ਸਲੱਮ ਖੇਤਰ ਦੇ ਹਜ਼ਾਰਾਂ ਪਰਿਵਾਰਾਂ ਨੂੰ ਮਿਲੇਗਾ ਆਪਣੇ ਘਰਾਂ ਦਾ ਮਾਲਕਾਨਾਂ ਹੱਕ: ਵਿਧਾਇਕ ਪਿੰਕੀ
ਕਿਹਾ, ਪੰਜਾਬ ਸਲੱਮ ਪ੍ਰਾਪਰਟੀ ਐਕਟ 2020 ਅਧੀਨ ਪੰਜਾਬ ਸਰਕਾਰ ਵੱਲੋਂ ਘਰਾਂ ਦੇ ਮਾਲਕਾਂ ਦੀਆਂ ਬਣਵਾਈਆਂ ਜਾਣਗੀਆ ਰਜਿਸਟਰੀਆਂ
ਬਸਤੀ ਭੱਟੀਆਂ ਵਾਲੀ, ਬਸਤੀ ਸੇਖਾਂ ਵਾਲੀ, ਬਸਤੀ ਨਜ਼ਾਮਦੀਨ ਵਾਲੀ, ਇੰਦਰਾ ਕਲੋਨੀ ਅਤੇ ਸੋਕੜ ਨਹਿਰ ਸਮੇਤ ਸਮੂਹ ਸਲੱਮ ਖੇਤਰ ਦੇ ਹਜ਼ਾਰਾਂ ਪਰਿਵਾਰਾਂ ਨੂੰ ਮਿਲੇਗਾ ਆਪਣੇ ਘਰਾਂ ਦਾ ਮਾਲਕਾਨਾਂ ਹੱਕ: ਵਿਧਾਇਕ ਪਿੰਕੀ
ਕਿਹਾ, ਪੰਜਾਬ ਸਲੱਮ ਪ੍ਰਾਪਰਟੀ ਐਕਟ 2020 ਅਧੀਨ ਪੰਜਾਬ ਸਰਕਾਰ ਵੱਲੋਂ ਘਰਾਂ ਦੇ ਮਾਲਕਾਂ ਦੀਆਂ ਬਣਵਾਈਆਂ ਜਾਣਗੀਆ ਰਜਿਸਟਰੀਆਂ
ਫਿਰੋਜ਼ਪੁਰ, 5 ਫਰਵਰੀ 2021
ਪੰਜਾਬ ਸਲੱਮ ਪ੍ਰਾਪਰਟੀ ਐਕਟ 2020 ਅਧੀਨ ਪੰਜਾਬ ਸਰਕਾਰ ਵੱਲੋਂ ਬਸਤੀ ਭੱਟੀਆਂ ਵਾਲੀ, ਬਸਤੀ ਸੇਖਾਂ ਵਾਲੀ, ਬਸਤੀ ਨਜ਼ਾਮਦੀਨ ਵਾਲੀ, ਇੰਦਰਾ ਕਲੋਨੀ ਅਤੇ ਸੋਕੜ ਨਹਿਰ ਸਮੇਤ ਸਲੱਮ ਖੇਤਰ ਵਿੱਚ ਰਹਿਣ ਵਾਲੇ ਘਰਾਂ ਦੇ ਮਾਲਕਾਂ ਜਿਨ੍ਹਾਂ ਦੀ ਅਜੇ ਤੱਕ ਰਜਿਸਟਰੀ ਨਹੀਂ ਹੋਈ ਹੈ, ਉਨ੍ਹਾਂ ਦੀ ਰਜਿਸਟਰੀ ਪੰਜਾਬ ਸਰਕਾਰ ਵੱਲੋਂ ਬਣਾ ਕੇ ਦਿੱਤੀ ਜਾਵੇਗੀ ਤਾਂ ਜੋ ਬਿਨਾਂ ਕਿਸੇ ਡਰ ਦੇ ਉਹ ਆਪਣੇ ਘਰਾਂ ਵਿੱਚ ਰਹਿ ਸਕਣ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਸਲੱਮ ਏਰੀਆ, ਝੁੱਗੀ-ਝੋਪੜੀਆਂ ਵਿੱਚ ਰਹਿਣ ਵਾਲੇ ਅਤੇ ਬੇ-ਘਰੇ ਲੋਕਾਂ ਨੂੰ ਲਾਭ ਦੇਣ ਲਈ ਸਲੱਮ ਪ੍ਰਾਪਰਟੀ ਰਾਈਟਸ ਐਕਟ ਨੂੰ ਪੰਜਾਬ ਸਰਕਾਰ ਵਲੋਂ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦੇ ਤਹਿਤ ਕਈ ਸਾਲਾਂ ਤੋਂ ਸਰਕਾਰੀ ਜ਼ਮੀਨਾਂ ਤੇ ਰਹਿਣ ਵਾਲੇ ਲੋਕਾਂ ਨੂੰ 30 ਗੱਜ਼ ਤੱਕ ਦੇ ਮਕਾਨ ਦਾ ਮਾਲਕੀ ਹੱਕ ਦਿੱਤਾ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਘੋਸ਼ਿਤ ਕੀਤੀ ਪੰਜਾਬ ਸਲੱਮ ਪ੍ਰਾਪਰਟੀ ਰਾਈਟਸ ਐਕਟ 2020 ਦੇ ਤਹਿਤ ਫਿਰੋਜ਼ਪੁਰ ਦੀਆਂ ਉਕਤ ਸਲੱਮ ਕਲੋਨੀਆਂ ਵਿੱਚ ਰਹਿਣ ਵਾਲੇ ਹਜ਼ਾਰਾਂ ਪਰਿਵਾਰਾਂ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਇਲਾਕਿਆਂ ਦਾ ਸਰਵੇ ਵੀ ਕੀਤਾ ਜਾ ਚੁੱਕਾ ਹੈ, ਇਸ ਸਰਵੇ ਦੇ ਅਧਾਰ ਤੇ ਸਬੰਧਤ ਲਾਭਪਾਤਰੀ ਪਰਿਵਾਰਾਂ ਨੂੰ 30 ਗਜ਼ ਤੱਕ ਦਾ ਮਾਲਕਾਨਾ ਹੱਕ ਦਿੱਤਾ ਜਾਣਾ ਹੈ। ਜਿਸ ਕੋਲ ਪੱਕਾ ਮਕਾਨ 30 ਗਜ਼ ਤੋਂ ਵੱਧ ਜ਼ਮੀਨ ਤੇ ਹੋਵੇਗਾ ਉਸ ਨੂੰ ਕਲੈਕਟਰ ਰੇਟ ਤੇ 30 ਗਜ਼ ਤੋਂ ਵੱਧ ਜ਼ਮੀਨ ਦੀ ਰਕਮ ਦੇਣੀ ਹੋਵੇਗੀ। ਮਾਲਕੀ ਹੱਕ ਦੇਣ ਦੀ ਯੋਜਨਾ ਦਾ ਲਾਭ ਸਿਰਫ ਰਿਹਾਇਸ਼ੀ ਇਲਾਕਿਆਂ ਲਈ ਰੱਖਿਆ ਗਿਆ ਹੈ, ਵਪਾਰਕ ਪੱਖੋਂ ਜ਼ਮੀਨ ਦੀ ਵਰਤੋਂ ਕਰਨ ਵਾਲਿਆਂ ਨੂੰ ਇਸ ਐਕਟ ਦਾ ਲਾਭ ਨਹੀਂ ਦਿੱਤਾ ਜਾਵੇਗਾ।
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਇਸ ਸਕੀਮ ਦੇ ਤਹਿਤ ਫਿਰੋਜ਼ਪੁਰ ਦੀਆਂ ਉਕਤ ਕਲੋਨੀਆਂ ਵਿੱਚ ਰਹਿਣ ਵਾਲਿਆਂ ਨੂੰ ਇਸ ਐਕਟ ਦੇ ਨਿਯਮਾਂ ਮੁਤਾਬਕ ਪੰਜਾਬ ਸਰਕਾਰ ਵੱਲੋਂ ਪੱਕੀ ਰਜਿਸਟਰੀ ਬਣਾ ਕੇ ਦਿੱਤੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਪੱਕੇ ਤੌਰ ਤੇ ਘਰਾਂ ਦੇ ਮਾਲਕ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪੀਣ ਵਾਲੇ ਸਾਫ ਪਾਣੀ, ਸੀਵਰੇਜ ਅਤੇ ਹੋਰ ਮੁੱਢਲੀਆਂ ਸਹੂਲਤਾਂ ਸਰਕਾਰ ਵਲੋਂ ਮੁਫਤ ਮੁਹੱਈਆਂ ਕਰਵਾਈਆਂ ਜਾਣਗੀਆਂ।
ਜ਼ਿਕਰਯੋਗ ਹੈ ਕਿ ਇਸ ਮੁੱਦੇ ਸਬੰਧੀ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਸ. ਪਰਮਿੰਦਰ ਸਿੰਘ ਪਿੰਕੀ ਵੱਲੋਂ ਪੰਜਾਬ ਵਿਧਾਨ ਸਭਾ ਵਿਚ ਕਈ ਵਾਰ ਅਵਾਜ਼ ਉਠਾਈ ਗਈ ਅਤੇ ਕੇਂਦਰ ਸਰਕਾਰ ਦੇ ਉੱਚ ਆਗੂਆਂ ਨਾਲ ਵੀ ਇਸ ਸਬੰਧੀ ਕਈ ਵਾਰ ਗੱਲਬਾਤ ਕੀਤੀ ਗਈ। ਮਾਨਯੋਗ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਅਤੇ ਗਰੀਬ ਵਰਗ ਨੂੰ ਉਨ੍ਹਾਂ ਦਾ ਬਣਾ ਹੱਕ ਮਿਲ ਗਿਆ। ਇਸ ਤੋਂ ਪਹਿਲਾਂ ਸਵ: ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾਂ ਗਾਂਧੀ ਨੇ ਗਰੀਬ ਲੋਕਾਂ ਲਈ ਐਕਟ ਬਣਾਇਆ ਸੀ, ਹੁਣ ਪੰਜਾਬ ਦੇ ਗਰੀਬ ਵਰਗ ਦੇ ਲੋਕਾਂ ਦੇ ਚਿਹਰਿਆਂ ਤੇ ਇਸ ਐਕਟ ਸਦਕਾ ਰੌਣਕਾਂ ਆ ਗਈਆਂ ਹਨ ਅਤੇ ਉਨ੍ਹਾਂ ਦੇ ਚਿਹਰੇ ਖੁਸ਼ੀ ਨਾਲ ਖਿੜ੍ਹ ਉੱਠੇ ਹਨ। ਇਸ ਨੇ ਕਾਂਗਰਸ ਪਾਰਟੀ ਦੇ ਇਸ ਨਾਅਰੇ ਨੂੰ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਦਾ ਹੱਥ ਗਰੀਬ ਦੇ ਨਾਲ ਹੈ, ਅਤੇ ਕਾਂਗਰਸ ਪਾਰਟੀ ਹੀ ਇਕੋ ਇਕ ਅਜਿਹੀ ਪਾਰਟੀ ਹੈ ਜੋ ਗਰੀਬ ਹਿਤੈਸ਼ੀ ਹੈ ਅਤੇ ਜ਼ਰੂਰਤਮੰਦ ਵਰਗ ਨੂੰ ਨਾਲ ਲੈ ਕੇ ਚੱਲਦੀ ਹੈ ਅਤੇ ਭਵਿੱਖ ਵਿਚ ਵੀ ਕਾਂਗਰਸ ਪਾਰਟੀ ਇਸ ਤਰ੍ਹਾਂ ਦੀਆਂ ਯੋਜਨਾਵਾਂ ਲਾਗੂ ਕਰਦੀ ਰਹੇਗੀ।