ਹਰਿਵੱਲਭ ਸੰਗੀਤ ਸੰਮੇਲਨ- 19 ਦਸੰਬਰ ਤੋਂ 25 ਦਸੰਬਰ
ਹਰਿਵੱਲਭ ਸੰਗੀਤ ਸੰਮੇਲਨ- 19 ਦਸੰਬਰ ਤੋਂ 25 ਦਸੰਬਰ
ਹਰਿਵੱਲਭ ਸੰਗੀਤ ਸੰਮੇਲਨ ਦੁਨੀਆਂ ਵਿੱਚ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਸਭ ਤੋਂ ਪੁਰਾਣਾ ਤੇ ਲੰਬਾ ਲਾਈਵ ਚੱਲਣ ਵਾਲਾ ਪ੍ਰੋਗਰਾਮ ਹੈ, ਜੋ ਹਰ ਸਾਲ ਬਾਬਾ ਹਰਿਵੱਲਭ ਦੀ ਸਮਾਧੀ ‘ਤੇ ਮਨਾਇਆ ਜਾਂਦਾ ਹੈ। ਸਭ ਤੋਂ ਪਹਿਲਾਂ ਇਹ ਸੰਗੀਤ ਸੰਮੇਲਨ ਸੰਨ 1875 ਵਿੱਚ ਬਾਬਾ ਹਰਿਵੱਲਭ ਜੀ ਦੁਆਰਾ ਦੇਵੀ ਤਲਾਬ ਮੰਦਿਰ, ਜਲੰਧਰ ਵਿਖੇ ਆਪਣੇ ਗੁਰੂ ਤੁਲਜਾਗਿਰੀ ਦੀ ਯਾਦ ਵਿੱਚ ਆਰੰਭ ਕੀਤਾ ਗਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਹਰ ਸਾਲ ਦਸੰਬਰ ਮਹੀਨੇ ਦੇ ਆਖ਼ਰੀ ਹਫ਼ਤੇ ਇਹ ਸੰਮੇਲਨ ਮਨਾਇਆ ਜਾਂਦਾ ਹੈ। ਪਹਿਲਾਂ-ਪਹਿਲਾਂ ਹਰਿਵੱਲਭ ਸੰਗੀਤ ਸੰਮੇਲਨ ਦਿਨ-ਰਾਤ ਚੱਲਦਾ ਹੁੰਦਾ ਸੀ ਪਰ ਬਾਅਦ ਵਿਚ ਇਸ ਦਾ ਸਮਾਂ ਘਟਾ ਦਿੱਤਾ ਗਿਆ । ਕੜਾਕੇ ਦੀ ਸਰਦੀ ਹੋਣ ਦੇ ਬਾਵਜੂਦ ਵੀ ਸਰੋਤੇ ਇੱਥੇ ਕਲਾਕਾਰਾਂ ਦੀਆਂ ਮਨਮੋਹਕ ਆਵਾਜ਼ਾਂ ਤੇ ਉਹਨਾਂ ਦੇ ਸਾਜ਼ਾਂ ਦੀਆਂ ਦਿਲ ਖਿੱਚਵੀਆਂ ਧੁਨਾਂ ਸੁਣਨ ਵਾਸਤੇ ਦੂਰੋਂ-ਦੂਰੋਂ ਚਲ ਕੇ ਆਉਂਦੇ ਹਨ। ਦੇਸ਼ਾਂ-ਵਿਦੇਸ਼ਾਂ ਤੋਂ ਆਉਣ ਵਾਲੇ ਸਰੋਤਿਆਂ ਦੀ ਗਿਣਤੀ ਵੀ ਕਾਫ਼ੀ ਜ਼ਿਆਦਾ ਹੈ । ਭਾਰਤ ਅਤੇ ਪਾਕਿਸਤਾਨ ਦੇ ਸ਼ਾਸਤਰੀ ਸੰਗੀਤ ਦੇ ਪ੍ਰਮੁੱਖ ਕਲਾਕਾਰਾਂ ਨੇ ਪਿਛਲੇ 130 ਸਾਲਾਂ ਦੌਰਾਨ ਕਦੇ ਨਾ ਕਦੇ ਬਾਬਾ ਹਰਿਵੱਲਭ ਸੰਗੀਤ ਸੰਮੇਲਨ ਵਿਚ ਮੰਚ ਪ੍ਰਦਰਸ਼ਨ ਕੀਤਾ ਹੈ । ਵਿਸ਼ਨੂੰ ਦਿਗੰਬਰ ਪਲੁਸਕਰ ਦੇ ਨਾਲ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਨੇ ਵੀ ਸਾਲ 1919 ਵਿੱਚ ਹਰਿਵੱਲਭ ਸੰਗੀਤ ਸੰਮੇਲਨ ਦਾ ਦੌਰਾ ਕੀਤਾ ਸੀ, ਇਹਨਾਂ ਤੋਂ ਬਿਨਾਂ ਭਾਰਤ ਦੇ ਉੱਘੇ ਸ਼ਾਸਤਰੀ ਕਲਾਕਾਰ ਜਿਵੇਂ:-ਪੰ.ਓਂਕਾਰ ਨਾਥ ਠਾਕਰ ,ਪੰ.ਵਿਨਾਇਕ ਰਾਓ ਪਟਵਰਧਨ, ਪੰਡਿਤ ਭੀਮਸੇਨ ਜੋਸ਼ੀ , ਬੜੇ ਗੁਲਾਮ ਅਲੀ ਖਾਂ , ਇਮਦਾਦ ਖਾਂ , ਪੰਡਤ ਰਵੀ ਸ਼ੰਕਰ, ਅਮਜਦ ਅਲੀ ਖਾਂ , ਵਿਲਾਇਤ ਖਾਂ ,ਸ਼ਿਵ ਕੁਮਾਰ ਸ਼ਰਮਾ ਅਤੇ ਹਰੀ ਪ੍ਰਸਾਦ ਚੌਰਸੀਆ ਆਦਿ ਸੰਗੀਤ ਸੰਮੇਲਨ ਵਿਚ ਆਪਣੇ ਫਨ ਦਾ ਮੁਜ਼ਾਹਰਾ ਕਰ ਚੁੱਕੇ ਹਨ 147ਵੇਂ ਹਰਿਵੱਲਭ ਸੰਗੀਤ ਸੰਮੇਲਨ ਦਾ ਲਾਈਵ ਪ੍ਰਸਾਰਣ ਸਿਟੀ ਚੈਨਲ ਅਤੇ ਯੂ-ਟਿਊਬ ‘ਤੇ ‘ਹਰਿਵੱਲਭ ਸੰਗੀਤ’ ਦੇ ਨਾਮ ਤੇ ਬਣੇ ਚੈਨਲ ‘ਤੇ ਵੀ ਕੀਤਾ ਜਾਂਦਾ ਹੈ। 19 ਦਸੰਬਰ ਤੋਂ 22 ਦਸੰਬਰ ਤੱਕ ਹਰਿਵੱਲਭ ਸੰਗੀਤ ਪ੍ਰਤੀਯੋਗਤਾ ਆਯੋਜਿਤ ਕੀਤੀ ਜਾਵੇਗੀ ।
23 ਦਸੰਬਰ ਨੂੰ ਭਾਸਕਰ ਨਾਥੁ (ਸ਼ਹਿਨਾਈ), ਮਧੂ ਭੱਟ ਤੈਲੰਗ (ਧਰੁਪਦ), ਪਰਵੀਨ ਕੁਮਾਰ ਆਰੀਆ (ਪਖਾਵਜ), ਧਨੰਜੈ ਹੇਗੜੇ (ਵੋਕਲ) ਅਨੁਪਮਾ ਭਾਗਵਤ (ਸਿਤਾਰ),ਅਜੈ ਚੱਕਰਵਰਤੀ ( ਵੋਕਲ) ਆਦਿ ਆਪਣੀਆਂ ਪੇਸ਼ਕਾਰੀਆਂ ਦੇਣਗੇ। 24 ਦਸੰਬਰ ਨੂੰ ਸੰਜੁਕਤਾ ਦਾਸ ( ਵੋਕਲ), ਅਸਵਾਨ ਮਹੇਸ਼ ਡਲਵੀ (ਸੁਰ-ਬਹਾਰ), ਸੁਜਾਤਾ ਗੌਰਵ ( ਵੋਕਲ), ਜੌਹਰ ਅਲੀ (ਵਾਇਲਨ), ਅੰਜਨਾ ਨਾਥ ( ਵੋਕਲ), ਪੰਡਤ ਵਿਸ਼ਵ ਮੋਹਣ ਭੱਟ (ਮੋਹਣ ਵੀਣਾ), ਵਿਦੂਸ਼ੀ ਸੁਮਿਤਰਾ ਗੋਹਾ ( ਵੋਕਲ), ਆਦਿ ਮੰਚ ਪ੍ਰਦਰਸ਼ਨ ਕਰਨਗੇ। 25 ਦਸੰਬਰ ਨੂੰ ਡਾ. ਨਿਵੇਦਿਤਾ ਸਿੰਘ (ਵੋਕਲ) , ਰਾਮ ਕੁਮਾਰ ਮਿਸ਼ਰ (ਤਬਲਾ), ਉਸਤਾਦ ਅਬਦੁਲ ਅਜ਼ੀਜ਼ ਖਾਂ ( ਵੋਕਲ), ਸ਼ਸ਼ਾਂਕ ਸੁਬਰਮਨੀਅਮ (ਬਾਂਸੁਰੀ), ਸਮਰਾਟ ਪੰਡਤ (ਵੋਕਲ), ਤੇਜਿੰਦਰ ਨਾਰਾਇਣ ਮਜੂਮਦਾਰ ( ਸਰੋਦ), ਮਹੇਸ਼ ਕਾਲੇ ( ਵੋਕਲ), ਇਤਿਆਦੀ ਕਲਾਕਾਰ ਦਰਸ਼ਕਾਂ ਦੇ ਚਿਤ ਦਾ ਰੰਜਨ ਕਰਨਗੇ।