ਸਿਵਲ ਸੇਵਾਵਾਂ ਦਿਵਸ‘ ਮੌਕੇ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਨੇ ਡਿਪਟੀ ਕਮਿਸ਼ਨਰ ਨੂੰ ਮੁਬਾਰਕਬਾਦ ਦਿੱਤੀ
ਟੀਚੇ ਮਿੱਥਣ ਉਪਰੰਤ ਪੂਰਤੀ ਲਈ ਸਖ਼ਤ ਮਿਹਨਤ ਕਰੋ-ਧੀਮਾਨ
‘ਸਿਵਲ ਸੇਵਾਵਾਂ ਦਿਵਸ‘ ਮੌਕੇ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਨੇ ਡਿਪਟੀ ਕਮਿਸ਼ਨਰ ਨੂੰ ਮੁਬਾਰਕਬਾਦ ਦਿੱਤੀ
ਟੀਚੇ ਮਿੱਥਣ ਉਪਰੰਤ ਪੂਰਤੀ ਲਈ ਸਖ਼ਤ ਮਿਹਨਤ ਕਰੋ-ਧੀਮਾਨ
ਵਿਦਿਆਰਥੀਆਂ ਵੱਲੋਂ ਪੁੱਛੇ ਸਵਾਲਾਂ ਦੇ ਦਿੱਤੇ ਜਵਾਬ
ਫ਼ਿਰੋਜ਼ਪੁਰ, 21 ਅਪ੍ਰੈਲ 2023: ‘ਸਿਵਲ ਸੇਵਾਵਾਂ ਦਿਵਸ‘ ਮੌਕੇ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਨੇ (ਦਾਸ ਐਂਡ ਬਰਾਊਨ ਸਕੂਲ) ਨੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਨਾਲ ਮੁਲਾਕਾਤ ਕੀਤੀ ਅਤੇ ਗੁਲਦਸਤਾ ਤੇ ਕਾਰਡ ਭੇਟ ਕਰਕੇ ‘ਸਿਵਲ ਸੇਵਾ ਦਿਵਸ‘ ਦੀ ਮੁਬਾਰਕਬਾਦ ਦਿੱਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਸਮੇਤ ਹੋਰ ਵੱਖ-ਵੱਖ ਤਰ੍ਹਾਂ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਅਤੇ ਆਪਣੇ ਤਜ਼ਰਬਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਨਿਸ਼ਾਨੇ ਮਿੱਥਣ ਉਪਰੰਤ ਇਨ੍ਹਾਂ ਨਿਸ਼ਾਨਿਆਂ ਦੀ ਪੂਰਤੀ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ।
ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਆਉਣ ਵਾਲੀਆਂ ਅਸਫ਼ਲਤਾਵਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਸਗੋਂ ਇਹ ਅਸਫ਼ਲਤਾਵਾਂ ਹੀ ਭਵਿੱਖ ਵਿੱਚ ਸਫ਼ਲਤਾ ਦੇ ਰਸਤੇ ਖੋਲ੍ਹਦੀਆਂ ਹਨ। ਸਾਨੂੰ ਇਨ੍ਹਾਂ ਤੋਂ ਸਿੱਖ ਕੇ ਅੱਗੇ ਵੱਧਣਾ ਚਾਹੀਦਾ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਖੇਡਾਂ ਤੇ ਹੋਰ ਸਮਾਜਿਕ ਗਤੀਵਿਧੀਆਂ ਦਾ ਹਿੱਸਾ ਬਣਨ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਫ਼ਲਤਾ ਪਾਉਣ ਲਈ ਸਿੱਖਿਆ ਦੇ ਨਾਲ ਨਾਲ ਮਾਨਸਿਕ ਸਿਹਤਮੰਦ ਹੋਣਾ ਵੀ ਓਨਾ ਹੀ ਜ਼ਰੂਰੀ ਹੈ। ਇਸ ਲਈ ਵਿਦਿਆਰਥੀ ਜੀਵਨ ਵਿੱਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਹੋਰ ਗਤੀਵਿਧੀਆਂ ਦਾ ਸੰਤੁਲਣ ਹੋਣਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮਾਨਸਿਕ ਦ੍ਰਿੜਤਾ ਅਤੇ ਸਵੈ-ਭਰੋਸੇ ਨਾਲ ਨਾਲ ਪੜ੍ਹਾਈ ‘ਤੇ ਧਿਆਨ ਕੇਂਦਰਿਤ ਕਰਕੇ ਚੰਗਾ ਭਵਿੱਖ ਬਣਾਇਆ ਜਾ ਸਕਦਾ ਹੈ। ਇਸ ਦੌਰਾਨ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਨੂੰ ਸਿਵਲ ਸੇਵਾਵਾਂ ਅਤੇ ਹੋਰ ਉੱਚਤਮ ਪ੍ਰੀਖਿਆਵਾਂ ਤੋਂ ਇਲਾਵਾ ਉਨ੍ਹਾਂ ਦੇ ਆਈ.ਏ.ਐਸ. ਅਧਿਕਾਰੀ ਵਜੋਂ ਤਜ਼ਰਬਿਆਂ ਬਾਰੇ ਆਪਣੇ ਸਵਾਲ ਵੀ ਕੀਤੇ ਜਿਨ੍ਹਾਂ ਦਾ ਡਿਪਟੀ ਕਮਿਸ਼ਨਰ ਵੱਲੋਂ ਬੜੀ ਹੀ ਹਲੀਮੀ ਤੇ ਨਿਮਰਤਾ ਨਾਲ ਜਵਾਬ ਦਿੱਤਾ ਗਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਰਤ ਸਰਕਾਰ ਹਰ ਸਾਲ 21 ਅਪ੍ਰੈਲ ਨੂੰ ‘ਸਿਵਲ ਸੇਵਾਵਾਂ ਦਿਵਸ’ ਵਜੋਂ ਮਨਾਉਂਦੀ ਹੈ। ਉਨ੍ਹਾਂ ਕਿਹਾ ਇਹ ਦਿਵਸ ਪਹਿਲੀ ਵਾਰ 21 ਅਪ੍ਰੈਲ 2006 ਨੂੰ ਮਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਦਿਵਸ ਦਾ ਅਸਲ ਅਰਥ ਹਰੇਕ ਸਿਵਲ ਸੇਵਕ ਨੂੰ ਆਮ ਆਦਮੀ ਦੇ ਜੀਵਨ ਵਿੱਚ ਮਹੱਤਵਪੂਰਨ ਸੁਧਾਰ ਲਿਆਉਣ ਲਈ ਆਪਣੇ ਆਪ ਨੂੰ ਸਮਰਪਿਤ ਕਰਨਾ ਅਤੇ ਬਿਹਤਰੀਨ ਯੋਗਦਾਨ ਪਾਉਣਾ ਹੈ।
ਇਸ ਮੌਕੇ ਸਕੂਲ ਦਾ ਸਟਾਫ ਸ੍ਰੀ ਹਰਸਨਗੀਤ, ਪੁਨੀਤ ਕੌਰ ਅਤੇ ਸ੍ਰੀ ਜਸਪਾਲ ਸਿੰਘ ਤੋਂ ਇਲਾਵਾ ਸਕੂਲ ਦੇ ਵਿਦਿਆਰਥੀ ਅਰਮਾਨਦੀਪ ਸਿੰਘ, ਇਬਾਦਤ ਕੌਰ, ਗੁਰੋਬਿੰਦਪ੍ਰੀਤ ਸਿੰਘ, ਵੈਸ਼ਨਵੀ, ਕਲੀ ਸੋਈ, ਹਰਸ਼ਿਤਾ ਅਤੇ ਜਾਨਵੀ ਸਿੰਘ ਆਦਿ ਹਾਜ਼ਰ ਸਨ ।