Ferozepur News
ਸਿਹਤ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵੱਖ-ਵੱਖ ਖਾਣ-ਪੀਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਚੈਕਿੰਗ ਦੌਰਾਨ ਖਾਣ-ਪੀਣ ਦੀਆਂ ਵਸਤੂਆਂ ਦੇ ਲਏ ਗਏ ਸੈਂਪਲ
ਫ਼ਿਰੋਜ਼ਪੁਰ 3 ਅਗਸਤ 2018 (Manish Bawa ) ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਨੂੰ ਧਿਆਨ ਰੱਖਦਿਆਂ ਅਤੇ ਲੋਕਾਂ ਨੂੰ ਸ਼ੁੱਧ ਤੇ ਮਿਆਰੀ ਖਾਣ-ਪੀਣ ਵਾਲੀਆਂ ਵਸਤੂਆਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ 'ਮਿਸ਼ਨ ਤੰਦਰੁਸਤ ਪੰਜਾਬ' ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਸ਼੍ਰੀ ਅਮਿਤ ਜੋਸ਼ੀ ਸਹਾਇਕ ਕਮਿਸ਼ਨਰ ਫੂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੀ ਟੀਮ ਵੱਲੋਂ ਵੱਖ-ਵੱਖ ਖਾਣ-ਪੀਣ ਦੀਆਂ ਦੁਕਾਨਾਂ ਤੇ ਚੈਕਿੰਗ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਫੂਡ ਇੰਸਪੈਕਟਰ ਸ਼੍ਰੀ ਮਨਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਜਿਸ ਵਿਚ ਸ੍ਰ: ਬਲਵੀਰ ਚੰਦ, ਸ੍ਰ: ਗੁਰਮੀਤ ਸਿੰਘ ਅਤੇ ਸ੍ਰ: ਗੁਰਵਿੰਦਰ ਸਿੰਘ ਵੱਲੋਂ ਵੱਖ-ਵੱਖ ਦੁਕਾਨਾਂ ਦੀ ਚੈਕਿੰਗ ਕਰਕੇ ਖਾਣ-ਪੀਣ ਦੀਆਂ ਵਸਤੂਆਂ ਦੇ ਸੈਂਪਲ ਲਏ ਗਏ ਹਨ। ਜਿਸ ਵਿਚੋਂ ਸਤਕਾਰ ਡੇਅਰੀ ਤੋਂ ਦੇਸੀ ਘਿਓ, ਗੌਰਵ ਟਰੇਡਿੰਗ ਕੰਪਨੀ ਤੋਂ ਮਸਟਰਡ ਤੇਲ, ਪੰਜ ਤਾਰਾ ਹੋਟਲ ਤੋਂ ਗਰੇਵੀ, ਆਨੰਦ ਜੂਸ ਬਾਰ ਤੋਂ ਜੂਸ ਅਤੇ ਨਰੇਸ਼ ਕੁਮਾਰ/ਪਰਵੀਨ ਕੁਮਾਰ ਕੰਪਨੀ ਤੋਂ ਵੀ ਘਿਓ ਦੇ ਸੈਂਪਲ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਲਏ ਗਏ ਸੈਂਪਲਾਂ ਦਾ ਨਿਰੀਖਣ ਕਰਨ ਲਈ ਖਰੜ ਲੈਬਾਰਟਰੀ ਵਿਖੇ ਭੇਜਿਆ ਜਾਵੇਗਾ, ਜੇਕਰ ਇਨ੍ਹਾਂ ਵਿਚ ਕੋਈ ਮਿਲਾਵਟ ਪਾਈ ਜਾਂਦੀ ਹੈ ਤਾਂ ਇਨ੍ਹਾਂ ਦੁਕਾਨਦਾਰਾਂ/ਫ਼ਰਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸ਼੍ਰੀ ਮਨਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਦੁੱਧ ਅਤੇ ਦੁੱਧ ਨਾਲ ਬਣੇ ਪਦਾਰਥ ਵੇਚਣ ਵਾਲੀਆਂ ਦੁਕਾਨਾਂ/ਡੇਅਰੀਆਂ ਤੇ ਚੈਕਿੰਗ ਕੀਤੀ ਜਾਵੇਗੀ, ਜੇਕਰ ਕੋਈ ਵੀ ਦੁਕਾਨਦਾਰ/ਵਿਕਰੇਤਾ ਮਿਲਾਵਟੀ ਵਸਤੂ ਵੇਚਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ।