ਸਿਹਤ ਵਿਭਾਗ ਮੈਂਸਟਰੂਅਲ ਹਾਈਜੀਨ ਪ੍ਰਤੀ ਵਚਨਬੱਧ: ਸਿਵਲ ਸਰਜਨ
ਕਿਹਾ, ਵਿਭਾਗ ਵੱਲੋਂ ਆਸ਼ਾ ਕਰਮੀਆਂ ਦੀ ਮਦਦ ਨਾਲ ਕਿਸ਼ੋਰੀਆਂ ਨੂੰ ਸੈਨੇਟਰੀ ਨੈਪਕਿਨ ਮੁਹੱਈਆ ਕਰਵਾਏ ਜਾਂਦੇ ਹਨ
ਫਿਰੋਜ਼ਪੁਰ 29 ਮਈ 2020
ਸਿਵਲ ਸਰਜਨ ਡਾ. ਨਵਦੀਪ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਕੋਵਿਡ-19 (ਕਰੋਨਾ) ਮਹਾਂਮਾਰੀ ਨੂੰ ਦੇਖਦੇ ਹੋਏ ਜਿੱਥੇ ਜ਼ਿਲ੍ਹੇ ਅੰਦਰ ਕਰੋਨਾ ਰੋਗ ਨੂੰ ਕਾਬੂ ਹੇਠ ਰੱਖਣ ਲਈ ਸਰਕਾਰੀ ਨਿਰਦੇਸ਼ਾਂ ਅਤੇ ਪ੍ਰੋਟੋਕਾਲ ਅਨੁਸਾਰ ਢੁਕਵੀਆਂ ਗਤੀਵਿਧੀਆਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਹਨ ਉੱਥੇ ਵਿਭਾਗ ਵੱਲੋਂ ਚਲਾਏ ਜਾ ਰਹੇ ਹੋਰ ਵੱਖ-ਵੱਖ ਸਿਹਤ ਪ੍ਰੋਗਰਾਮਾਂ ਵੱਲ ਵੀ ਪੂਰੀ ਤਵੱਜੋ ਦਿੱਤੀ ਜਾ ਰਹੀ ਹੈ। ਇਸੇ ਲੜੀ ਤਹਿਤ ਸਿਹਤ ਵਿਭਾਗ ਵੱਲੋਂ ਰਾਸ਼ਟਰੀ ਮੈਂਸਟਰੂਅਲ ਹਾਈਜੀਨ ਪ੍ਰੋਗਰਾਮ ਨਾਲ ਸਬੰਧਿਤ ਰਾਸ਼ਟਰੀ ਦਿਵਸ ਨੂੰ ਸਮਰਪਿਤ ਵਿਭਾਗ ਦੇ ਇੱਕ ਅਹਿਮ ਪ੍ਰੋਗਰਾਮ ਦੌਰਾਨ ਕਿਸ਼ੋਰੀਆਂ ਅਤੇ ਔਰਤਾਂ ਨੂੰ ਮੈਂਸਟਰੂਅਲ (ਮਾਹਵਾਰੀ) ਸਿਹਤ ਅਤੇ ਸਫ਼ਾਈ ਮੇਨਟੇਨ ਕਰਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਕਿਸ਼ੋਰੀਆਂ ਅਤੇ ਔਰਤਾਂ ਦੀ ਸਿਹਤ ਅਤੇ ਸਨਮਾਨ ਲਈ ਸੁਰੱਖਿਅਤ ਮਾਹਵਾਰੀ ਬਹੁਤ ਜ਼ਰੂਰੀ ਹੈ। ਮਾਹਵਾਰੀ ਨਾਲ ਜੁੜੀਆਂ ਗ਼ਲਤ ਧਾਰਨਾਵਾਂ ਅਤੇ ਮਿੱਥਾਂ ਨੂੰ ਦੂਰ ਕਰਨ ਲਈ ਕਿਸ਼ੋਰੀਆਂ ਨਾਲ ਇਸ ਬਾਰੇ ਗੱਲਬਾਤ ਕਰਨਾ ਬਹੁਤ ਮਹੱਤਵਪੂਰਨ ਹੈ। ਅਜਿਹਾ ਮਾਹਵਾਰੀ ਦੌਰਾਨ ਪ੍ਰਚੱਲਿਤ ਸਵੱਸਥਿਕ ਸਾਫ-ਸਫਾਈ ਨਾ ਰੱਖਣ ਦੇ ਵਿਹਾਰ ਕਾਰਨ ਹੋਣ ਵਾਲੇ ਲਾਗ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਆਸ਼ਾ ਕਰਮੀਆਂ ਦੀ ਮਦਦ ਨਾਲ ਕਿਸ਼ੋਰੀਆਂ ਨੂੰ ਸੈਨੇਟਰੀ ਨੈਪਕਿਨ ਮੁਹੱਈਆ ਕਰਵਾਏ ਜਾਂਦੇ ਹਨ ਅਤੇ ਹਰ ਇੱਕ ਆਸ਼ਾ ਕਰਮੀ ਵੱਲੋਂ ਆਪਣੇ ਖੇਤਰ ਦੀਆਂ ਕਿਸ਼ੋਰੀਆਂ (10 ਤੋਂ 19 ਸਾਲ ਦੀਆਂ ਲੜਕੀਆਂ) ਦੀ ਮਹੀਨੇ ਵਿੱਚ ਇੱਕ ਮੀਟਿੰਗ ਕੀਤੀ ਜਾਂਦੀ ਹੈ। ਜਿਸ ਵਿੱਚ ਮੈਂਸਟਰੂਅਲ ਹਾਈਜੀਨ, ਸੈਨੇਟਰੀ ਨੈਪਕਿਨ ਅਤੇ ਇਨ੍ਹਾਂ ਨੂੰ ਵਰਤਣ ਉਪਰੰਤ ਇਹਨਾਂ ਦੇ ਉਚਿੱਤ ਨਿਪਟਾਰੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵਿਭਾਗ ਵੱਲੋਂ ਰਾਸ਼ਟਰੀ ਕਿਸ਼ੋਰ ਸਵੱਸਥ ਪ੍ਰੋਗਰਾਮ ਅਧੀਨ ਚਲਾਏ ਜਾ ਰਹੇ ਉਮੰਗ ਕਲੀਨਿਕਾਂ ਵਿਚ ਵੀ ਕਿਸ਼ੋਰੀਆਂ ਨੂੰ ਨਿੱਜੀ ਸਾਫ਼ ਸਫ਼ਾਈ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।