Ferozepur News
ਸਿੱਖਿਆਂ ਨੂੰ ਤਨਾਅ ਮੁਕਤ ਅਤੇ ਰੋਚਿਕ ਬਣਾਉਣਾ ਸਮੇਂ ਦੀ ਵੱਡੀ ਜ਼ਰੂਰਤ: ਡਾ. ਸਤਿੰਦਰ ਸਿੰਘ
ਸਿੱਖਿਆਂ ਨੂੰ ਤਨਾਅ ਮੁਕਤ ਅਤੇ ਰੋਚਿਕ ਬਣਾਉਣਾ ਸਮੇਂ ਦੀ ਵੱਡੀ ਜ਼ਰੂਰਤ: ਡਾ. ਸਤਿੰਦਰ ਸਿੰਘ
ਸਿੱਖਿਆ ਜੀਵਨ ਜਾਂਚ ਸਿਖਾਉਂਦੀ ਹੈ,ਜੀਵਨ ਖਤਮ ਕਰਨਾ ਨਹੀਂ। ਸਿੱਖਿਆ ਮਨੁੱਖ ਦਾ ਵਿਵਹਾਰ ਬਦਲਣ ਵਾਲਾ ਵਿਗਿਆਨ ਹੈ । ਰਸਮੀ ਜਾਂ ਗ਼ੈਰ-ਰਸਮੀ ਤਰੀਕੇ ਨਾਲ ਜਦੋਂ ਅਸੀਂ ਸਿੱਖਦੇ ਹਾਂ ਤਾਂ ਸਾਡੇ ਗਿਆਨ ਵਿੱਚ ਵਾਧਾ ਹੁੰਦਾ ਹੈ ,ਸੋਚ ਵਿਚ ਤਬਦੀਲੀ ਆਉਣ ਦੇ ਨਾਲ-ਨਾਲ ਸਾਡੇ ਵਿਵਹਾਰ ਵਿਚ ਵੀ ਤਬਦੀਲੀ ਆਉਂਦੀ ਹੈ। ਇਹ ਤਬਦੀਲੀ ਹੀ ਸਾਡੀ ਸ਼ਖਸੀਅਤ ਦੇ ਨਿਰਮਾਣ ਦਾ ਆਧਾਰ ਹੁੰਦੀ ਹੈ । ਜਿਸ ਨਾਲ ਵਿਦਿਆਰਥੀਆਂ ਦਾ ਮਾਨਸਿਕ, ਸਰੀਰਕ, ਸਮਾਜਿਕ ਅਤੇ ਭਾਵਨਾਤਮਿਕ ਵਿਕਾਸ ਅਰਥਾਤ ਸਰਵਪੱਖੀ ਵਿਕਾਸ ਸੰਭਵ ਹੁੰਦਾ ਹੈ। ਪ੍ਰੰਤੂ ਜੇ ਅਸੀਂ ਮੌਜੂਦਾ ਸਿੱਖਿਆ ਪ੍ਰਣਾਲੀ ਵੱਲ ਨਜ਼ਰ ਮਾਰੀਏ ਤਾਂ ਮੌਜੂਦਾ ਸਿੱਖਿਆ ਵਿਦਿਆਰਥੀਆਂ ਦੇ ਵਿਵਹਾਰ ਵਿੱਚ ਉਸਾਰੂ ਤਬਦੀਲੀ ਲਿਆਉਣ ਦੀ ਬਜਾਏ ਇਮਤਿਹਾਨਾਂ ਦੇ ਦਿਨਾ, ਸਾਲਾਨਾ ਨਤੀਜਿਆਂ ਦੇ ਸਮੇਂ ,ਨੀਟ ਅਤੇ ਜੇ ਈ ਈ ਵਰਗੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਸਮੇਂ ਉਲਟ ਵਿਵਹਾਰ ਲਈ ਪ੍ਰੇਰਿਤ ਕਰ ਰਹੀ ਹੈ। ਵੱਧਦਾ ਮੁਕਾਬਲਾ, ਮਾਤਾ-ਪਿਤਾ ਦੀਆਂ ਬੇਹੱਦ ਉਚੀਆਂ ਇੱਛਾਵਾਂ, ਇੰਟਰਨੇਟ ਅਤੇ ਸੋਸ਼ਲ ਮੀਡੀਆ ਦੀ ਬੇਲੋੜੀ ਵਰਤੋ ਦੀ ਬਦੌਲਤ ਸਿਖਿਆ, ਵਿਦਿਆਰਥੀਆਂ ਦੇ ਮਾਨਸਿਕ ਤਨਾਅ ਦਾ ਬਹੁਤ ਵੱਡਾ ਕਾਰਨ ਬਨ ਚੁੱਕੀ ਹੈ । ਬਹੁਗਿਣਤੀ ਲੋਕਾਂ ਲਈ ਸਿੱਖਿਆ ਦਾ ਅੱਜ ਮੁੱਖ ਉਦੇਸ਼ ਪ੍ਰੀਖਿਆ ਵਿੱਚ ਵੱਧ ਅੰਕ ਪ੍ਰਾਪਤ ਕਰਨਾ , ਨੀਟ ਅਤੇ ਜੇ ਈ ਈ ਵਰਗੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਉਂਚੀ ਮੈਰਿਟ ਪ੍ਰਾਪਤ ਕਰਨਾ ਹੀ ਰਹਿ ਗਿਆ ਹੈ। ਸਿੱਖਿਆ ਪ੍ਰਣਾਲੀ ਤੇ ਪ੍ਰੀਖਿਆ ਪ੍ਰਣਾਲੀ ਭਾਰੂ ਹੋ ਰਹੀ ਹੈ। ਬੱਚੇ ਦੇ ਪ੍ਰੀਖਿਆ ਵਿੱਚ ਵੱਧ ਅੰਕ, ਮੁਕਾਬਲੇ ਦੀ ਪ੍ਰੀਖਿਆ ਵਿੱਚ ਉੱਚੀ ਮੈਰਿਟ ਦੀ ਪ੍ਰਾਪਤੀ ਸਿੱਖਿਆ ਦੇ ਵਪਾਰਕ ਅਦਾਰਿਆਂ ਲਈ ਇਸ਼ਤਿਹਾਰ ਦੇ ਪ੍ਰਚਾਰ ਦੀ ਸਮੱਗਰੀ ਦਾ ਸਾਧਨ ਬਣ ਕੇ ਰਹਿ ਗਈ ਹੈ।
ਵਿਦਿਆਰਥੀ ਜੀਵਨ ਵਿਚ ਮੁਕਾਬਲਾ, ਕੁਝ ਹੱਦ ਤੱਕ ਤਾਂ ਜਾਇਜ਼ ਹੈ, ਵਿਦਿਆਰਥੀ ਦੀ ਹੌਂਸਲਾ ਅਫਜ਼ਾਈ ਵੀ ਕਰਦਾ ਹੈ। ਪ੍ਰੰਤੂ ਲੋੜ ਤੋਂ ਵੱਧਿਆ ਮੁਕਾਬਲਾ ਵਿਰੋਧ ਦੀ ਭਾਵਨਾ ਪੈਦਾ ਕਰਦਾ ਹੈ, ਖ਼ੁਦਗਰਜ਼ ਤੇ ਸਵਾਰਥੀ ਵੀ ਬਨਾ ਦਿੰਦਾ ਹੈ। ਮੁਕਾਬਲੇ ਦੀ ਅੰਨ੍ਹੀ ਦੌੜ ਦੇ ਕਾਰਨ ਹੀ ਵਿਦਿਆਰਥੀਆਂ ਦੇ ਨਾਲ-ਨਾਲ ਮਾਪੇ ਵੀ ਪ੍ਰੀਖਿਆ ਦੇ ਦਿਨਾਂ ਵਿੱਚ ਤਣਾਅ ਵਿਚ ਰਹਿਣ ਲਗਦੇ ਹਨ। ਕਈ ਵਾਰ ਇਹ ਤਨਾਅ ਗੰਭੀਰ ਰੂਪ ਲੈ ਜਾਂਦਾ ਹੈ ਤੇ ਜਿਸ ਸਿੱਖਿਆ ਨੇ ਵਿਦਿਆਰਥੀ ਦਾ ਸਰਬਪੱਖੀ ਵਿਕਾਸ ਕਰਨਾ ਸੀ ਅਤੇ ਉਸਾਰੂ ਤਬਦੀਲੀ ਲਿਆਉਣੀ ਸੀ। ਉਸੇ ਹੀ ਸਿੱਖਿਆ ਨੂੰ ਗ੍ਰਹਿਣ ਕਰਦਾ ਵਿਦਿਆਰਥੀ , ਸਿਖਿਆ ਦੇ ਸਿਰਫ ਇੱਕ ਅੰਗ ਪ੍ਰੀਖਿਆ ਜਾਂ ਪ੍ਰੀਖਿਆ ਦੇ ਸਲਾਨਾ ਨਤੀਜੇ ਦੇ ਡਰ ਤੋਂ ਆਤਮ ਹੱਤਿਆ ਵਰਗਾ ਗੰਭੀਰ ਕਦਮ ਵੀ ਚੁੱਕ ਲੈਂਦਾ ਹੈ।
ਸਿੱਖਿਆ ਦਾ ਬਹੁਤ ਵੱਡਾ ਵਪਾਰਕ ਕੇਂਦਰ ਬਣ ਚੁੱਕੇ ਰਾਜਸਥਾਨ ਤੇ ਕੋਟਾ ਸ਼ਹਿਰ ਵਿੱਚ ਡਾਕਟਰ ਤੇ ਇੰਜੀਨੀਅਰ ਬਣਨ ਦਾ ਸੁਪਨਾ ਲੈ ਕੇ ਗਏ ਉਜਵੱਲ,ਪ੍ਰਨਵ, ਅਤੇ ਅੰਕੁਸ਼ ਨਾਮੀ ,03 ਨੌਜਵਾਨਾਂ ਦਾ ਇੱਕੋ ਦਿਨ ਆਤਮ ਹੱਤਿਆ ਕਰ ਲੈਣ ਦੀ ਦੁਖਦਾਈ ਖ਼ਬਰ ਨੇ ਸਿੱਖਿਆਂ ਜਗਤ ਅਤੇ ਆਮ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਬਹੁਤ ਕੁਝ ਸੋਚਣ ਵਿਚਾਰਨ ਅਤੇ ਕਰਨ ਲਈ ਮਜਬੂਰ ਕਰ ਦਿੱਤਾ ਹੈ। ਸਿੱਖਿਆ ਦੇ ਕੇਂਦਰ ਵਿੱਚ ਵਾਪਰੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ । ਇਸ ਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾ ਵਾਪਰ ਚੁੱਕੀਆਂ ਹਨ। ਪਰ ਨਾ ਅਸੀਂ ਇਨ੍ਹਾਂ ਦੁਖਦਾਈ ਖਬਰਾਂ ਤੋਂ ਕੋਈ ਸਬਕ ਸਿੱਖਿਆ ਅਤੇ ਨਾ ਹੀ ਕੋਈ ਠੋਸ ਕਦਮ ਉਠਾਏ ਗਏ। ਦੇਸ਼ ਦੀ ਰਾਸ਼ਟਰੀ ਕ੍ਰਾਇਮ ਰਿਕਾਰਡ ਬਿਓਰੋ ਦੇ ਅੰਕੜੇ ਦਰਦਨਾਕ ਤਸਵੀਰ ਪੇਸ਼ ਕਰਦੇ ਹਨ । ਜਿਨ੍ਹਾਂ ਅਨੁਸਾਰ ਸਾਲ 2021 ਦੌਰਾਨ 13089 ਵਿਦਿਆਰਥੀਆਂ ਨੇ ਆਤਮ ਹੱਤਿਆ ਵਰਗਾ ਗੰਭੀਰ ਕਦਮ ਚੁੱਕਿਆ ਹੈ। ਸਾਲ 2016 ਵਿੱਚ ਇਹ ਗਿਣਤੀ 9478 ਸੀ। 05 ਸਾਲਾਂ ਵਿੱਚ ਇਹ 27 ਪ੍ਰਤੀਸ਼ਤ ਦਾ ਵਾਧਾ ਬੇਹੱਦ ਚਿੰਤਾ ਦਾ ਵਿਸ਼ਾ ਹੈ। ਸਿੱਖਿਆ ਜੀਵਨ ਜਾਚ ਸਿਖਾਉਂਦੀ ਹੈ,ਜੀਵਨ ਖਤਮ ਨਹੀਂ ਕਰਦੀ। ਸਰਕਾਰ ਅਤੇ ਸਿੱਖਿਆ ਮਾਹਿਰਾਂ ਦਾ ਇਸ ਪ੍ਰਤੀ ਸੰਜੀਦਗੀ ਨਾਲ ਸੋਚਨਾ ਅਤੇ ਠੋਸ ਕਦਮ ਚੁੱਕਣਾ ਸਮੇਂ ਦੀ ਵੱਡੀ ਜ਼ਰੂਰਤ ਹੈ।
ਵਿਦਿਆਰਥੀ ਜੀਵਨ ਦੀ ਸਫਲਤਾ ਲਈ ਤਣਾਅ ਮੁਕਤ ਜੀਵਨ ਬੇਹੱਦ ਜ਼ਰੂਰੀ ਹੈ। ਵਿਦਿਆਰਥੀ ਵਰਗ ਦਾ ਪ੍ਰੀਖਿਆ ਪ੍ਰਤੀ ਨਜ਼ਰੀਆ ਸਾਕਾਰਾਤਮਕ ਹੋਣਾ ਚਾਹੀਦਾ ਹੈ ।ਪ੍ਰੀਖਿਆ ਨੂੰ ਇਕ ਉਤਸਵ ਦੀ ਤਰ੍ਹਾਂ ਲੈਣਾ ਚਾਹੀਦਾ ਹੈ ।ਜੀਵਨ ਵਿੱਚ ਸਫ਼ਲਤਾ ਦਾ ਮਾਪਦੰਡ ਸਿਰਫ ਪ੍ਰੀਖਿਆ ਦੀ ਮੈਰਿਟ ਵਿੱਚ ਆਉਣਾ ਅਤੇ ਨੀਟ ਜਾ ਜੇ ਈ ਈ ਪਾਸ ਕਰਨਾ ਹੀ ਨਹੀਂ ਹੈ ,ਬਲਕਿ ਕੁਝ ਨਵਾਂ ਸਿੱਖਣਾ, ਕੁਝ ਨਵਾਂ ਕਰਨਾ ,ਸਿਰਜਨਾਤਮਕ ਸੋਚ ਉਤਪੰਨ ਕਰਨ ਅਤੇ ਸਰਵਪੱਖੀ ਵਿਕਾਸ ਕਰਨਾ ਹੈ।ਇਸ ਲਈ ਪ੍ਰੀਖਿਆ ਪ੍ਰਤੀ ਵੀ ਸਾਡਾ ਨਜ਼ਰੀਆ ਜੋ ਕੁਝ ਸਾਰਾ ਸਾਲ ਦੌਰਾਨ ਪੜ੍ਹਿਆ ਹੈ, ਉਸ ਨੂੰ ਸੁਚੱਜੇ ਢੰਗ ਨਾਲn ਪੇਸ਼ ਕਰਨ ਵਾਲਾ ਹੋਣਾ ਚਾਹੀਦਾ ਹੈ । ਅਜਿਹਾ ਸਕਾਰਾਤਮਕ ਮਾਹੌਲ ਸਿਰਜਣ ਲਈ ਸਿੱਖਿਆ ਦੇ ਮੋਜੂਦਾ ਢਾਂਚੇ ਵਿੱਚ ਠੋਸ ਤਬਦੀਲੀ ਦੇ ਨਾਲ ਨਾਲ ਅਧਿਆਪਕ ਵਰਗ ,ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਨੂੰ ਵੀ ਕੁਝ ਪਹਿਲ ਕਦਮੀ ਕਰਕੇ ਢੁੱਕਵੇਂ ਕਦਮ ਚੁੱਕਣੇ ਪੈਣਗੇ । ਸਿਰਫ਼ ਵਿਦਿਆਰਥੀ ਵਰਗ ਨੂੰ ਤਣਾਅ ਮੁਕਤ ਪ੍ਰੀਖਿਆ ਦੇਣ ਦੀਆਂ ਗੱਲਾਂ ਕਰਨ ਨਾਲ ਹੀ ਮਸਲੇ ਦਾ ਹੱਲ ਨਹੀਂ ਹੋਣ ਵਾਲਾ ਹੈ । ਵਿਦਿਆਰਥੀ ਦੀ ਸਫ਼ਲਤਾ ਲਈ ਸਕਾਰਾਤਮਕ ਤਣਾਅ ਅਤੇ ਥੋੜ੍ਹਾ ਜਿਹਾ ਡਰ ਵੀ ਜ਼ਰੂਰੀ ਹੈ,ਇਸ ਨਾਲ ਹੀ ਪ੍ਰੇਰਨਾ ਮਿਲਦੀ ਹੈ। ਇਸ ਦੇ ਨਾਲ ਪੂਰਾ ਸਾਲ ਠੋਸ ਯੋਜਨਾਬੰਦੀ ਨਾਲ ਮਿਹਨਤ ਕਰਨ ਅਤੇ ਨਕਾਰਾਤਮਕ ਤਣਾਅ ਤੋਂ ਮੁਕਤ ਰਹਿਣਾ ਬੇਹੱਦ ਜ਼ਰੂਰੀ ਹੈ । ਨਕਾਰਾਤਮਕ ਤਣਾਅ ਹਮੇਸ਼ਾਂ ਅਸੁਰੱਖਿਆ ਤੋਂ ਪੈਦਾ ਹੁੰਦਾ ਹੈ। ਜਦੋਂ ਵਿਦਿਆਰਥੀ ਸਕੂਲ ਜਾਂ ਕਾਲਜ ਵਿੱਚ ਪੂਰਾ ਸਾਲ ਪੜ੍ਹਾਈ ਤੋਂ ਦੂਰ ਰਹਿੰਦਾ ਹੈ ਤਾਂ , ਪ੍ਰੀਖਿਆ ਦੇ ਨਜ਼ਦੀਕ ਭਵਿੱਖ ਪ੍ਰਤੀ ਚਿੰਤਤ ਹੋਇਆ ਮਾਨਸਿਕ ਤਣਾਅ ਵਿੱਚ ਆ ਜਾਂਦਾ ਹੈ । ਇਸ ਲਈ ਜ਼ਰੂਰੀ ਹੈ ਕਿ ਸਮਾਂ ਰਹਿੰਦੇ ਹੀ ਇਸ ਦਾ ਹੱਲ ਸੋਚਿਆ ਜਾਵੇ ਤਾਂ ਮਾਨਸਿਕ ਤਣਾਅ ਤੋਂ ਬਚਿਆ ਜਾ ਸਕਦਾ ਹੈ । ਇਸ ਲਈ ਜ਼ਰੂਰੀ ਹੈ ਕਿ ਵਿਦਿਆਰਥੀਆਂ ਨੂੰ ਸਭ ਤੋਂ ਪਹਿਲਾਂ ਤਣਾਅ ਦੇ ਕਾਰਨਾਂ ਦਾ ਪਤਾ ਲਗਾਉਣਾ ਚਾਹੀਦਾ ਹੈ । ਮਾਪਿਆਂ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਇਸ ਨੂੰ ਦੁਰ ਕਰਨ ਦਾ ਯਤਨ ਕਰਨਾ ਚਾਹੀਦਾ ਹੈ।
ਵਿਦਿਆਰਥੀ ਜੀਵਨ ਵਿੱਚ ਕੀਤੇ ਜਾਣ ਵਾਲੀ ਪੜ੍ਹਾਈ ਦੀ ਠੋਸ ਯੋਜਨਾਬੰਦੀ ਅਤੀ ਜ਼ਰੂਰੀ ਹੈ ਅਤੇ ਉਸ ਯੋਜਨਾ ਅਨੁਸਾਰ ਪੜਾਈ ਕਰਨ ਦੀ ਇੱਛਾ ਸ਼ਕਤੀ ਦਾ ਹੋਣਾ ਵੀ ਜ਼ਰੂਰੀ ਹੈ । ਕੁੱਝ ਸਮੇਂ ਬਾਅਦ ਕੀਤੇ ਕੰਮਾਂ ਦੀ ਯੋਜਨਾ ਅਨੁਸਾਰ ਸੋਚੇ ਕੰਮ ਨਾਲ ਤੁਲਨਾ ਜ਼ਰੂਰ ਕਰਨੀ ਚਾਹੀਦੀ ਹੈ ।ਪ੍ਰੀਖਿਆ ਦੇ ਦਿਨਾਂ ਵਿੱਚ ਨਕਾਰਾਤਮਕ ਵਿਚਾਰਾਂ ਅਤੇ ਨਕਾਰਾਤਮਕ ਲੋਕਾਂ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ । ਸਮਾਂ ਪ੍ਰਬੰਧਨ ਰਾਹੀਂ ਜੇ ਪੂਰੇ ਦਿਨ ਦੀ ਉਚਿਤ ਸਮਾਂ ਸਾਰਣੀ ਨਿਸ਼ਚਿਤ ਕਰ ਲਈ ਜਾਵੇ, ਜਿਸ ਵਿੱਚ ਪੜ੍ਹਾਈ ਦਾ ਸਮਾਂ ਨਿਸ਼ਚਿਤ ਕਰਨ ਤੋਂ ਇਲਾਵਾ ਥੋਡ਼੍ਹਾ ਸਮਾਂ ਕੁਛ ਰੋਮਾਂਚਿਕ ਗਤੀਵਿਧੀਆਂ ਲਈ ,ਸੈਰ ਜਾ ਕਸਰਤ ਦੇ ਇਲਾਵਾ ਇਕਾਗਰਤਾ ਬਣਾਈ ਰੱਖਣ ਅਤੇ ਊਰਜਾ ਭਰਪੂਰ ਦਿਨ ਬਤੀਤ ਕਰਨ ਲਈ 6 ਤੋ 7 ਘੰਟੇ ਦੀ ਨੀਂਦ ਅਤੇ ਸੰਤੁਲਿਤ ਖੁਰਾਕ ਜ਼ਰੂਰ ਲੈਣੀ ਚਾਹੀਦੀ ਹੈ । ਕਾਲਜ਼ ਪੜ੍ਹਦੇ ਲੜਕੇ ਅਤੇ ਲੜਕੀਆਂ ਵਿਚ ਫ਼ਿਲਮੀ ਤਰਜ਼ ਤੇ ਅਖੌਤੀ ਪਿਆਰ ਦੇ ਬਨਦੇ ਅਤੇ ਟੁਟਦੇ ਰਿਸ਼ਤੇ ਵੀ ਵਿਦਿਆਰਥੀ ਵਰਗ ਵਿੱਚ ਤਨਾਅ ਦਾ ਵੱਡਾ ਕਾਰਨ ਬਣ ਰਹੇ ਹਨ। ਇਸ ਸਬੰਧੀ ਅਧਿਆਪਕਾਂ ਅਤੇ ਮਾਪਿਆਂ ਵੱਲੋਂ ਯੋਗ ਅਗਵਾਈ ਵੀ ਬੇਹੱਦ ਜ਼ਰੂਰੀ ਹੈ।
ਮੌਜੂਦਾ ਸਮੇਂ ਵਿਚ ਫੋਨ ਅਤੇ ਸੋਸ਼ਲ ਮੀਡੀਆ ਦੀ ਬੇਲੋੜੀ ਵਰਤੋਂ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਬਹੁਤ ਵੱਡੀ ਰੁਕਾਵਟ ਬਣ ਰਹੀ ਹੈ। ਇਨ੍ਹਾਂ ਸਾਧਨਾਂ ਦੀ ਸੁਚੱਜੀ ਵਰਤੋਂ ਕਰਕੇ ਵਿਦਿਆਰਥੀ ਗਿਆਨ ਦਾ ਖ਼ਜ਼ਾਨਾ ਹਾਸਿਲ ਕਰ ਸਕਦਾ ਸੀ ,ਪ੍ਰੰਤੂ ਨੌਜਵਾਨ ਵਰਗ ਇਸ ਦੀ ਗੁਲਾਮੀ ਵੱਲ ਵੱਧ ਰਿਹਾ ਹੈ । ਵਿਦਿਆਰਥੀ ਪ੍ਰਤੀ ਮਾਪਿਆਂ ਦਾ ਰਵੱਈਆ ਉਤਸ਼ਾਹਿਤ ਕਰਨ ਵਾਲਾ ਹੋਣਾ ਚਾਹੀਦਾ ਹੈ । ਪੜ੍ਹਾਈ ਸਬੰਧੀ ਸਖ਼ਤੀ ਕਰਨਾ ਜਾਂ ਵਿਸ਼ੇ ਦੀ ਚੋਣ ਥੋਪਣਾ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ । ਵਿਦਿਆਰਥੀਆਂ ਨੂੰ ਜ਼ਰੂਰਤ ਪੈਣ ਤੇ ਮਾਹਿਰ ਕੋਲੋਂ ਕੌਂਸਲਿੰਗ ਵੀ ਕਰਵਾਈ ਜਾ ਸਕਦੀ ਹੈ। ਉਸ ਨੂੰ ਇਹ ਅਹਿਸਾਸ ਕਰਾਉਣ ਦੀ ਜ਼ਰੂਰਤ ਹੈ ਕਿ ਪ੍ਰੀਖਿਆ ਦੇ ਕੁਝ ਦਿਨ ਗੰਭੀਰ ਜ਼ਰੂਰ ਰੱਖ ਸਕਦੇ ਹਨ ,ਪ੍ਰੰਤੂ ਜੇ ਉਚਿਤ ਯੋਜਨਾਬੰਦੀ ਕਰਕੇ ਮਿਹਨਤ ਕੀਤੀ ਜਾਵੇ ਤਾ ਇਸ ਦੇ ਨਤੀਜੇ ਸਮੁੱਚਾ ਜੀਵਨ ਸਫਲ ਬਨਾ ਸਕਦੇ ਹਨ।
ਸਿੱਖਿਆ ਦਾ ਉਦੇਸ਼ ਸਾਖ਼ਰਤਾ ਦੇ ਨਾਲ ਨਾਲ ਮਨੁੱਖੀ ਗੁਣਾਂ ਅਤੇ ਮਨੁੱਖੀ ਕਦਰਾਂ ਕੀਮਤਾਂ ਪੈਦਾ ਕਰਨਾ ਹੈ । ਅੱਜ ਦੇ ਮੁਕਾਬਲੇ ਦੇ ਯੁੱਗ ਵਿੱਚ ਜੇ ਪ੍ਰੀਖਿਆ ਦੇ ਵਿੱਚ ਵੱਧ ਅੰਕ ਲੈਣ, ਮੈਡੀਕਲ ਅਤੇ ਇੰਜਨੀਅਰਿੰਗ ਦੇ ਦਾਖਲਾ ਟੈਸਟ ਪਾਸ ਕਰਨ ਅਤੇ ਸਿਲੇਬਸ ਨੂੰ ਰੱਟਾ ਲਗਾਉਣ ਦੇ ਨਾਲ ਨਾਲ ਜੇ ਵਿਦਿਆਰਥੀਆਂ ਨੂੰ ਚੰਗਾ ਇਨਸਾਨ ਬਣਾਉਣ ਲਈ ਉਸ ਵਿੱਚ ਚਰਿੱਤਰ ਨਿਰਮਾਣ, ਸਿਰਜਨਾਤਮਕ ਗੁਣ, ਸਵੈ ਅਨੁਸ਼ਾਸਨ ,ਸਹਿਨਸ਼ੀਲਤਾ , ਸਹਿਯੋਗ ਦੀ ਭਾਵਨਾ , ਮਿਹਨਤ , ਇਮਾਨਦਾਰੀ,ਬਜ਼ੁਰਗਾਂ ਦੀ ਸੇਵਾ, ਚੰਗੀ ਲੀਡਰਸ਼ਿਪ ਦੇ ਗੁਣ ,ਸਰੀਰਕ ਅਤੇ ਮਾਨਸਿਕ ਸਿਹਤ ਦੀ ਮਹੱਤਤਾ , ਭਾਰਤੀ ਸਭਿਆਚਾਰ ਦਾ ਗਿਆਨ , ਸਮੇ ਦੀ ਉਚਿਤ ਵਰਤੋਂ , ਨਸ਼ਾ ਮੁਕਤ ਸਮਾਜ ਅਤੇ ਕੁਦਰਤ ਅਤੇ ਵਾਤਾਵਰਣ ਦੀ ਸੰਭਾਲ ਕਰਨ ਵਰਗੇ ਮਨੁੱਖੀ ਗੁਣ ਪੈਦਾ ਕਰਾਂਗੇ ਤਾਂ ਇਸ ਨਾਲ ਜਿੱਥੇ ਅਨੇਕਾਂ ਸਮਾਜਿਕ ਸਮੱਸਿਆਵਾਂ ਹੱਲ ਹੋਣਗੀਆਂ, ਉੱਥੇ ਵਿਦਿਆਰਥੀ ਚੰਗਾ ਇਨਸਾਨ ਬਣੇਗਾ ,ਚੰਗਾ ਇਨਸਾਨ ਹਮੇਸ਼ਾਂ ਸਫ਼ਲਤਾ ਦੀਆਂ ਬੁਲੰਦੀਆਂ ਤੇ ਪਹੁੰਚਦਾ ਹੈ।
ਡਾ. ਸਤਿੰਦਰ ਸਿੰਘ ਸਟੇਟ ਅਤੇ ਨੈਸ਼ਨਲ ਅਵਾਰਡੀ ਪ੍ਰਿੰਸੀਪਲ ਧਵਨ ਕਲੋਨੀ , ਫਿਰੋਜ਼ਪੁਰ ਸ਼ਹਿਰ 9815427554