ਸੱਭਿਅਤਾ :ਵਿਜੈ ਗਰਗ
ਸਾਡੀ ਸੱਭਿਅਤਾ, ਸਾਡੇ ਮਸਾਲੇ, ਸਾਡਾ ਧਨ, ਸਾਡਾ ਵਿਗਿਆਨ, ਸਾਡਾ ਸਹਿਤ, ਸਾਡੇ ਧਰਮ ਅਤੇ ਸਾਡੇ ਧਾਰਮਿਕ ਗੁਰੂ ਆਦਿ ਸਾਨੂੰ ਹੌਂਸਲਾ ਦਿੰਦੇ ਹਨ ਅਤੇ ਅਸੀਂ ਆਪਣੇ ਉੱਤੇ ਫ਼ਕਰ ਮਹਿਸੂਸ ਕਰਦੇ ਹਾਂ। ਸਾਡੇ ਦੇਖਦੇ ਹੀ ਦੇਖਦੇ ਵਿਸ਼ਵ ਦੇ ਕੇਂਦਰ, ਆਰਥਿਕ ਮਜਬੂਤੀ ਵਾਲੀ ਇਸ 'ਸੋਨੇ ਦੀ ਚਿੜੀ' ਨੂੰ ਹਰ ਇੱਕ ਨੇ ਲੁੱਟਿਆ। ਸਾਡੀ ਅਮੀਰੀ ਦਾ ਇੱਥੋਂ ਪਤਾ ਲੱਗਦਾ ਸੀ ਕਿ ਹਰ ਗਰੀਬ ਪਰਿਵਾਰ ਦੀ ਆਪਣੇ ਘਰ ਵਿੱਚ ਸੋਨਾ ਰੱਖਦਾ ਸੀ। ਸੋਨਾ ਸਾਡੇ ਆਮ ਸੀ ਅਤੇ ਗਹਿਣਿਆਂ ਦੇ ਰੂਪ ਵਿੱਚ ਆਮ ਰੱਖਦੇ ਸੀ ਅਤੇ ਹਾਂ ਵੀ।
ਅਸੀਂ ਮੁੱਢ ਤੋਂ ਕੁਦਰਤੀ ਹਾਂ। ਮਿੱਟੀ ਨਾਲ ਜੁੜੇ ਹੋਏ ਆਦਿ ਵਾਸੀ। ਆਦਿ ਵਾਸੀ ਅਰਥਾਤ ਆਦਿ ਤੋਂ ਵਸਣ ਵਾਲੇ। ਵਿਸ਼ਵ ਦੀਆਂ ਸੱਭਿਆਤਾਵਾਂ ਤੋਂ ਪਹਿਲਾਂ ਦੇ ਰਹਿਣ ਵਾਲੇ। ਸਾਨੂੰ ਸਿਖਾਇਆ ਗਿਆ ਹੈ ਕਿ ਅਸੀਂ ਵੀ ਉਹਨਾਂ ਪੰਜ ਤੱਤਾਂ ਤੋਂ ਮਿਲਕੇ ਹੀ ਬਣੇ ਹਾਂ ਜਿੰਨ੍ਹਾਂ ਤੋਂ ਬ੍ਰਹਿਮੰਡ ਬਣਿਆ ਹੈ। ਜੰਗਲੀ ਜਾਨਵਰਾਂ ਵਾਂਗ ਅਸੀਂ ਕੁਦਰਤ ਦੇ ਹਰ ਨਿਯਮ ਦੀ ਪਾਲਣਾ ਕਰਦੇ ਸਾਂ।
ਫੇਰ ਸਾਡੇ ਉੱਤੇ ਵਿਸ਼ਵ ਦੀ ਨਜ਼ਰ ਪੈ ਗਈ। ਸਾਡੇ ਉੱਤੇ ਹਮਲੇ ਹੋਏ। ਕਦੇ ਫਰਾਂਸ ਦੇ, ਕਦੇ ਡੱਚ ਦੇ ਅਤੇ ਕਦੇ ਅੰਗਰੇਜ਼ਾਂ ਦੇ। ਅਸੀਂ ਉਹਨਾਂ ਦੀਆਂ ਸੱਭਿਆਤਾਵਾਂ ਵਿੱਚ ਰੰਗ ਗਏ। ਅਸੀਂ ਆਦਿ ਵਾਸੀ ਉਹਨਾਂ ਵਰਗੇ ਬਣਨਾ ਚਾਹੁੰਦੇ ਸਾਂ। ਉਹ ਪਦਾਰਥਵਾਦੀ ਸਨ ਅਤੇ ਅਸੀਂ ਪ੍ਰਕਿਰਤੀਵਾਦੀ। ਅਸੀਂ ਆਪਣੇ ਆਤਮ ਗਿਆਨ, ਬੌਧਿਕ ਗਿਆਨ ਅਤੇ ਕੁਦਰਤ ਨਾਲ ਲੱਖਾਂ ਸਾਲਾਂ ਤੋਂ ਬਣਾਏ ਤਾਲਮੇਲ ਨੂੰ ਤਿਆਗ ਕੇ ਪਦਾਰਰਥਵਾਦੀ ਬਣਨ ਲਈ ਉਤਾਵਲੇ ਸਾਂ। ਅਸੀਂ ਮਿੱਟੀ ਰੰਗੇ, ਪੂੰਝੇ ਬੈਠ ਕੇ, ਪਲਾਥੀ ਮਾਰ ਕੇ, ਹੱਥਾਂ ਨਾਲ ਖਾਣ ਵਾਲਿਆਂ ਨੇ ਕਦੇ ਪਲੇਟ, ਚਮਚੇ, ਕੁਰਸੀਆਂ, ਮੇਜ, ਪੈਂਟ, ਸ਼ਰਟ, ਬੂਟ, ਟਾਈ ਆਦਿ ਅਨੇਕਾਂ ਚੀਜ਼ਾਂ ਨਹੀਂ ਦੇਖੀਆਂ ਸਨ। ਉਹਨਾਂ ਦੀ ਚਮਕ ਅੱਗੇ ਅਸੀਂ ਆਪਣੀ ਸੱਭਿਅਤਾ ਨੂੰ ਭੁੱਲਣ ਲਈ ਤਿਆਰ ਬੈਠੇ ਸਾਂ। ਚਾਹ ਵਿਸ਼ਵ ਨੂੰ ਚੀਨ ਨੇ ਦਿੱਤੀ ਪਰ ਸਾਡੇ ਕੋਲ ਅੰਗਰੇਜ਼ ਲੈ ਕੇ ਆਏ। ਅਸੀਂ ਵੀ ਆਪਣੇ ਪਿੰਡਾਂ ਵਿੱਚ ਚਾਹ ਦੇ ਪਤੀਲੇ ਰੱਖਣ ਲੱਗ ਪਏ। ਅਸੀਂ ਆਪਣੇ ਬੱਚਿਆਂ ਦੇ ਨਾਂ ਅੰਗਰੇਜ਼ ਸਿੰਘ ਰੱਖਣ ਲੱਗ ਪਏ। ਉਹ ਸਾਡੇ ਦੇਸ਼ ਆਲੂ ਲੈ ਆਏ। ਅਸੀਂ ਇਸਨੂੰ ਵੀ ਹਰ ਸਬਜੀ ਵਿੱਚ ਪਾ ਲਿਆ ਕਿਉਂਕਿ ਅਸੀਂ ਉਨ੍ਹਾਂ ਵਰਗੇ ਨਾ ਬਣਨ ਦੀ ਕੋਈ ਭੁੱਲ ਨਹੀਂ ਕਰਨਾ ਚਾਹੁੰਦੇ ਸਾਂ। ਅਸੀਂ ਆਪਣੀਆਂ ਸਾਰੀਆਂ ਭਾਸ਼ਾਵਾਂ ਭੁਲਾ ਕੇ ਉਹਨਾਂ ਦੀ ਭਾਸ਼ਾ ਸਿੱਖਣ ਦੇ ਮਗਰ ਪੈ ਗਏ।
ਅਸੀਂ ਕੁਦਰਤੀ ਸਾਂ। ਸਾਨੂੰ ਸਾਡੀਆਂ ਰੁੱਤਾਂ ਦਾ ਖਿਆਲ ਸੀ। ਅਸੀਂ ਕੁਦਰਤੀ ਚੀਜਾਂ ਰਾਹੀਂ ਹੀ ਸਮਾਂ ਦੇਖ ਲੈਂਦੇ ਸਾਂ। ਅਸੀਂ ਆਪਣਾ ਨਵਾਂ ਸਾਲ ਅਪ੍ਰੈਲ ਵਿੱਚ ਮਨਾਉਂਦੇ ਸਾਂ ਕਿਉਂਕਿ ਉਸ ਵੇਲੇ ਸਾਡੇ ਕਿਸਾਨ ਫਸਲਾਂ ਤੋਂ ਵਿਹਲੇ ਹੋ ਜਾਂਦੇ ਸਨ ਅਤੇ ਉਹਨਾਂ ਕੋਲ ਲੋੜੀਂਦਾ ਧਨ ਹੁੰਦਾ ਸੀ। ਸਾਡੇ ਦੁਕਾਨਦਾਰ ਪੂਰਾ ਹਿਸਾਬ-ਕਿਤਾਬ ਕਰ ਲੈਂਦੇ ਸਨ। ਸਾਡੇ ਬੱਚੇ ਪੇਪਰਾਂ ਤੋਂ ਮੁਕਤ ਹੋ ਚੁੱਕੇ ਹੁੰਦੇ ਹਨ ਅਤੇ ਪੂਰਾ ਭਾਰਤ ਉਸ ਸਮੇਂ ਹਰ ਕੰਮ ਨਵੇਂ ਸਿਰੇ ਤੋਂ ਸ਼ੁਰੂ ਕਰ ਰਿਹਾ ਹੁੰਦਾ ਹੈ, ਪ੍ਰੰਤੂ ਅਸੀਂ ਤਾਂ ਦੇਸ਼ ਨੂੰ ਪਿਆਰ ਹੀ ਨਹੀਂ ਕਰਦੇ ਹਾਂ। ਅਸੀਂ ਤਾਂ ਉਹਨਾਂ ਵਰਗੇ ਬਣਨਾ ਹੈ। ਉਹ ਸਾਡੇ ਨਵੇਂ ਸਾਲ ਨੂੰ 'ਅਪ੍ਰੈਲ ਫੂਲ' ਕਹਿੰਦੇ ਹਨ ਅਤੇ ਅਸੀਂ ਵੀ ਆਪਣੇ ਨਵੇਂ ਸਾਲ ਨੂੰ 'ਅਪ੍ਰੈਲ ਫੂਲ' ਦੇ ਤੌਰ ਤੇ ਹੀ ਮਨਾਉਂਦੇ ਹਾਂ। ਅਸੀਂ ਵੀ ਹੁਣ ਨਵਾਂ ਸਾਲ ਇੱਕ ਜਨਵਰੀ ਨੂੰ ਮਨਾਉਣ ਲੱਗੇ ਪਏ ਹਾਂ। ਉਹ ਦਸੰਬਰ ਦੀਆਂ ਛੁੱਟੀਆਂ ਕਰਦੇ ਹਨ ਕਿਉਂਕਿ ਉਹਨਾਂ ਨੇ ਪਹਿਲਾਂ ਕ੍ਰਿਸਮਿਸ ਤੇ ਫੇਰ ਨਵੇਂ ਸਾਲ ਦੀ ਤਿਆਰੀ ਕਰਨੀ ਹੁੰਦੀ ਹੈ। ਹੁਣ ਅਸੀਂ ਵੀ ਉਹਨਾਂ ਵਰਗੇ ਬਣ ਗਏ ਹਾਂ। ਹੁਣ ਉਹ ਸਾਡੇ ਜੀਨਾਂ ਵਿੱਚ ਰਲ ਗਏ ਹਨ ਅਤੇ ਇੰਡੀਅਨ ਸਦੀਆਂ ਤੋਂ ਅਨੁਵੰਸ਼ਿਕ ਰੋਗਾਂ ਵਾਂਗ ਨਾਲ ਚੱਲ ਰਹੇ ਹਨ।