Ferozepur News

ਸਾਂਝਾ ਅਧਿਆਪਕ ਮੰਚ ਫਿਰੋਜ਼ਪੁਰ ਵੱਲੋਂ ਸਰਕਾਰ ਖਿਲਾਫ ਕੀਤੀ ਗਈ ਭਰਵੀਂ ਰੋਸ-ਰੈਲੀ ਅਤੇ ਦਿੱਤਾ ਮੰਗ ਪੱਤਰ 

ਸਾਂਝਾ ਅਧਿਆਪਕ ਮੰਚ ਫਿਰੋਜ਼ਪੁਰ ਵੱਲੋਂ ਸਰਕਾਰ ਖਿਲਾਫ ਕੀਤੀ ਗਈ ਭਰਵੀਂ ਰੋਸ-ਰੈਲੀ ਅਤੇ ਦਿੱਤਾ ਮੰਗ ਪੱਤਰ
ਤਬਾਦਲਾ ਨੀਤੀ ਦੀ ਆੜ ਹੇਠ ਵਿਭਾਗ ਦੀਆਂ ਪੋਸਟਾਂ  ਤੇ ਫੇਰੀ ਜਾ ਰਹੀ ਹੈ ਕੈਂਚੀ ਅਤਿ ਮੰਦਭਾਗਾ-ਆਗੂ
ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ 3 ਮਾਰਚ ਦੇ ਐਕਸ਼ਨ ਵਿੱਚ ਕੀਤੀ ਜਾਓ ਸ਼ਮੂਲੀਅਤ
ਸਾਂਝਾ ਅਧਿਆਪਕ ਮੰਚ ਫਿਰੋਜ਼ਪੁਰ ਵੱਲੋਂ ਸਰਕਾਰ ਖਿਲਾਫ ਕੀਤੀ ਗਈ ਭਰਵੀਂ ਰੋਸ-ਰੈਲੀ ਅਤੇ ਦਿੱਤਾ ਮੰਗ ਪੱਤਰ 
ਫ਼ਿਰੋਜ਼ਪੁਰ 2 ਮਾਰਚ (    ) ਕੇਂਦਰ ਦੀ ਮੋਦੀ ਸਰਕਾਰ  ਵੱਲੋਂ ਜਾਰੀ ‘ਕੌਮੀ ਸਿੱਖਿਆ ਨੀਤੀ 2020’ ਨੂੰ ਲਾਗੂ ਕਰਕੇ ਸਿੱਖਿਆ ਖੇਤਰ ਨੂੰ ਵੀ ਬਾਕੀ ਖੇਤਰਾਂ ਵਾਂਗ ਕਾਰਪੋਰੇਟਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਤੇ ਪੰਜਾਬ ਦੀ ਕੈਪਟਨ ਸਰਕਾਰ ਵੀ ਓਸੇ ਨੀਤੀ ਦੀਆਂ ਮੱਦਾਂ ਨੂੰ ਜ਼ੋਰ-ਸ਼ੋਰ ਨਾਲ ਲਾਗੂ ਕਰਦਿਆਂ ਮਾਰੂ ਤਬਾਦਲਾ ਨੀਤੀ ਲਿਆ ਕੇ, ਲਾਗੂ ਕਰਕੇ ਪੋਸਟਾਂ ਦੀ ਵੱਡੇ ਪੱਧਰ ‘ਤੇ ਕਟੌਤੀ ਕਰ ਰਹੀ ਹੈ
ਇਸ ਸਬੰਧੀ ਸਾਂਝਾ ਅਧਿਆਪਕ ਮੰਚ ਫਿਰੋਜ਼ਪੁਰ ਦੇ ਆਗੂ ਗੁਰਜੀਤ ਸਿੰਘ ਸੋਢੀ, ਸਰਬਜੀਤ ਸਿੰਘ ਭਾਵੜਾ, ਦੀਦਾਰ ਸਿੰਘ ਮੁੱਦਕੀ,ਮਲਕੀਤ ਹਰਾਜ, ਰਾਜਦੀਪ ਸਾਈਆਂ ਵਾਲਾ, ਹਰਜੀਤ ਸਿੰਘ ਸਿੱਧੂ,ਜਗਸੀਰ ਸਿੰਘ ਭਾਂਗਰ, ਲਖਵਿੰਦਰ ਸਿਮਕ, ਵਲੋਂ ਪ੍ਰੈਸ ਬਿਆਨ ਰਾਹੀਂ ਵਿਭਾਗ ਦੀ ਤਬਾਦਲਾ ਨੀਤੀ ‘ਤੇ ਸੁਆਲ ਕਰਦਿਆਂ ਕਿਹਾ ਆਗੂਆਂ ਨੇ ਕਿਹਾ ਕਿ ਇਸ ਤੋਂ ਨੀਤੀ ਨਾਲ ਤਾਂ ਆਪਣੇ ਘਰਾਂ ਤੋਂ ਦੂਰ-ਦੁਰਾਡੇ ਸਟੇਸ਼ਨਾਂ ‘ਤੇ ਬੈਠੇ, ਆਪਣੇਂ ਪਿੱਤਰੀ ਜ਼ਿਲਿਆਂ ਵਿੱਚ ਵਾਪਸੀ ਦੀ ਉਡੀਕ ਕਰ ਰਹੇ ਅਧਿਆਪਕਾਂ ਦੀਆਂ ਸਮੱਸਿਆਵਾਂ ਵਿੱਚ ਹੋਰ ਇਜ਼ਾਫਾ ਹੋਵੇਗਾ। ਇਸ ਤੋਂ ਇਲਾਵਾ ਵਿਭਾਗ ਦੀਆਂ ਸੈਂਕੜੇ ਆਸਾਮੀਆਂ ਦਾ ਭੋਗ ਪੇ ਜਾਵੇਗਾ।ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਅਫਸਰਸ਼ਾਹੀ ਨਿੱਜੀਕਰਨ ਦੀਆਂ, ਆਊਟ ਸੋਰਸਿੰਗ ਦੀਆਂ ਨੀਤੀਆਂ ਲਾਗੂ ਕਰਨ ਲਈ ਵੱਖ ਵੱਖ ਤਰ੍ਹਾਂ ਦੇ ਹੱਥਕੰਡੇ ਵਰਤ ਰਹੀ ਹੈ। ਬਦਲੀਆਂ ਦੀ ਆੜ ਵਿੱਚ ਰੈਸ਼ਨੇਲਾਈਜ਼ੇਸ਼ਨ ਕਰਕੇ ਪ੍ਰਾਇਮਰੀ, ਮਿਡਲ, ਹਾਈ ਤੇ  ਸੈਕੰਡਰੀ ਸਕੂਲਾਂ ਦੀਆਂ ਆਸਾਮੀਆਂ ਖਤਮ ਕੀਤੀਆਂ ਜਾ ਰਹੀਆਂ ਹਨ। ਤਕਨੀਕੀ ਨੁਕਸ ਦਾ ਬਹਾਨਾ ਬਣਾ ਕੇ ਆਸਾਮੀਆਂ ਦਾ ਉਜਾੜਾ ਕੀਤਾ ਜਾ ਰਿਹਾ। ਮਿਡਲ ਸਕੂਲਾਂ ਚੋਂ ਪੀਟੀਆਈ ਅਧਿਆਪਕਾਂ ਦੀਆਂ 228 ਆਸਾਮੀਆਂ ਬਲਾਕਾਂ ਵਿੱਚ ਸ਼ਿਫਟ ਕਰ ਦਿੱਤੀਆਂ ਗਈਆਂ ਹਨ। ਜਥੇਬੰਦੀ ਪੰਜਾਬ ਸਰਕਾਰ ਦੇ ਇਹਨਾਂ ਨਾਦਰਸ਼ਾਹੀ ਫੁਰਮਾਨਾਂ ਦਾ ਤਿੱਖਾ ਵਿਰੋਧ ਕਰਦੀ ਹੈ।
ਆਗੂਆਂ ਨੇ ਕਿਹਾ ਕਿ ਆਨ ਲਾਈਨ ਸਿੱਖਿਆ ਨੀਤੀ ਨੂੰ ਥਾਪੜਾ ਦੇ ਕੇ ਸਿੱਖਣ ਪ੍ਰਕਿਰਿਆ ਵਿਚੋਂ ਅਧਿਆਪਕ ਦੀ ਭੂਮਿਕਾ ਨੂੰ ਮਨਫੀ ਕੀਤਾ ਜਾ ਰਿਹਾ ਹੈ। ਅਧਿਆਪਕਾਂ ਦੀਆਂ ਸੇਵਾਵਾਂ ਨੂੰ ਅਨਿਯਮਿਤ ਕਰਕੇ ਆਰਥਿਕ ਲਾਭਾਂ ‘ਤੇ ਕੱਟ ਲਾਇਆ ਜਾ ਰਿਹਾ ਹੈ। ਅਧਿਆਪਕਾਂ ਅਤੇ ਮੁਲਾਜ਼ਮਾਂ ਦੇ ਡੀ.ਏ. ਦੀਆਂ ਬਕਾਇਆ ਕਿਸ਼ਤਾਂ ਦੇਣ ਅਤੇ ਤਨਖਾਹ ਕਮਿਸ਼ਨ ਲਾਗੂ ਕਰਨ ਤੋਂ ਲਗਾਤਾਰ ਟਾਲਾ ਵੱਟਿਆ ਜਾ ਰਿਹਾ ਹੈ।
ਅਜਿਹੇ ਹਾਲਤਾਂ ਨੂੰ  ਮੋੜਾ ਦੇਣ ਲਈ ਦੇਸ਼ ਦੀ ਕਿਸਾਨ ਲਹਿਰ ਵਾਂਗ ਮਜਬੂਤ ਅਧਿਆਪਕ ਅਤੇ ਵਿਸ਼ਾਲ ਮੁਲਾਜਮ ਲਹਿਰ ਦੀ ਉਸਾਰੀ ਸਮੇਂ ਦੀ ਅਣਸਰਦੀ ਲੋੜ ਹੈ। ਜਿਸ ਤਹਿਤ ਸਾਂਝਾ ਅਧਿਆਪਕ ਮੰਚ ਫਿਰੋਜ਼ਪੁਰ ਹਰ ਮੁਹਾਜ਼ ‘ਤੇ ਵਿੱਢੇ ਗਏ ਲੋਕ ਸੰਘਰਸ਼ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦੀ ਰਹੇਗੀ, ਇਸ ਮੌਕੇ ਸਾਂਝਾ ਅਧਿਆਪਕ ਮੰਚ ਫਿਰੋਜ਼ਪੁਰ ਦੇ ਆਗੂ ਸਾਹਿਬਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਕੇ ਵੱਖ – ਵੱਖ ਵਿਭਾਗਾਂ ਦੀ ਆਕਾਰ-ਘਟਾਈ ਕੀਤੀ ਜਾ ਰਹੀ ਹੈ। ਪੰਜਾਬ ਵਿੱਚੋ ਵੱਖ-ਵੱਖ ਵਿਭਾਗਾਂ ਦੀਆਂ ਲੱਗਭਗ 60000 ਅਸਾਮੀਆਂ ਨੁੰ ਬੇਲੋੜੀਆਂ ਦੱਸ ਕੇ ਖਤਮ ਕੀਤਾ ਜਾ ਚੁੱਕਾ ਹੈ। ਸਿੱਖਿਆ ਵਿਭਾਗ ਦੀ ਬੇਲਗਾਮ ਅਫਸਰਸ਼ਾਹੀ ਵਂਲੋਂ ਸਕੂਲ ਵਿੱਚ ਖੌਫਜਦਾ ਮਹੌਲ ਸਿਰਜਿਆ ਜਾ ਰਿਹਾ ਹੈ। ਸਾਰਾ ਸਾਲ ਅਧਿਆਪਕਾਂ ਨੂੰ ਬੇਲੋੜੇ ਟੈਸਟਾਂ ਵਿੱਚ ਉਲਝਾਇਆ ਜਾ ਰਿਹਾ ਹੈ। ਸਾਂਝਾ ਅਧਿਆਪਕ ਮੰਚ ਫਿਰੋਜ਼ਪੁਰ ਦੇ ਆਗੂ ਸਾਹਿਬਾਨ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੰਨਜੂਰਸ਼ੁਦਾ ਪੋਸਟਾਂ ਸਕੂਲਾਂ ਵਿੱਚ ਵਾਪਸ ਨਾ ਕੀਤੀਆਂ ਗਈਆਂ, ਪੀਟੀਆਈ ਅਧਿਆਪਕਾਂ ਨੂੰ ਸਕੂਲਾਂ ਵਿੱਚ ਵਾਪਿਸ ਨਾ ਭੇਜਿਆ ਗਿਆ ਅਤੇ ਤਬਾਦਲੇ ਲਈ ਸਕੂਲਾਂ ਵਿੱਚ ਖਾਲੀ ਪੋਸਟਾਂ ਈ-ਪੰਜਾਬ ਪੋਰਟਲ ‘ਤੇ ਨਾ ਦਿਖਾਇਆ ਗਿਆ ਤਾਂ ਜਥੇਬੰਦੀ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਖਿਲਾਫ਼ ਤਿੱਖਾ ਸੰਘਰਸ਼ ਵਿੱਢੇਗੀ।
ਇਸ ਮੌਕੇ ਕੁਲਦੀਪ ਸਿੰਘ, ਜਸਪ੍ਰੀਤ ਪੁਰੀ,ਤਲਵਿੰਦਰ ਸਿੰਘ ਖਾਲਸਾ, ਸੁਰਿੰਦਰ ਸਿੰਘ ਗਿੱਲ, ਦਰਸ਼ਨ ਸਿੰਘ ਭੁੱਲਰ, ਲਖਵੀਰ ਡੋਡ, ਬਲਰਾਮ ਸ਼ਰਮਾਂ, ਅਵਤਾਰ ਪੁਰੀ, ਰਤਨਦੀਪ ਸਿੰਘ, ਗੁਰਮੀਤ ਸਿੰਘ, ਸੰਤੋਖ ਸਿੰਘ, ਰਮਾਂ ਕਾਂਤ, ਰਾਜੇਸ਼ ਧੀਗਰਾ, ਗੁਰਪ੍ਰੀਤ ਮੱਲੋਕੇ, ਗੁਰਦੇਵ ਭਾਗੋਕੇ, ਵਿਸ਼ਾਲ ਗੁਪਤਾ, ਸੁਖਵਿੰਦਰ ਸਿੰਘ, ਵਿਸ਼ਾਲ ਕੁਮਾਰ, ਹਰਪ੍ਰੀਤ ਸਿੰਘ, ਰਖਵੰਤ ਸਿੰਘ, ਉਡੀਕ ਚੰਦ, ਦਿਨੇਸ਼ ਕੁਮਾਰ, ਗੌਰਵ, ਸੰਜੀਵ, ਨਵਿੰਦਰ ਕੁਮਾਰ, ਵਿਨੋਦ ਕੁਮਾਰ, ਕੁਲਦੀਪ ਸਿੰਘ, ਸੁਮਿਤ, ਰਾਜੇਸ਼ ਗਰੋਵਰ ਆਦਿ ਹਾਜ਼ਰ ਸਨ |

Related Articles

Leave a Reply

Your email address will not be published. Required fields are marked *

Back to top button