ਸਿੱਖਿਆ ਦਾ ਵਪਾਰੀਕਰਨ ਤੇ ਵਿਦਿਆਰਥੀਆਂ ‘ਤੇ ਵਧਦਾ ਕਰਜਾ •ਵਿਜੈ ਗਰਗ
ਮੰਦੀ ਦੀ ਝੰਬਿਆ ਸੰਸਾਰ ਸਰਮਾਏਦਾਰੀ ਢਾਂਚਾ ਆਪਣੀ ਹੋਂਦ ਬਚਾਉਣ ਲਈ ਹੱਥ ਪੈਰ ਮਾਰ ਰਿਹਾ ਹੈ। ਦੁਨੀਆ ਭਰ ਦੇ ਸਰਮਾਏਦਾਰ ਅਤੇ ਉਹਨਾਂ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਭਵਿੱਖ ਨੂੰ ਲੈਕੇ ਬੁਰੀ ਤਰਾਂ ਘਬਰਾਈਆਂ ਹੋਈਆਂ ਹਨ। ਨਿਵੇਸ਼ ਦੇ ਖੇਤਰਾਂ ਦਾ ਸੁੰਗੜਨਾ, ਜਿਣਸਾਂ ਦੀ ਵਾਧੂ ਪੈਦਾਵਾਰ ਦਾ ਸੰਕਟ ਢਾਂਚੇ ਨੂੰ ਬੁਰੀ ਤਰਾਂ ਸਤਾ ਰਿਹਾ ਹੈ। ਆਪਣੇ ਸਾਹਮਣੇ ਆਈ ਇਸ ਦਰਪੇਸ਼ ਸਮੱਸਿਆ ਨੂੰ ਨਜਿੱਠਣ ਲਈ ਸੰਸਾਰ ਭਰ ਦੇ ਸਰਮਾਏਦਾਰ ਚੌਧਰੀ ਤੇ ਉਹਨਾਂ ਦੀਆਂ ਮੈਨੇਜਿੰਗ ਕਮੇਟੀਆਂ (ਸਰਕਾਰਾਂ) ਨਿਵੇਸ਼ ਦੇ ਨਵੇਂ ਨਵੇਂ ਖੇਤਰਾਂ ਦੀ ਭਾਲ਼ ਕਰ ਰਹੀਆਂ ਹਨ ਤੇ ਸਰਮਾਏ ਦੇ ਰਾਹ ‘ਚ ਪੈਂਦੇ ਅੜਿੱਕਿਆਂ ਨੂੰ ਦਿਨੋਂ ਦਿਨ ਲਾਂਭੇ ਕਰ ਰਹੀਆਂ ਹਨ। ਜਨਤਕ ਖੇਤਰਾਂ ‘ਚੋਂ ਹੱਥ ਖਿੱਚ ਕੇ ਉਸਨੂੰ ਨਿੱਜੀ ਹੱਥਾਂ ‘ਚ ਦੇਣਾ, ਮੁਨਾਫੇ ਦੇ ਰਾਹ ‘ਚ ਪੈਂਦੇ ਰੋੜਿਆਂ, ਜਿਵੇਂ ਕਿਰਤ ਕਨੂੰਨ ਢਿੱਲੇ ਕਰਨਾ, ਸਰਮਾਏ ਨੂੰ ਪੂਰੀ ਖੁੱਲ੍ਹ ਦੇਣੀ, ਇਸੇ ਦਿਸ਼ਾ ‘ਚ ਚੁੱਕੇ ਗਏ ਕਦਮ ਹਨ। ਸਰਕਾਰਾਂ ਵੱਲੋਂ ਚੁੱਕੇ ਕਦਮਾਂ ਵਿੱਚੋ ਸਭ ਤੋਂ ਵੱਡਾ ਹਮਲਾ ਸਿੱਖਿਆ ਢਾਂਚੇ ‘ਤੇ ਕੀਤਾ ਜਾ ਰਿਹਾ ਹੈ। 1970 ਵਿੱਚ ਆਏ ਸੰਸਾਰ ਵਿਆਪੀ ਆਰਥਕ ਸੰਕਟ ਤੋਂ ਮਗਰੋਂ ਸਿੱਖਿਆ ਦਾ ਨਿੱਜੀਕਰਨ ਅੱਜ ਇੱਕ ਸੰਸਾਰ ਵਿਆਪੀ ਵਰਤਾਰਾ ਬਣ ਚੁੱਕਿਆ ਹੈ। ਸਿੱਖਿਆ ਦਾ ਖੇਤਰ ਸਰਮਾਏਦਾਰਾਂ ਲਈ ਮੁਨਾਫਾ ਕੁੱਟਣ ਦਾ ਇੱਕ ਲਾਭਦਾਇਕ ਸਾਧਨ ਬਣ ਗਿਆ ਹੈ। ਕਿਉਂਕਿ ਸਰਮਾਏਦਾਰਾ ਸਮਾਜ ਵਿੱਚ ਗਿਆਨ ਵੀ ਇੱਕ ਨਿੱਜੀ ਸੰਪੱਤੀ ਬਣ ਜਾਂਦਾ ਹੈ ਤੇ ਸਿੱਖਿਆ ਇੱਕ ਜਿਣਸ, ਮੰਡੀ ‘ਚ ਵਿਕਣ ਵਾਲ਼ੀ ਚੀਜ ਬਣ ਜਾਂਦੀ ਹੈ। 2007 ਤੋਂ ਮਗਰੋਂ ਸਿੱਖਿਆ ਦੇ ਨਿੱਜੀਕਰਨ ਨੂੰ ਹੋਰ ਵੀ ਜ਼ਿਆਦਾ ਤੇਜ ਕਰ ਦਿੱਤਾ ਗਿਆ ਹੈ। ਵਿੱਦਿਅਕ ਸੰਸਥਾਵਾਂ ਨੂੰ ਨਿੱਜੀ ਹੱਥਾਂ ਚ ਸੌਂਪਣ ਨਾਲ਼ ਵਿਦਿਆਰਥੀਆਂ ਲਈ ਸਿੱਖਿਆ ਦਾ ਦਿਨੋਂ ਦਿਨ ਮਹਿੰਗੀ ਹੁੰਦੇ ਜਾਣਾ ਵੀ ਸੁਭਾਵਿਕ ਬਣ ਗਿਆ, ਇਸ ਕਰਕੇ ਸਮੁੱਚੇ ਸੰਸਾਰ ਅੰਦਰ ਹੀ ਬਹੁਤੇ ਲੋਕਾਂ ਤੋਂ ਤਾਂ ਸਿੱਖਿਆ ਉਂਝ ਹੀ ਵੱਸੋਂ ਬਾਹਰੀ ਗੱਲ ਹੋ ਗਈ ਤੇ ਦੂਜਾ ਸਿੱਖਿਆ ਵਾਸਤੇ ਸੰਸਾਰ ਭਰ ਵਿੱਚ ਕਰਜਾ ਲੈਣ ਦਾ ਸੰਸਾਰ ਵਿਆਪੀ ਵਰਤਾਰਾ ਸਾਹਮਣੇ ਆ ਰਿਹਾ ਹੈ। ਅੱਜ ਦੀ ਹਾਲਤ ਇਹ ਹੈ ਕਿ ਜਿੱਥੇ ਇੱਕ ਪਾਸੇ ਸਿੱਖਿਆ ਦੇ ਨਿੱਜੀਕਰਨ ਦਾ ਕੁਹਾੜਾ ਲਗਾਤਾਰ ਲੋਕਾਂ ‘ਤੇ ਵਾਹਿਆ ਜਾ ਰਿਹਾ ਹੈ, ਉੱਥੇ ਵਿਦਿਆਰਥੀਆਂ ਦੀ ਸੰਸਾਰ ਪੱਧਰੀਆਂ ਉੱਠਦੀਆਂ ਲਹਿਰਾਂ ਦੀ ਝਲਕ ਵੀ ਦਿਖਾਈ ਦੇਣੀ ਸ਼ੁਰੂ ਹੋ ਗਈ ਹੈ।
ਵਿਦਿਆਰਥੀਆਂ ਲਈ ਦਿਨੋਂ ਦਿਨ ਵਧਦੇ ਕਰਜੇ, ਵਧਦੀਆਂ ਟਿਊਸ਼ਨ ਫੀਸਾਂ, ਮਹਿੰਗੀਆਂ ਰਿਹਾਇਸ਼ਾਂ ਸਿਰਦਰਦੀ ਬਣਦੀਆਂ ਜਾ ਰਹੀਆਂ ਹਨ। ਅੱਜ ਦੇ ਸਰਮਾਏਦਾਰਾ ਸਮਾਜ ਵਿੱਚ ਵਿੱਦਿਆ ਨਿਰੋਲ ਇੱਕ ਧੰਦਾ ਬਣਕੇ ਰਹਿ ਗਈ ਹੈ ਤੇ ਪੂਰੇ ਸੰਸਾਰ ਵਿੱਚ ਸਰਕਾਰਾਂ ਆਪਣੀ ਇਸ ਜ਼ਿੰਮੇਵਾਰੀ ਤੋਂ ਪੂਰੀ ਤਰ੍ਹਾਂ ਭੱਜ ਗਈਆਂ ਹਨ। ਨਵਉਦਾਰਵਾਦੀ ਨੀਤੀਆਂ ਮਗਰੋਂ ਪੂਰੀ ਦੁਨੀਆ ਦੇ ਵਿਦਿਆਰਥੀ ਕਰਜੇ ਦੇ ਭਿਅੰਕਰ ਬੋਝ ਹੇਠਾਂ ਦੱਬੇ ਹੋਏ ਹਨ। ਵਿਕਸਤ ਤੋਂ ਲੈਕੇ ਵਿਕਾਸਸ਼ੀਲ ਦੇਸ਼ਾਂ ਤੱਕ ਤੇ ਏਸ਼ੀਆ, ਅਫਰੀਕਾ ਤੋਂ ਲੈਕੇ ਲਾਤੀਨੀ ਅਮਰੀਕਾ ਤੱਕ ਤੇ ਸਾਰੇ ਸਾਮਰਾਜੀ ਮੁਲਕਾਂ ਵਿੱਚ ਬਿਨਾਂ ਕਿਸੇ ਛੋਟ ਦੇ ਸਿੱਖਿਆ ਇੱਕ ਲਾਹੇਵੰਦਾ ਧੰਦਾ ਬਣ ਚੁੱਕੀ ਹੈ ਅਤੇ ਇਸਨੂੰ ਨਿੱਜੀ ਸਰਮਾਇਆ ਨਿਵੇਸ਼ ਲਈ ਪੂਰੀ ਤਰ੍ਹਾਂ ਖੋਲ ਦਿੱਤਾ ਗਿਆ ਹੈ। ਮਹਿੰਗੀ ਹੁੰਦੀ ਸਿੱਖਿਆ ਕਰਕੇ ਵਿਦਿਆਰਥੀਆਂ ਨੂੰ ਕਰਜੇ ਲੈਕੇ ਪੜਾਈ ਕਰਨੀ ਪੈਂਦੀ ਹੈ। ਸੰਸਾਰ ਭਰ ਦੇ ਵਿਦਿਆਰਥੀ ਇਸ ਵੇਲ਼ੇ ਕਰਜੇ ਦੇ ਭਾਰ ਹੇਠਾਂ ਬੁਰੀ ਤਰ੍ਹਾਂ ਦੱਬੇ ਹੋਏ ਹਨ ਤੇ ਵਿਕਸਿਤ ਦੇਸ਼ਾਂ ਵਿੱਚ ਇਹ ਹਾਲਤ ਹੋਰ ਵੀ ਜ਼ਿਆਦਾ ਬੁਰੀ ਹੈ।
Attachments area