ਸਿਵਲ ਸਰਜਨ ਫਿਰੋਜ਼ਪੁਰ ਨੇ ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਜਿਲ੍ਹਾ ਨਿਵਾਸੀਆਂ ਨੂੰ ਆਪਣੇ ਸੰਦੇਸ਼ ਰਾਹੀਂ ਹੈਪੇਟਾਈਟਸ ਦੀ ਬਿਮਾਰੀ ਬਾਰੇ ਦਿੱਤੀ ਜਾਣਕਾਰੀ
ਕਿਹਾ, ਹੈਪੇਟਾਈਟਸ ਬੀ ਤੋਂ ਬਚਾਅ ਲਈ ਬੱਚਿਆਂ ਦਾ ਟੀਕਾਕਰਨ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਮੁਫਤ ਕੀਤਾ ਜਾਂਦਾ ਹੈ
ਫਿਰੋਜ਼ਪੁਰ 28 ਜੁਲਾਈ 2020 ਪੰਜਾਬ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ ਅਤੇ ਸਰਕਾਰੀ ਮੈਡੀਕਲ ਕਾਲਜ਼ ਫਰੀਦਕੋਟ, ਅੰਮ੍ਰਿਤਸਰ, ਅਤੇ ਪਟਿਆਲਾ ਵਿਖੇ ਹੈਪੇਟਾਈਟਸ ਸੀ ਦੀ ਜਾਂਚ ਅਤੇ ਇਲਾਜ਼ ਮੁਫਤ ਉਪਲਬਧ ਹੈ। ਇਹ ਖੁਲਾਸਾ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੇ ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਜਿਲ੍ਹਾ ਨਿਵਾਸੀਆਂ ਦੇ ਨਾਮ ਆਪਣੇ ਸੰਦੇਸ਼ ਮੌਕੋ ਕੀਤਾ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੈਪੇਟਾਈਟਸ ਜ਼ਿਗਰ ਦੀ ਸੋਜ ਦੀ ਬਿਮਾਰੀ ਹੈ, ਜੋ ਕਿ ਹੈਪੇਟਾਈਟਸ ਵਾਈਰਸ ਕਾਰਨ ਹੁੰਦੀ ਹੈ। ਹੈਪੇਟਾਈਟਸ ਏ, ਬੀ, ਸੀ, ਈ ਆਦਿ ਪ੍ਰਕਾਰ ਦਾ ਹੁੰਦਾ ਹੈ। ਇਸ ਰੋਗ ਨੂੰ ਆਮ ਭਾਸ਼ਾ ਵਿੱਚ ਪੀਲੀਏ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਇਸ ਦੇ ਲੱਛਣਾ ਵਿੱਚ ਬੁਖਾਰ, ਥਕਾਵਟ, ਭੁੱਖ ਦੀ ਕਮੀ, ਜੀਅ ਕੱਚਾ ਹੋਣਾ, ਓਲਟੀਆ, ਗਾੜੇ ਰੰਗ ਦਾ ਪੇਸ਼ਾਬ ਅਤੇ ਹਲਕੇ ਰੰਗ ਦਾ ਮਲ ਆਦਿ ਹਨ।
ਉਨ੍ਹਾਂ ਦੱਸਿਆ ਕਿ ਹੈਪੇਟਾਈਟਸ ਏ ਅਤੇ ਈ ਦੂਸ਼ਿਤ ਪਾਣੀ/ ਖਾਣੇ ਦੀ ਵਰਤੋਂ ਨਾਲ ਹੁੰਦੇ ਹਨ। ਜਦੋਂ ਕਿ ਹੈਪੇਟਾਈਟਸ ਬੀ ਅਤੇ ਸੀ ਅਸੁਰੱਖਿਅਤ ਖੂਨ ਚੜਾਉਣ ਨਾਲ ਦੂਸ਼ਿਤ ਸਿਰੰਜਾਂ/ਸੂਈਆਂ ਦੇ ਇਸਤੇਮਾਲ ਨਾਲ ਅਤੇ ਅਸਰੁੱਖਿਅਤ ਸੰਭੋਗ ਕਾਰਨ ਫੈਲ ਸਕਦਾ ਹੈ। ਉਨ੍ਹਾਂ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹਮੇਸ਼ਾ ਸਾਫ ਸੁਥਰੇ ਅਤੇ ਤਾਜੇ ਭੋਜਨ ਦਾ ਇਸਤੇਮਾਲ ਕਰਨ, ਅਸੁਰੱਖਿਅਤ ਖੂਨ ਚੜਾਉਣ, ਅਸੁਰੱਖਿਅਤ ਸੂਈਆਂ ਤੇ ਸਿਰੰਜਾਂ ਦੀ ਵਰਤੋਂ, ਟੈਟੂ ਖੁਦਵਾਉਣ ਅਤੇ ਅਸੁਰੱਖਿਅਤ ਜਿਣਸੀ ਸਬੰਧਾਂ ਤੋਂ ਬਚਣ ਤਾਂਕਿ ਹੈਪੇਟਾਈਟਸ ਦੇ ਫਲਾਅ ਨੂੰ ਰੋਕਿਆ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਹੈਪੇਟਾਈਟਸ ਬੀ ਤੋਂ ਬਚਾਅ ਲਈ ਬੱਚਿਆਂ ਦਾ ਟੀਕਾਕਰਨ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਮੁਫਤ ਕੀਤਾ ਜਾਂਦਾ ਹੈ।