Ferozepur News
ਸਿਹਤ ਵਿਭਾਗ ਦੀ ਟੀਮ ਵੱਲੋਂ ਸ਼ਾਂਤੀ ਨਗਰ ਅਤੇ ਕਸੂਰੀ ਗੇਟ ਇਲਾਕੇ ਦੇ ਘਰਾਂ ਵਿੱਚ ਕੀਤੀ ਗਈ ਚੈਕਿੰਗ ਚੈਕਿੰਗ ਦੌਰਾਨ 8 ਘਰਾਂ ਵਿੱਚ ਡੇਂਗੂ ਬਿਮਾਰੀ ਫੈਲਾਉਣ ਵਾਲੇ ਏਡੀਜ਼ ਮੱਛਰ ਦਾ ਪਾਇਆ ਗਿਆ ਲਾਰਵਾ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਵੱਲੋਂ ਸੈਮੀਨਾਰ ਅਤੇ ਵਰਕਸ਼ਾਪ ਕਰਵਾ ਕੇ ਲੋਕਾਂ ਨੂੰ ਡੇਂਗੂ ਦੀ ਬਿਮਾਰੀ ਬਾਰੇ ਕੀਤਾ ਜਾ ਰਿਹਾ ਜਾਗਰੂਕ
ਫ਼ਿਰੋਜ਼ਪੁਰ 24 ਅਗਸਤ 2018(Manish Bawa ) ਸਿਵਲ ਸਰਜਨ ਡਾ ਸੁਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੇਂਗੂ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਦੀ ਟੀਮ ਵੱਲੋਂ ਸ਼ਾਂਤੀ ਨਗਰ ਅਤੇ ਕਸੂਰੀ ਗੇਟ ਇਲਾਕੇ ਦਾ ਦੌਰਾ ਕਰ ਕੇ ਇਲਾਕੇ ਦੇ ਵੱਖ-ਵੱਖ ਘਰਾਂ ਵਿਚ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ 8 ਘਰਾਂ ਵਿਚ ਡੇਂਗੂ ਬਿਮਾਰੀ ਫੈਲਾਉਣ ਵਾਲੇ ਏਡੀਜ਼ ਮੱਛਰ ਦਾ ਲਾਰਵਾ ਪਾਇਆ ਗਿਆ। ਸਿਹਤ ਵਿਭਾਗ ਦੀ ਟੀਮ ਵੱਲੋਂ ਨਗਰ ਕੌਂਸਲ ਨਾਲ ਤਾਲਮੇਲ ਕਰ ਕੇ ਸੈਨੇਟਰੀ ਇੰਸਪੈਕਟਰ ਦੁਆਰਾ ਪੰਜਾਬ ਮਿਉਂਸੀਪਲ ਐਕਟ 1911 ਦੀ ਧਾਰਾ 211, 219 ਦੇ ਤਹਿਤ ਸਬੰਧਿਤ ਸੰਸਥਾ ਨੂੰ ਚਲਾਨ ਕਰਨ ਲਈ ਸੂਚਿਤ ਕੀਤਾ ਗਿਆ।
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਵੱਲੋਂ ਸੈਮੀਨਾਰ ਅਤੇ ਵਰਕਸ਼ਾਪ ਕਰਵਾ ਕੇ ਲੋਕਾਂ ਨੂੰ ਡੇਂਗੂ ਦੀ ਬਿਮਾਰੀ ਤੋ ਬਚਣ ਅਤੇ ਰੋਕਥਾਮ ਸਬੰਧੀ ਸਿਹਤ ਸਿੱਖਿਆ ਦਿੱਤੀਆਂ ਜਾ ਰਹੀਆਂ ਹਨ ਅਤੇ ਮਾਇਕਿੰਗ ਆਦਿ ਕਰਵਾ ਕੇ ਵੀ ਜਨਤਾ ਨੂੰ ਡੇਂਗੂ ਬੁਖ਼ਾਰ ਤੋ ਬਚਣ ਅਤੇ ਰੋਕਥਾਮ ਸਬੰਧੀ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਵੱਲੋਂ ਜ਼ਿਲ੍ਹੇ ਦੇ ਸਮੂਹ ਪ੍ਰਾਈਵੇਟ ਹਸਪਤਾਲਾਂ ਦੇ ਮੁਖੀਆ ਨੂੰ ਹਦਾਇਤ ਕੀਤੀ ਗਈ ਹੈ ਕਿ ਜੇਕਰ ਉਨ੍ਹਾਂ ਦੀ ਸੰਸਥਾ ਵਿੱਚ ਡੇਂਗੂ ਦਾ ਕੋਈ ਸ਼ੱਕੀ ਮਰੀਜ਼ ਆਉਂਦਾ ਹੈ ਤਾਂ ਉਸ ਦਾ ਬਲੱਡ ਸੈਂਪਲ ਤੁਰੰਤ ਸਿਵਲ ਹਸਪਤਾਲ ਫ਼ਿਰੋਜਪੁਰ ਵਿਖੇ ਜਾਂਚ ਲਈ ਭੇਜਿਆ ਜਾਵੇ ਅਤੇ ਆਪਣੀ ਸੰਸਥਾ ਵਿੱਚ ਆਉਣ ਵਾਲੇ ਡੇਂਗੂ ਦੇ ਮਰੀਜ਼ਾਂ ਦੀ ਰੋਜ਼ਾਨਾ ਰਿਪੋਰਟ ਦਫ਼ਤਰ ਸਿਵਲ ਸਰਜਨ, ਫ਼ਿਰੋਜ਼ਪੁਰ ਵਿਖੇ ਭੇਜੀ ਜਾਵੇ।
ਇਸ ਤੋਂ ਇਲਾਵਾ ਸਿਵਲ ਸਰਜਨ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਡੇਂਗੂ ਜਿਹੀ ਭਿਆਨਕ ਬਿਮਾਰੀ ਨੂੰ ਰੋਕਣ ਲਈ ਆਪਣੇ ਘਰਾਂ ਦੇ ਆਲ਼ੇ ਦੁਆਲੇ ਪਾਣੀ ਨਾ ਖੜ੍ਹਾ ਹੋਣ ਦਿੱਤਾ ਜਾਵੇ ਅਤੇ ਸਾਫ਼ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ, ਜਿਸ ਨਾਲ ਮੱਛਰਾਂ ਦੀ ਪੈਦਾਵਾਰ ਤੇ ਰੋਕ ਲਗਾਈ ਜਾ ਸਕੇ। ਜੇਕਰ ਆਪ ਨੂੰ ਆਪਣੇ ਘਰ ਵਿੱਚ ਜਾਂ ਆਸ ਪਾਸ ਕੋਈ ਡੇਂਗੂ ਦਾ ਸੱਕੀ ਮਰੀਜ਼ ਲੱਗਦਾ ਹੈ ਤਾਂ ਉਸ ਦਾ ਚੈਕ-ਅੱਪ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ਵਿੱਚ ਕਰਵਾਇਆ ਜਾਵੇ। ਡੇਂਗੂ ਦਾ ਟੈੱਸਟ ਅਤੇ ਸੁਪੋਰਟਿਵ ਇਲਾਜ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਆਮ ਜਨਤਾ ਨੂੰ ਸੂਚਿਤ ਕੀਤਾ ਹੈ ਕਿ ਜੇਕਰ ਕਿਸੇ ਦਫ਼ਤਰ/ਘਰ ਵਿੱਚ ਮੱਛਰ ਦਾ ਲਾਰਵਾ ਮਿਲਦਾ ਹੈ ਤਾਂ ਉਸ ਦੇ ਮੁਖੀ ਨੂੰ ਪੰਜਾਬ ਮਿਉਂਸੀਪਲ ਐਕਟ 1911 ਦੀ ਧਾਰਾ 211, 219 ਦੇ ਤਹਿਤ 500 ਤੋ ਲੈ ਕੇ 11000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਇਸ ਮੌਕੇ ਸੈਨੇਟਰੀ ਇੰਸਪੈਕਟਰ ਸ਼ਾਮ ਸਿੰਘ , ਰਵਿੰਦਰ ਕੁਮਾਰ, ਪੁਨੀਤ ਮਹਿਤਾ, ਸੁਖਮੰਦਰ ਸਿੰਘ ਆਦਿ ਹਾਜ਼ਰ ਸਨ।