ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਫਿਰੋਜ਼ਪੁਰ ਤੂੜੀ ਬਜ਼ਾਰ ਵਿਖੇ ਸਥਿਤ ਗੁਪਤ ਟਿਕਾਣੇ ਉਪਰੋ ਨਜਾਇਜ਼ ਕਬਜ਼ਾ ਛਡਵਾ ਕੇ ਇਸਨੂੰ ਲਾਇਬ੍ਰੇਰੀ ਅਤੇ ਮਿਊਜ਼ੀਅਮ ਬਣਾਉਣ ਦੀ ਮੰਗ ਲਈ ਨੌਜਵਾਨ ਭਾਰਤ ਸਭਾ ਵੱਲੋਂ ਰੋਹ ਭਰਪੂਰ ਪ੍ਰਦਰਸ਼ਨ
ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਫਿਰੋਜ਼ਪੁਰ ਤੂੜੀ ਬਜ਼ਾਰ ਵਿਖੇ ਸਥਿਤ ਗੁਪਤ ਟਿਕਾਣੇ ਉਪਰੋ ਨਜਾਇਜ਼ ਕਬਜ਼ਾ ਛਡਵਾ ਕੇ ਇਸਨੂੰ ਲਾਇਬ੍ਰੇਰੀ ਅਤੇ ਮਿਊਜ਼ੀਅਮ ਬਣਾਉਣ ਦੀ ਮੰਗ ਲਈ ਨੌਜਵਾਨ ਭਾਰਤ ਸਭਾ ਵੱਲੋਂ ਰੋਹ ਭਰਪੂਰ ਪ੍ਰਦਰਸ਼ਨ
ਫਿਰੋਜ਼ਪੁਰ, 23 ਮਾਰਚ, 2023: ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਤੇ ਨੌਜਵਾਨ ਭਾਰਤ ਸਭਾ ਵੱਲੋਂ ਫਿਰੋਜ਼ਪੁਰ ਦੇ ਮੋਤੀ ਰਾਮ ਧਰਮਸ਼ਾਲਾ ਵਿਖੇ ਵੱਡਾ ਇਕੱਠ ਕੀਤਾ ਗਿਆ ਅਤੇ ਸ਼ਹੀਦਾਂ ਦੇ ਤੂੜੀ ਬਜ਼ਾਰ ਚ ਸਥਿਤ ਗੁਪਤ ਟਿਕਾਣੇ ਉਪਰੋ ਨਜਾਇਜ਼ ਕਬਜ਼ਾ ਛਡਵਾ ਕੇ ਇਸਨੂੰ ਲਾਇਬ੍ਰੇਰੀ ਅਤੇ ਮਿਊਜ਼ੀਅਮ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਗਈ। ਵੱਖ ਜ਼ਿਲ੍ਹਿਆਂ ਵਿੱਚੋਂ ਨੌਜਵਾਨ ਇਕੱਤਰ ਹੋਏ । ਉਸਤਾਦ ਪਾਲ ਮੱਲੂਵਾਲੀਆਂ ਅਤੇ ਗੁਰਪ੍ਰੀਤ ਵਾਂਦਰ ਜਟਾਣਾਂ ਇਨਕਲਾਬੀ ਗੀਤ ਸੰਗੀਤ ਪੇਸ਼ ਕੀਤਾ। ਇਸਤੋਂ ਬਾਅਦ ਸ਼ਹਿਰ ਵਿੱਚ ਇਤਿਹਾਸਕ ਗੁਪਤ ਟਿਕਾਣੇ ਤੱਕ ਰੋਸ ਮਾਰਚ ਕੱਢਿਆ ਗਿਆ।
ਇਸ ਦੌਰਾਨ ਸੰਬੋਧਨ ਕਰਦੇ ਹੋਏ ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਰੁਪਿੰਦਰ ਚੌਦਾ ਜਨਰਲ ਸਕੱਤਰ ਮੰਗਾ ਅਜਾਦ ਨੇ ਕਿਹਾ ਕਿ ਇਤਿਹਾਸਕਾਰ ਰਾਕੇਸ਼ ਕੁਮਾਰ ਨੇ ਤੂੜੀ ਬਜ਼ਾਰ ਵਿਖੇ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਗੁਪਤ ਟਿਕਾਣੇ ਦੀ ਖੋਜ ਕੀਤੀ ਅਤੇ ਡਾਕੂਮੈਂਟਾਂ ਰਾਹੀਂ ਸਾਬਿਤ ਕਰ ਦਿੱਤਾ ਕਿ ਇੱਥੇ ਭਗਤ ਸਿੰਘ ਤੇ ਉਨ੍ਹਾਂ ਦੇ ਦਰਜਨ ਦੇ ਕਰੀਬ ਕ੍ਰਾਂਤੀਕਾਰੀ ਸਾਥੀ 10 ਅਗਸਤ 1928 ਤੋਂ 9 ਫਰਵਰੀ 1929 ਤੱਕ ਰਹਿੰਦੇ ਰਹੇ ਹਨ। ਇਹ ਟਿਕਾਣਾ ਉਨ੍ਹਾਂ ਦੀ ਕ੍ਰਾਂਤੀਕਾਰੀ ਪਾਰਟੀ ਦਾ ਪੰਜਾਬ ਦਾ ਹੈਡਕੁਆਰਟਰ ਸੀ ਇਸੇ ਚੁਬਾਰੇ ਚ ਸਾਂਡਰਸ ਨੂੰ ਮਾਰਨ ਦੀ ਪਲੈਨਿੰਗ ਕੀਤੀ ਗਈ, ਭਗਤ ਨੇ ਰੂਪੋਸ਼ ਹੋਣ ਲਈ ਆਪਣੇ ਕੇਸ ਦਾੜੀ ਕਟਵਾਏ, ਕ੍ਰਾਂਤੀਕਾਰੀ ਸ਼ਿਵ ਵਰਮਾ ਨੇ ਚਾਂਦ ਰਸਾਲੇ ਲਈ 56 ਸ਼ਹੀਦਾਂ ਦੀਆਂ ਜੀਵਨੀਆਂ ਲਿਖੀਆਂ ਜਿਨ੍ਹਾਂ ਨੂੰ ਅਜ਼ਾਦੀ ਦੀ ਲੜਾਈ ਅੰਗਰੇਜ਼ੀ ਹਕੂਮਤ ਨੇ ਫਾਂਸੀ ਲਾ ਦਿੱਤਾ ਸੀ। ਇੱਥੇ ਹੀ ਭਗਤ ਸਿੰਘ ਦਾ ਪਿਸਟਲ ਸਰਕਾਰੀ ਗਵਾਹ ਬਣੇ ਜੈ ਗੋਪਾਲ ਨੇ ਦੇਖਿਆ।
ਸੂਬਾ ਖਜਾਨਚੀ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਅਤੇ ਸੂਬਾ ਮੀਤ ਪ੍ਰਧਾਨ ਕਰਮਜੀਤ ਮਾਣੂਕੇ ਨੇ ਕਿਹਾ ਕਿ ਇਹ ਮਹਿਜ਼ ਇਮਾਰਤ ਨਹੀਂ ਇਹ ਸ਼ਹੀਦਾਂ ਦਾ ਸੁਪਨਾ ਰੁਲ ਰਿਹਾਂ ਹੈ ਜਿੱਥੇ ਬੈਠ ਕੇ ਉਨ੍ਹਾਂ ਨੇ ਬਰਾਬਰੀ ਵਾਲਾ ਸਮਾਜ, ਜਿੱਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਹੋਵੇ ਬਣਾਉਣ ਦਾ ਸੁਪਨਾ ਦੇਖਿਆ। ਉਨ੍ਹਾਂ ਦੱਸਿਆ ਕਿ ਇਸ ਟਿਕਾਣੇ ਨੂੰ ਪੰਜਾਬ ਸਰਕਾਰ ਨੇ 17 ਮਾਰਚ 2015 ਵਿੱਚ ਨੋਟੀਫਿਕੇਸ਼ਨ ਜਾਰੀ ਕਰਕੇ ਸੁਰੱਖਿਅਤ ਇਮਾਰਤ ਐਲਾਨਿਆ ਹੋਇਆ ਪਰ ਉਸ ਤੋਂ ਬਾਅਦ ਅੱਗੇ ਕੋਈ ਕਾਰਵਾਈ ਅਮਲ ਚ ਨਹੀਂ ਲਿਆਂਦੀ ਗਈ । ਆਪਣੇ ਆਪ ਨੂੰ ਸ਼ਹੀਦਾ ਦੀ ਵਾਰਸ ਕਹਾਉਂਦੀ ਆਮ ਆਦਮੀ ਪਾਰਟੀ ਨੇ ਵੀ ਭਗਤ ਸਿੰਘ ਦੇ ਨਾਮ ਤੇ ਆਪਣੀ ਸਿਆਸਤ ਚਮਕਾਈ ਹੈ ਤੇ ਉਨ੍ਹਾਂ ਦਾ ਨਾਮ ਵਰਤਿਆ ਹੈ। ਸ਼ਹੀਦਾਂ ਦੀਆਂ ਨਿਸ਼ਾਨੀਆਂ ਰੁਲ ਰਹੀਆਂ ਹਨ ਮੁੱਖ ਮੰਤਰੀ ਭਗਵੰਤ ਮਾਨ ਹੁਸੈਨੀਵਾਲਾ ਵਿਖੇ ਆਉਣ ਦੇ ਬਾਵਜੂਦ ਇਸ ਇਤਿਹਾਸਕ ਟਿਕਾਣੇ ਬਾਰੇ ਇੱਕ ਸ਼ਬਦ ਤੱਕ ਨਹੀਂ ਬੋਲੇ। ਲੁਧਿਆਣਾ ਚ ਸ਼ਹੀਦ ਸੁਖਦੇਵ ਦਾ ਘਰ ਢਾਹ ਦਿੱਤਾ ਗਿਆ, ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਘਰ ਖ਼ਸਤਾ ਹਾਲਤ ਚ ਹੈ, ਸ਼ਹੀਦ ਮਦਨ ਲਾਲ ਢੀਂਗਰਾ ਦਾ ਘਰ ਢਹਿ ਢੇਰੀ ਹੋ ਗਿਆ ਹੈ ਕੋਈ ਵੀ ਰੰਗ ਬਰੰਗੀ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ।
ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਆਗੂ ਹਰਜਿੰਦਰ ਖੋਖਰ, ਰਜਿੰਦਰ ਰਾਜੇਆਣਾ, ਸਤਨਾਮ ਡਾਲਾ, ਲਖਵੀਰ ਬੀਹਲੇ ਵਾਲਾ, ਜਸਵੰਤ ਜਵਾਏ ਸਿੰਘ ਵਾਲਾ, ਨਗਿੰਦਰ ਅਜਾਦ, ਰਾਜਦੀਪ ਸਮਾਘ, ਵਿਜੇ ਕੁਮਾਰ, ਰਾਜਪ੍ਰੀਤ ਸਿੰਘ, ਮਲਕੀਤ ਡੋਹਕ, ਸੁਰਿੰਦਰ ਢਿੱਲਵਾਂ, ਕੁਲਵੰਤ ਬੀਹਲੇ ਵਾਲਾ, ਬ੍ਰਿੱਜ ਲਾਲ ਰਾਜੇਆਣਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਧੀਰਜ ਕੁਮਾਰ, ਸੁਖਪ੍ਰੀਤ ਮੌੜ , ਕਿਰਤੀ ਕਿਸਾਨ ਯੂਨੀਅਨ ਦੇ ਆਗੂ ਡਾਕਟਰ ਸੁਖਚੈਨ ਸਿੰਘ ਫਾਜ਼ਿਲਕਾ ,ਹਰਪ੍ਰੀਤ ਸਿੰਘ ਝਬੇਲਵਾਲੀ ਆਦਿ ਨੇ ਸੰਬੋਧਨ ਕੀਤਾ।