤੀ। ਫਿਲਹਾਲ ਟਿਕਟ ਪ੍ਰਾਪਤੀ 'ਚ ਆਮ ਆਦਮੀ ਪਾਰਟੀ ਵਲੋਂ ਗੁਰਮੀਤ ਸਿੰਘ ਬਰਾੜ ਦਾ ਨਾਮ ਅੱਗੇ ਹੈ ਅਤੇ ਲੋਕਾਂ 'ਚ ਚਰਚਾ ਹੈ ਕਿ ਜੇਕਰ ਬਰਾੜ ਉਮੀਦਵਾਰ ਬਣਦੇ ਹਨ ਤਾਂ ਹਲਕਾ ਗੁਰੂਹਰਸਹਾਏ ਤੋਂ ਨਵੇਂ ਸਮੀਕਰਨ ਵੇਖੇ ਜਾ ਸਕਦੇ ਹਨ।