ਸ਼ਾਹ ਦੇ ਦੌਰੇ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ, ਵਪਾਰ ਮੰਡਲ ਦੇ ਮੁਖੀ ਤੇ ਕੌਂਸਲਰ ਭਾਜਪਾ ਵਿੱਚ ਸ਼ਾਮਲ
ਸ਼ਾਹ ਦੇ ਦੌਰੇ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ, ਵਪਾਰ ਮੰਡਲ ਦੇ ਮੁਖੀ ਤੇ ਕੌਂਸਲਰ ਭਾਜਪਾ ਵਿੱਚ ਸ਼ਾਮਲ
ਫ਼ਿਰੋਜ਼ਪੁਰ, 16 ਫਰਵਰੀ, 2022: ਕੇਂਦਰੀ ਮੰਤਰੀ ਅਮਿਤ ਸ਼ਾਹ ਦੀ ਫੇਰੀ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ ਦਿੰਦਿਆਂ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਾਂਗਰਸ ਵਪਾਰ ਮੰਡਲ ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਚੰਦਰ ਮੋਹਨ ਹਾਂਡਾ ਲਾਲੋ ਅਤੇ ਕਾਂਗਰਸ ਦੀ ਮਹਿਲਾ ਕੌਂਸਲਰ ਯਾਮਿਨੀ ਸ਼ਰਮਾ ਨੂੰ ਭਾਜਪਾ ਵਿੱਚ ਸ਼ਾਮਲ ਕਰ ਲਿਆ ਹੈ। ਰਾਣਾ ਸੋਢੀ ਨੇ ਕਿਹਾ ਕਿ ਟੁਕੜਾ-ਟੁਕੜਾ ਗੈਂਗ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਲੋਕ ਖੁਦ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਵੀ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਆਗੂਆਂ ਤੋਂ ਦੁਖੀ ਹੋ ਕੇ ਭਾਜਪਾ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਪੰਜ ਸਾਲਾਂ ਵਿੱਚ ਕਾਂਗਰਸ ਨੇ ਗੁੰਡਾਗਰਦੀ, ਧੱਕੇਸ਼ਾਹੀ ਅਤੇ ਝੂਠੇ ਪਰਚੇ ਕਰਵਾਉਣ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਇਲਾਕੇ ਦਾ ਵਿਕਾਸ ਕਰਵਾਉਣ ਦੀ ਬਜਾਏ ਆਪਣੇ ਅਤੇ ਆਪਣੇ ਚਹੇਤਿਆਂ ਦੇ ਘਰਾਂ ਦਾ ਵਿਕਾਸ ਕਰਵਾ ਲਿਆ ਹੈ। ਕਾਂਗਰਸੀ ਵਿਧਾਇਕ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਰਾਣਾ ਸੋਢੀ ਨੇ ਕਿਹਾ ਕਿ ਲੋਕ ਵਿਕਾਸ ਅਤੇ ਸ਼ਾਂਤੀ ਪਸੰਦ ਸ਼ਾਸਨ ਚਾਹੁੰਦੇ ਹਨ ਅਤੇ ਅਜਿਹਾ ਮਾਹੌਲ ਸਿਰਫ਼ ਭਾਜਪਾ ਹੀ ਪ੍ਰਦਾਨ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ 11 ਨੁਕਾਤੀ ਏਜੰਡਾ ਜਨਤਾ ਦੀ ਕਚਹਿਰੀ ਵਿੱਚ ਚਲਾ ਗਿਆ ਹੈ। ਭਾਜਪਾ ਦੀ ਸਰਕਾਰ ਬਣਨ ‘ਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ।