ਸਰਕਾਰ ਦੇ ਸਿੱਖਿਆ ਵਿਰੋਧੀ ਫੈਸਲਿਆਂ ਖਿਲਾਫ 28 ਨਵੰਬਰ ਨੂੰ ਮੋਹਾਲੀ ਵਿਖੇ ਰੈਲੀ: ਜੀ ਟੀ ਯੂ
Ferozepur, November 26, 2017: ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਅਤੇ ਸਰਕਾਰੀ ਸਿੱਖਿਆ ਦਾ ਭੋਗ ਪਾਉਣ ਦੀ ਤਿਆਰੀਆਂ ਦਾ ਡਟਵਾਂ ਵਿਰੋਧ ਕਰਨ ਲਈ 28 ਨਵੰਬਰ ਨੂੰ ਮੋਹਾਲੀ ਵਿਖੇ ਗੌਰਮਿੰਟ ਟੀਚਰਜ਼ ਯੂਨੀਅਨ, ਪੰਜਾਬ ਅਤੇ ਸਾਂਝੇ ਅਧਿਆਪਕ ਮੋਰਚੇ ਵਲੋਂ ਵਿਸ਼ਾਲ ਰੈਲੀ ਕੀਤੀ ਜਾਵੇਗੀ।
* ਛੇਵੇਂ ਪੇ ਕਮਿਸ਼ਨ ਨੂੰ ਲਾਗੂ ਕੀਤਾ ਜਾਵੇ।
* ਠੇਕੇ ਤੇ ਕੰਮ ਕਰਦੇ ਸਾਰੇ ਅਧਿਆਪਕਾਂ ਅਤੇ ਦਫਤਰੀ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ।
* 2004 ਤੋਂ ਬਾਅਦ ਆਏ ਅਧਿਆਪਕਾਂ ਤੇ ਪੁਰਾਣੀ ਪੈਨਸਨ ਲਾਗੂ ਕੀਤੀ ਜਾਵੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਫਿਰੋਜ਼ਪੁਰ ਤੋਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ, ਸੀ.ਮੀਤ ਪ੍ਰਧਾਨ ਰਾਜੀਵ ਹਾਂਡਾ ਤੇ ਜਨਰਲ ਸਕੱਤਰ ਜਸਵਿੰਦਰ ਸਿੰਘ ਮਮਦੋਟ ਕਿਹਾ ਕਿ ਸਰਕਾਰ ਵਲੋਂ 800 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦੇ ਸਿੱਖਿਆ ਵਿਰੋਧੀ ਫੈਸਲੇ ਨੂੰ ਰੱਦ ਕਰਵਾਉਣ ਲਈ ਸਾਂਝੇ ਅਧਿਆਪਕ ਮੋਰਚੇ ਵਲੋਂ ਮੋਹਾਲੀ ਵਿਖੇ ਰੈਲੀ ਕੀਤੀ ਜਾਵੇਗੀ ਤੇ ਇਸ ਫੈਸਲੇ ਨੂੰ ਰੱਦ ਕਰਵਾਇਆ ਜਾਵੇਗਾ। ਇਸ ਫੈਸਲੇ ਦੇ ਲਾਗੂ ਹੋਣ ਨਾਲ ਜਿੱਥੇ 1500 ਦੇ ਲਗਭਗ ਅਧਿਆਪਕਾਂ ਦੀਆਂ ਪੋਸਟਾਂ ਖਤਮ ਹੋਣਗੀਆਂ ਉਥੇ ਮਿਡ-ਡੇ-ਮੀਲ ਵਰਕਰਾਂ ਦਾ ਰੋਜ਼ਗਾਰ ਖਤਮ ਹੋਵੇਗਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਿਲ੍ਹਾ ਪ੍ਰੈੱਸ ਸਕੱਤਰ ਨੀਰਜ ਯਾਦਵ ਨੇ ਕਿਹਾ ਕਿ ਸਿੱਖਿਆ ਵਿਭਾਗ ਨੂੰ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਦਾਖਲ ਹੋਏ ਨੰਨ੍ਹੇ ਬੱਚਿਆਂ ਨੂੰ ਪੜ੍ਹਾਉਣ ਲਈ ਨਰਸਰੀ ਟੀਚਰ ਦੀ ਪੋਸਟਾਂ ਹਰੇਕ ਪਾ੍ਇਮਰੀ ਸਕੂਲ ਨੂੰ ਨਾ ਦੇਣ, ਲੋਕ ਹਿੱਤ ਦੇ ਬਹਾਨੇ ਕੀਤੀਅਾਂ ਜਾ ਰਹੀਆਂ ਬਦਲੀਆਂ ਨੂੰ ਰੱਦ ਕਰਵਾਉਣ, ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਅਧਿਆਪਕਾਂ /ਦਫਤਰੀ ਕਰਮਚਾਰੀਆਂ, ਸਿੱਖਿਆ ਪ੍ਰੋਵਾਇਡਰਾ, ਈਜੀਐਸ/ਏਆਈਈ/ਐਸਟੀਆਰ ਆਦਿ ਨੂੰ ਪੱਕਾ ਨਾ ਕਰਨ, 3442, 5178,7654, ਹਿੰਦੀ ਐਸ ਐਸ ਅਧਿਆਪਕਾਂ ਨੂੰ ਪੱਕਾ ਨਾ ਕਰਨ, ਅਧਿਆਪਕਾਂ ਦੇ ਹਰੇਕ ਕੈਡਰ ਦੀਆਂ ਪਦਉਨਤੀਆਂ ਨਾ ਕਰਨ, ਵਿਦਿਆਰਥੀਆਂ ਨੂੰ ਕਿਤਾਬਾਂ ਮੁਹੱਈਆ ਨਾ ਕਰਵਾਉਣ, ਮਿਡ-ਡੇ-ਮੀਲ ਲਈ ਲੋੜੀਂਦੇ ਫੰਡ ਨਾ ਦੇਣ, ਸਕੂਲਾਂ ਵਿਚ ਖਾਲੀ ਅਸਾਮੀਆਂ ਨੂੰ ਨਾ ਭਰਨ, ਸਿੱਖਿਆ ਸੁਧਾਰ ਦੇ ਨਾਂ ਤੇ ਬੇਲੋੜੇ ਤਜਰਬੇ ਕਰਕੇ ਅਧਿਆਪਕਾਂ ਨੂੰ ਉਲਝਾਉਣ, ਛੇਵੇਂ ਪੇ ਕਮਿਸ਼ਨ ਨੂੰ ਲਾਗੂ ਨਾ ਕਰਨ, 2004 ਤੋਂ ਬਾਅਦ ਆਏ ਅਧਿਆਪਕਾਂ ਤੇ ਪੁਰਾਣੀ ਪੈਨਸਨ ਲਾਗੂ ਨਾ ਕਰਨ, ਡੀ ਏ ਦਾ ਬਕਾਇਆ ਤੇ ਕਿਸਤ ਰੈਗੂਲਰ ਜਾਰੀ ਨਾ ਕਰਨ, ਸੇਵਾ ਮੁਕਤ ਅਧਿਆਪਕਾਂ ਦੇ ਬਕਾਏ ਸਮੇਂ ਸਿਰ ਰਲੀਜ ਨਾ ਕਰਨ, ਅਧਿਆਪਕਾਂ ਦੀਆਂ ਬੀ ਐਲ ਓ ਡਿਊਟੀਆਂ ਲਾਉਣੀਆਂ ਬੰਦ ਨਾ ਕਰਨ, ਨਿੱਤ ਜਾਰੀ ਹੁੰਦੇ ਬੇਤੁਕੇ ਫਰਮਾਨਾ ਨੂੰ ਬੰਦ ਨਾ ਕਰਨ ਆਦਿ ਮੰਗਾਂ ਦੀ ਪੂਰਤੀ ਲਈ ਸਾਂਝੇ ਅਧਿਆਪਕ ਮੋਰਚੇ ਵੱਲੋਂ '28 ਨਵੰਬਰ' ਨੂੰ ਮੁਹਾਲੀ ਵਿਖੇ 'ਵਿਸ਼ਾਲ ਰੈਲੀ' ਕੀਤੀ ਜਾ ਰਹੀ ਹੈ।
ਗੌਰਵ ਮੁੰਜਾਲ, ਸੰਦੀਪ ਟੰਡਨ, ਬਲਵਿੰਦਰ ਸਿੰਘ ਚੱਬਾ, ਸੰਜੀਵ ਟੰਡਨ ਨੇ ਕਿਹਾ ਕਿ ਇਹਨਾਂ ਸਾਰੀਆਂ ਮੰਗਾਂ ਦੇ ਹੱਲ ਲਈ ਸਾਂਝੇ ਅਧਿਆਪਕ ਮੋਰਚੇ ਵਲੋਂ ਮੋਹਾਲੀ ਵਿਚ ਕੀਤੀ ਜਾ ਰਹੀ ਰੈਲੀ ਇਤਿਹਾਸਕ ਹੋਵੇਗੀ ਤੇ ਸੁਤੀ ਪਈ ਪੰਜਾਬ ਸਰਕਾਰ ਨੂੰ ਨੀਂਦ ਤੋਂ ਉਠਾ ਦੇਵੇਗੀ।ਇਸ ਰੈਲੀ ਵਿਚ ਗੌਰਮਿੰਟ ਟੀਚਰਜ਼ ਯੂਨੀਅਨ, ਫਿਰੋਜ਼ਪੁਰ ਵਲੋਂ ਭਾਰੀ ਗਿਣਤੀ ਵਿਚ ਸਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਬਲਵਿੰਦਰ ਬਹਿਲ, ਸੰਜੀਵ ਹਾਂਡਾ, ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ, ਸੰਜੇ ਚੌਧਰੀ, ਸੁਰਿੰਦਰ ਨਰੂਲਾ, ਰਜਿੰਦਰ ਸਿੰਘ ਰਾਜਾ ਸਟੇਟ ਐਵਾਰਡੀ, ਤਰਲੋਕ ਭੱਟੀ, ਸਹਿਨਾਜ, ਅਮਿਤ ਸ਼ਰਮਾ ਆਦਿ ਵੀ ਹਾਜ਼ਰ ਸਨ।