ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਸਟਾਫ ਵੱਲੋਂ ਤਨਖਾਹਾਂ ਨਾ ਮਿਲਣ ਤੇ ਕਲਮ ਛੋੜ ਹੜਤਾਲ ਜਾਰੀ
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਸਟਾਫ ਵੱਲੋਂ ਤਨਖਾਹਾਂ ਨਾ ਮਿਲਣ ਤੇ ਕਲਮ ਛੋੜ ਹੜਤਾਲ ਜਾਰੀ
ਫਿਰੋਜ਼ਪੁਰ, 1ਮਾਰਚ 18, 2024: ਆਪ ਸਰਕਾਰ ਸ਼ਹੀਦ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਦੀ ਹੈ ਪ੍ਰੰਤੂ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦਾ ਸਟਾਫ ਪਿਛਲੇ ਛੇ ਮਹੀਨੇ ਤੋਂ ਤਨਖਾਹਾਂ ਤੋਂ ਵਾਂਝਾ ਚੱਲ ਰਿਹਾ ਹੈ। ਸਰਕਾਰ ਵੱਲੋਂ ਯੂਨੀਵਰਸਿਟੀ ਨੂੰ 15 ਕਰੋੜ ਦੀ ਸਲਾਨਾ ਗਰਾਟ ਦਿੱਤੀ ਜਾ ਰਹੀ ਹੈ। ਆਪ ਸਰਕਾਰ ਨੇ 2022 ਵਿੱਚ ਯੂਨੀਵਰਸਿਟੀ ਦੀ ਸਲਾਨਾ ਗਰਾਂਟ 15 ਕਰੋੜ ਵਧਾ ਕੇ ਦੁਗਣੀ ਜਾਰੀ ਕਰਨ ਦਾ ਐਲਾਨ ਕੀਤਾ ਸੀ। ਪ੍ਰੰਤੂ ਸਰਕਾਰ ਹਰ ਸਾਲ ਵਾਅਦੇ ਤੋਂ ਮੁੱਕਰ ਜਾਂਦੀ ਹੈ।
ਇਸ ਸਾਲ ਦੇ ਬਜਟ ਵਿੱਚ ਵੀ ਯੂਨੀਵਰਸਿਟੀ ਦੀ ਗਰਾਂਟ ਵਿਚ ਕੋਈ ਵਾਧਾ ਨਜ਼ਰ ਨਹੀਂ ਆ ਰਿਹਾ ਹੈ। ਜੋਆਇੰਟ ਐਕਸ਼ਨ ਕਮੇਟੀ ਨੇ ਦੱਸਿਆ ਕਿ ਸਮੂਹ ਸਟਾਫ ਪਹਿਲਾਂ ਵੀ ਕਲਮ ਛੋੜ ਹੜਤਾਲ ਤੇ ਗਿਆ ਸੀ। ਉਸ ਸਮੇਂ ਨਵੇਂ ਨਿਯੁਕਤ ਹੋਏ ਵਾਈਸ ਚਾਂਸਲਰ ਪ੍ਰੋਫੈਸਰ ਸੁਸ਼ੀਲ ਮਿੱਤਲ ਜੀ ਵੱਲੋਂ 15 ਦਿਨ ਦਾ ਸਮਾਂ ਮੰਗਿਆ ਗਿਆ ਸੀ ਤਾਂ ਜੋ ਯੂਨੀਵਰਸਿਟੀ ਸਟਾਫ ਦੀਆਂ ਪੈਂਡਿੰਗ ਤਨਖਾਹਾਂ ਲਈ ਸਰਕਾਰ ਤੋਂ ਸਪੈਸ਼ਲ ਗਰਾਂਟ ਜਾਰੀ ਕਰਵਾਈ ਜਾ ਸਕੇ। ਪ੍ਰੰਤੂ 20 ਦਿਨ ਬੀਤ ਜਾਣ ਤੇ ਵੀ ਸਰਕਾਰ ਵੱਲੋਂ ਗਰਾਂਟ ਜਾਰੀ ਨਹੀਂ ਕੀਤੀ ਗਈ ਹੈ। ਇਸ ਲਈ ਸਮੂਹ ਸਟਾਫ 14 ਮਾਰਚ ਤੋਂ ਕਲਮ ਛੋੜ ਹੜਤਾਲ ਤੇ ਚਲ ਰਿਹਾ ਹੈ।
ਲੰਚ ਸਮੇਂ ਦੌਰਾਨ ਸਮੂਹ ਸਟਾਫ ਵੱਲੋਂ ਗੇਟ ਰੈਲੀ ਕੱਢੀ ਗਈ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜੀ ਕੀਤੀ ਗਈ। ਜੋਆਇੰਟ ਐਕਸ਼ਨ ਕਮੇਟੀ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਤਨਖਾਹਾਂ ਲਈ ਗਰਾਂਟ ਨਹੀਂ ਜਾਰੀ ਕਰਦੀ ਇਹ ਕਲਮ ਛੋੜ ਹੜਤਾਲ ਜਾਰੀ ਰਹੇਗੀ।
ਕਮੇਟੀ ਨੇ ਦੱਸਿਆ ਕਿ ਸਰਕਾਰ ਤਨਖਾਹਾ ਤਾਂ ਦੇ ਨਹੀਂ ਰਹੀ ਪ੍ਰੰਤੂ ਸਟਾਫ ਦੀਆਂ ਇਲੈਕਸ਼ਨ ਡਿਊਟੀਆਂ ਲਗਾਈਆ ਜਾ ਰਹੀਆਂ ਹਨ। ਜਿਸ ਦਾ ਵਿਰੋਧ ਕੀਤਾ ਜਾਵੇਗਾ। ਕਮੇਟੀ ਨੇ ਦੱਸਿਆ ਕਿ ਜੇਕਰ ਜਲਦੀ ਪੈਂਡਿੰਗ ਤਨਖਾਹਾਂ ਦੀ ਗਰਾਂਟ ਜਾਰੀ ਨਾ ਕੀਤੀ ਗਈ ਤਾਂ ਚੰਡੀਗੜ੍ਹ ਤਕਨੀਕੀ ਸਿੱਖਿਆ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਦੀ ਪੂਰੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।