ਸੰਸਥਾ ਕਲਾਪੀਠ ਪ੍ਰਸਿੱਧ ਸ਼ਾਇਰ ਅਨਿਲ ਆਦਮ ਦੇ ਵਿਛੋੜੇ ਤੋਂ ਬਾਅਦ ਉਸਦੀ ਯਾਦ ਨੂੰ ਸਦੀਵੀ ਰੱਖਣ ਲਈ ਕੰਮ ਕਰੇਗੀ
ਸੰਸਥਾ ਕਲਾਪੀਠ ਪ੍ਰਸਿੱਧ ਸ਼ਾਇਰ ਅਨਿਲ ਆਦਮ ਦੇ ਵਿਛੋੜੇ ਤੋਂ ਬਾਅਦ ਉਸਦੀ ਯਾਦ ਨੂੰ ਸਦੀਵੀ ਰੱਖਣ ਲਈ ਕੰਮ ਕਰੇਗੀ
ਫ਼ਿਰੋਜ਼ਪੁਰ, ਜਨਵਰੀ 1, 2024: ਸ਼ਬਦ ਸੱਭਿਆਚਾਰ ਦੇ ਪਸਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ ਕਲਾਪੀਠ (ਰਜਿ:) ਦੀ ਵਿਸ਼ੇਸ਼ ਬੈਠਕ ਸੰਸਥਾ ਦੇ ਪ੍ਰਧਾਨ ਪ੍ਰੋ.ਜਸਪਾਲ ਘਈ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪ੍ਰਸਿੱਧ ਸ਼ਾਇਰ ਅਤੇ ਕਲਾਪੀਠ ਦੇ ਜਨਰਲ ਸਕੱਤਰ ਅਨਿਲ ਆਦਮ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਕਲਾਪੀਠ ਦੀਆਂ ਸਰਗਰਮੀਆਂ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਨੌਜਵਾਨ ਸ਼ਾਇਰ,ਅਨੁਵਾਦਕ ਅਤੇ ਆਲੋਚਕ ਸੁਖਜਿੰਦਰ ਨੂੰ ਕਲਾਪੀਠ ਦਾ ਨਵਾਂ ਜਨਰਲ ਸਕੱਤਰ ਨਾਮਜਦ ਕੀਤਾ ਗਿਆ।
ਵਿਚਾਰ ਚਰਚਾ ਵਿੱਚ ਸਭ ਤੋਂ ਪਹਿਲਾਂ ਅਨਿਲ ਆਦਮ ਦੇ ਤੁਰ ਜਾਣ ਤੋਂ ਬਾਅਦ ਉਸਦੀ ਯਾਦ ਨੂੰ ਸਦੀਵੀ ਰੱਖਣ ਲਈ ਕੀਤੇ ਜਾਣ ਵਾਲੇ ਕੰਮਾਂ ਤੇ ਵਿਚਾਰ ਹੋਈ। ਸਰਬ ਸੰਮਤੀ ਨਾਲ “ਅਨਿਲ ਆਦਮ ਯਾਦਗਾਰੀ ਕਵਿਤਾ ਪੁਰਸਕਾਰ” ਦੀ ਸਥਾਪਨਾ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਇਹ ਪੁਰਸਕਾਰ ਚਾਲੀ ਸਾਲ ਤੋਂ ਘੱਟ ਉਮਰ ਦੇ ਪੰਜਾਬੀ ਕਵੀ ਨੂੰ ਦੇਣ ਦਾ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ” ਅਨਿਲ ਆਦਮ ਯਾਦਗਾਰੀ ਭਾਸ਼ਣ ਲੜੀ”ਸ਼ੁਰੂ ਕਰਨ ਦਾ ਫੈਸਲਾ ਕੀਤਾ। ਇਸ ਭਾਸ਼ਣ ਲੜੀ ਵਿੱਚ ਪੰਜਾਬੀ ਕਵਿਤਾ ਦੇ ਵਿਭਿੰਨ ਪਸਾਰਾਂ ਉੱਪਰ ਵਿਚਾਰ ਚਰਚਾ ਕਰਵਾਈ ਜਾਵੇਗੀ। ਇਹ ਫੈਸਲਾ ਵੀ ਕੀਤਾ ਗਿਆ ਕਿ ਇਹ ਸਮਾਗਮ ਨਵੰਬਰ ਮਹੀਨੇ ਦੇ ਆਖਰ ਜਾਂ ਦਸੰਬਰ ਮਹੀਨੇ ਦੇ ਸ਼ੁਰੂ ਵਿੱਚ ਕਰਵਾਇਆ ਜਾਇਆ ਕਰੇਗਾ ।
ਇੱਕ ਹੋਰ ਫੈਸਲੇ ਰਾਹੀਂ ਤੈਅ ਕੀਤਾ ਗਿਆ ਕਿ ਅਨਿਲ ਆਦਮ ਦੀ ਅਪ੍ਰਕਾਸ਼ਿਤ ਸ਼ਾਇਰੀ ਨੂੰ ਵੀ ਛੇਤੀ ਪ੍ਰਕਾਸ਼ਿਤ ਕਰਾਉਣ ਲਈ ਯਤਨ ਕੀਤਾ ਜਾਏਗਾ।
ਅਨਿਲ ਆਦਮ ਦੇ ਵਿਛੋੜੇ ਤੋਂ ਬਾਅਦ ਆੱਟਮ ਆਰਟ ਵੱਲੋਂ ਛਪੇ ਉਸਦੇ ਨਵ ਪ੍ਰਕਾਸ਼ਿਤ ਕਾਵਿ ਸੰਗ੍ਰਹਿ “26 ਸਾਲ ਬਾਅਦ” ਵਿਚਾਰ ਚਰਚਾ ਕਰਾਉਣ ਦਾ ਫੈਸਲਾ ਕੀਤਾ । ਇਹ ਸਮਾਗਮ ਫ਼ਰਵਰੀ 2024 ਦੇ ਪਹਿਲੇ ਹਫ਼ਤੇ ਵਿੱਚ ਕਰਵਾਇਆ ਜਾਵੇਗਾ।। ਜਿਸ ਵਿੱਚ ਅਨਿਲ ਆਦਮ ਦੀ ਜ਼ਿੰਦਗੀ ਅਤੇ ਸ਼ਾਇਰੀ ਬਾਰੇ ਪੰਜਾਬੀ ਦੇ ਨਾਮਵਰ ਸ਼ਾਇਰ ਆਪਣੇ ਵਿਚਾਰ ਰੱਖਣਗੇ।
ਇਸ ਮੀਟਿੰਗ ਵਿੱਚ ਪ੍ਰੋ .ਗੁਰਤੇਜ ਕੋਹਾਰਵਾਲਾ, ਪ੍ਰੋ.ਕੁਲਦੀਪ, ਸਰਬਜੀਤ ਸਿੰਘ ਭਾਵੜਾ, ਸੁਖਜਿੰਦਰ, ਓਮ ਪ੍ਰਕਾਸ਼ ਸਰੋਏ , ਰਾਜੀਵ ਖ਼ਿਆਲ ਅਤੇ ਹਰਮੀਤ ਵਿਦਿਆਰਥੀ ਸ਼ਾਮਲ ਹੋਏ। ਸੰਸਥਾ ਦੇ ਪ੍ਰਧਾਨ ਪ੍ਰੋ.ਜਸਪਾਲ ਘਈ ਨੇ ਸਮੂਹ ਹਾਜ਼ਰੀਨ ਦਾ ਸ਼ੁਕਰਾਨਾ ਕੀਤਾ।