ਸਹਿਕਾਰਤਾ ਅਤੇ ਜੇਲ੍ਹਾਂ ਮੰਤਰੀ ਪੰਜਾਬ ਨੇ ਵੇਰਕਾ ਫਿਰੋਜ਼ਪੁਰ ਡੇਅਰੀ ਵਿਖੇ 1 ਲੱਖ ਲੀਟਰ ਕਪੈਸਟੀ ਦੇ ਪ੍ਰੋਸੈਸਿੰਗ ਪਲਾਂਟ ਦੀ ਨਵੀਂ ਇਮਾਰਤ ਦਾ ਰੱਖਿਆ ਨੀਂਹ ਪੱਥਰ
ਸਹਿਕਾਰਤਾ ਅਤੇ ਜੇਲ੍ਹਾਂ ਮੰਤਰੀ ਪੰਜਾਬ ਨੇ ਵੇਰਕਾ ਫਿਰੋਜ਼ਪੁਰ ਡੇਅਰੀ ਵਿਖੇ 1 ਲੱਖ ਲੀਟਰ ਕਪੈਸਟੀ ਦੇ ਪ੍ਰੋਸੈਸਿੰਗ ਪਲਾਂਟ ਦੀ ਨਵੀਂ ਇਮਾਰਤ ਦਾ ਰੱਖਿਆ ਨੀਂਹ ਪੱਥਰ
ਫਿਰੋਜ਼ਪੁਰ 22 ਮਾਰਚ 2021 : ਵੇਰਕਾ ਫਿਰੋਜ਼ਪੁਰ ਡੇਅਰੀ ਵਿਖੇ ਸ. ਕਮਲਦੀਪ ਸਿੰਘ ਸੰਘਾ ਪ੍ਰਬੰਧ ਨਿਰਦੇਸ਼ਕ ਮਿਲਕਫੈਡ ਪੰਜਾਬ ਚੰਡੀਗੜ੍ਹ ਦੀ ਅਗਵਾਈ ਹੇਠ ਸ. ਬਿਕਰਮਜੀਤ ਸਿੰਘ ਮਾਹਲ ਜਨH ਵੇਰਕਾ ਫਿਰੋਜ਼ਪੁਰ ਡੇਅਰੀ ਵਲੋਂ ਰਾਸ਼ਟਰੀ ਖੇਤੀਬਾੜੀ ਵਿਕਾਸ ਯੋਜਨਾ ਦੇ ਅਧੀਨ ਲਗਵਾਏ ਜਾ ਰਹੇ ਇੱਕ ਲੱਖ ਲੀਟਰ ਕਪੈਸਟੀ ਦੇ ਪ੍ਰੋਸੈਸਿੰਗ ਪਲਾਂਟ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਸਹਿਕਾਰਤਾ ਅਤੇ ਜੇਲ੍ਹਾਂ ਮੰਤਰੀ ਪੰਜਾਬ ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਰੱਖਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ. ਪਰਮਿੰਦਰ ਸਿੰਘ ਪਿੰਕੀ, ਵਿਧਾਇਕ ਫਿਰੋਜ਼ਪੁਰ ਦਿਹਾਤੀ ਸਤਿਕਾਰ ਕੌਰ, ਵਿਧਾਇਕ ਜ਼ੀਰਾ ਕੁਲਬੀਰ ਸਿੰਘ, ਡਿਪਟੀ ਕਮਿਸ਼ਨਰ ਸ੍ਰ. ਗੁਰਪਾਲ ਸਿੰਘ ਚਾਹਲ ਅਤੇ ਐੱਸ.ਐੱਸ.ਪੀ. ਭਾਗੀਰਥ ਮੀਨਾ ਵੀ ਹਾਜ਼ਰ ਸਨ।
ਸਹਿਕਾਰਤਾ ਅਤੇ ਜੇਲ੍ਹਾਂ ਮੰਤਰੀ ਪੰਜਾਬ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸਮੂਹ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਪ੍ਰਾਜੈਕਟ ਦੀ ਲਾਗਤ ਲਗਭਗ 14.50 ਕਰੋੜ ਰੁਪਏ ਹੈ, ਜਿਸ ਵਿਚੋਂ 10.68 ਕਰੋੜ ਰੁਪਏ ਰਾਸ਼ਟਰੀ ਖੇਤੀਬਾੜੀ ਵਿਕਾਸ ਯੋਜਨਾ ਅਧੀਨ ਗ੍ਰਾਂਟ ਵਜੋਂ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਯੂਨਿਟ ਵਿਚ ਡੇਅਰੀ ਪ੍ਰੋਸੈਸਿੰਗ ਹੋਵੇਗੀ,ਪੇਸਚਰਾਈਜ਼ੇਸ਼ਨ ਅਤੇ ਪੈਕਜਿੰਗ ਮਸ਼ੀਨਰੀ ਦੇ ਨਾਲ-ਨਾਲ ਚਿਲਿੰਗ ਪਲਾਂਟ,ਬਾਇਲਰ ਆਦਿ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਮਿਲਕ ਯੂਨੀਅਨ ਫਿਰੋਜ਼ਪੁਰ ਵਿਚ ਕੋਈ ਪ੍ਰੋਸੈਸਿੰਗ ਅਤੇ ਪੈਕਿੰਗ ਦੀ ਸਹੂਲਤ ਨਹੀਂ ਹੈ ਅਤੇ ਦੁੱਧ ਨੂੰ ਇਕੱਤਰ ਕਰਕੇ ਚਿਲਿੰਗ ਕੀਤੀ ਜਾ ਰਹੀ ਹੈ ਅਤੇ ਮਿਲਕ ਯੂਨੀਅਨ ਫਿਰੋਜ਼ਪੁਰ ਦੁਆਰਾ ਇਕੱਤਰ ਕੀਤਾ ਸਾਰੇ ਦੁੱਧ ਨੂੰ ਅਗਲੇਰੀ ਕਾਰਵਾਈ ਲਈ ਲੁਧਿਆਣਾ ਅਤੇ ਹੋਰ ਯੂਨੀਅਨਾਂ ਨੂੰ ਭੇਜਿਆ ਜਾ ਰਿਹਾ ਹੈ। ਹੁਣ ਮਿਲਕ ਯੂਨੀਅਨ ਫਿਰੋਜ਼ਪੁਰ ਵਿਖੇ ਇਸ ਦੁੱਧ ਪ੍ਰੋਸੈਸਿੰਗ ਦੀ ਸਹੂਲਤ ਦੀ ਸਥਾਪਨਾ ਹੋਣ ਨਾਲ ਫਿਰੋਜ਼ਪੁਰ,ਫਾਜ਼ਿਲਕਾ,ਫਰੀਦਕੋਟ,ਜਲਾਲਾਬਾਦ ਅਤੇ ਹੋਰ ਆਸ ਪਾਸ ਦੇ ਕਸਬਿਆਂ ਅਤੇ ਬਾਜ਼ਾਰਾਂ ਲਈ ਤਾਜ਼ਾ ਦੁੱਧ ਅਤੇ ਵੇਰਕਾ ਦੇ ਦੱਧ ਤੋਂ ਬਣੇ ਪਦਾਰਥਾਂ ਨੂੰ ਪੈਕਚਰਾਈਜ਼ ਅਤੇ ਪੈਕ ਕੀਤੇ ਜਾ ਸਕਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਮਿਲਕ ਯੂਨੀਅਨ ਫਿਰੋਜ਼ਪੁਰ ਦੀ ਵਿੱਤੀ ਹਾਲਤ ਨੂੰ ਸੁਧਾਰਨ ਵਿੱਚ ਸਹਾਇਤਾ ਕਰੇਗਾ। ਇਸ ਨਾਲ ਮਿਲਕ ਯੂਨੀਅਨ ਫਿਰੋਜ਼ਪੁਰ ਨਾਲ ਜੁੜੇ 20,000 ਤੋਂ ਵੱਧ ਦੁੱਧ ਉਤਪਾਦਕਾਂ ਨੂੰ ਬਣਦਾ ਦੁੱਧ ਦਾ ਵਾਜਿਬ ਭਾਅ ਦੇ ਕੇ ਸਹਾਇਤਾ ਕੀਤੀ ਜਾ ਰਹੀ ਹੈ। ਇਸ ਨਾਲ ਖੇਤਰ ਦੇ ਨੌਜਵਾਨਾਂ ਅਤੇ ਉੱਦਮੀਆਂ ਨੂੰ ਸੁਨਹਿਰੀ ਰੁਜ਼ਗਾਰ ਦੇ ਮੌਕੇ ਵੀ ਮਿਲਣਗੇ। ਉਨ੍ਹਾਂ ਦੱਸਿਆ ਬੱਸੀ ਪਠਾਣਾ,ਲੁਧਿਆਣਾ,ਜਲੰਧਰ ਅਤੇ ਪਟਿਆਲਾ ਵਿਖੇ ਲਗਭਗ 350 ਕਰੋੜ ਰੁਪਏ ਦੇ ਨਵੇਂ ਪ੍ਰਾਜੈਕਟ ਪ੍ਰਗਤੀ ਅਧੀਨ ਹਨ ਅਤੇ ਅਗਲੇ ਪੜਾਅ ਵਿਚ ਵੇਰਕਾ ਮਿਲਕ ਪਲਾਂਟ ਸੰਗਰੂਰ,ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੇ ਬੁਨਿਆਦੀ ਢਾਂਚੇ ਦਾ ਆਧੁਨੀਕਰਨ ਕੀਤਾ ਜਾਵੇਗਾ, ਜਿਸ ਲਈ ਰਾਸ਼ਟਰੀ ਖੇਤੀਬਾੜੀ ਵਿਕਾਸ ਯੋਜਨਾ ਅਧੀਨ 16 ਕਰੋੜ ਰੁਪਏ ਦੀ ਗ੍ਰਾਂਟ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਏ ਜਾਣ ਦੀ ਸੰਭਾਵਨਾ ਹੈ।
ਸ. ਬਿਕਰਮਜੀਤ ਸਿੰਘ ਮਾਹਲ ਜਨH ਵੇਰਕਾ ਫਿਰੋਜ਼ਪੁਰ ਡੇਅਰੀ ਨੇ ਦੱਸਿਆ ਕਿ ਪ੍ਰਾਜੈਕਟ ਦੀ ਸ਼ੁਰੂਆਤ ਆਈਡੀਐਮਸੀ ਲਿਮਟਡ ਦੁਆਰਾ ਟਰਨਕੀ ਅਧਾਰ ਤੇ ਕੀਤੀ ਜਾਵੇਗੀ ਜੋ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਦੀ ਸਹਾਇਕ ਕੰਪਨੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਵੇਰਕਾ ਨਾਲ ਕਾਰੋਬਾਰ ਕਰਨ ਦਾ ਇੱਛੁਕ ਹੈ ਤਾਂ ਉਹ ਵੇਰਕਾ ਫਿਰੋਜਪੁਰ ਡੇਅਰੀ ਨਾਲ ਸਪੰਰਕ ਕਰ ਸਕਦਾ ਹੈ। ਇਸ ਦੇ ਨਾਲ ਹੀ ਮਿਲਕਫੈਡ ਪੰਜਾਬ ਚੰਡੀਗੜ੍ਹ ਵੱਲੋਂ ਵੇਰਕਾ ਫਿਰੋਜ਼ਪੁਰ ਡੇਅਰੀ ਦੇ ਨਾਲ ਜੁੜੇ ਉਤਪਾਦਕਾਂ ਲਈ ਮਿਤੀ 21 ਮਾਰਚ 2021 ਤੋਂ ਦੁੱਧ ਦੇ ਖਰੀਦ ਰੇਟ ਵਿੱਚ 20 ਰੁਪਏ ਪ੍ਰਤੀ ਕਿੱਲੋ ਫੈਟ ਦਾ ਵਾਧਾ ਕੀਤਾ ਗਿਆ ਹੈ। ਪ੍ਰੋਗਰਾਮ ਦੇ ਅੰਤ ਵਿੱਚ ਸਹਿਕਾਰਤਾ ਅਤੇ ਜੇਲਾਂ ਮੰਤਰੀ ਪੰਜਾਬ ਸ੍ਰੀ. ਸੁਖਜਿੰਦਰ ਸਿੰਘ ਰੰਧਾਵਾ ਵਲੋਂ ਵੇਰਕਾ ਡੇਅਰੀ ਫਿਰੋਜ਼ਪੁਰ ਵਿੱਚ ਮ੍ਰਿਤਕ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ ਗਏ।
ਇਸ ਮੌਕੇ ਡਾਇਰਕੈਟਰ ਵੇਰਕਾ ਡੇਅਰੀ ਪੰਜਾਬ ਹਰਪਾਲ ਸਿੰਘ ਟਿੱਬੀ, ਸ਼੍ਰੀ ਮਹਿੰਦਰ ਸਿੰਘ ਡਿੱਬ ਵਾਲਾ ਚੇਅਰਮੈਨ, ਸੈਕਟਰੀ ਇੰਡੀਅਨ ਯੂਥ ਕਾਂਗਰਸੀ ਗੁਰਭੇਜ ਸਿੰਘ ਟਿੱਬੀ ਸਮੇਤ ਵੇਰਕਾ ਫਿਰਜਪੁਰ ਡੇਅਰੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।