Ferozepur News
ਸਮਰਾਟ ਪੈਲੇਸ ਜ਼ੀਰਾ ਵਿਖੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਕਮਿਸ਼ਨਰ ਸ਼੍ਰੀ ਸੁਮੇਰ ਸਿੰਘ ਗੁਰਜ਼ਰ ਹੋਣਗੇ ਮੁੱਖ ਮਹਿਮਾਨ ਜ਼ਿਲ੍ਹੇ ਦੇ ਵਿਧਾਇਕ ਸਾਹਿਬਾਨ ਸਮਾਗਮ ਦੀ ਪ੍ਰਧਾਨਗੀ ਕਰਨਗੇ
ਫ਼ਿਰੋਜ਼ਪੁਰ 4 ਜੂਨ 2018 ( Manish Bawa ) ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਮੁੱਚੇ ਦੇਸ਼ ਵਿਚ ਸਿਹਤਮੰਦ ਸੂਬਾ ਬਣਾਉਣ ਦੇ ਮਿਸ਼ਨ ਨਾਲ 'ਤੰਦਰੁਸਤ ਪੰਜਾਬ' ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। 'ਤੰਦਰੁਸਤ ਪੰਜਾਬ' ਮਿਸ਼ਨ ਹੇਠ ਸੂਬੇ ਦੇ ਸਾਰੇ ਨਾਗਰਿਕਾਂ ਨੂੰ ਮਿਆਰੀ ਹਵਾ, ਸ਼ੁੱਧ ਪਾਣੀ ਅਤੇ ਸੁਰੱਖਿਅਤ ਭੋਜਨ ਦੇ ਨਾਲ ਜਿਊਣ ਲਈ ਵਧੀਆ ਵਾਤਾਵਰਨ ਯਕੀਨੀ ਬਣਾਇਆ ਜਾਵੇਗਾ। ਇਸ ਮਿਸ਼ਨ ਦੀ ਸ਼ੁਰੂਆਤ ਅੱਜ 5 ਜੂਨ 2018 ਨੂੰ ਵਾਤਾਵਰਨ ਦਿਵਸ ਮੌਕੇ ਸਮਰਾਟ ਪੈਲੇਸ ਜ਼ੀਰਾ ਵਿਖੇ ਸਵੇਰੇ 11 ਵਜੇ ਜ਼ਿਲ੍ਹਾ ਪੱਧਰ ਤੇ ਸਮਾਗਮ ਕਰਕੇ ਕੀਤੀ ਜਾਵੇਗੀ, ਜਿਸ ਵਿਚ ਕਮਿਸ਼ਨਰ ਫ਼ਿਰੋਜ਼ਪੁਰ ਡਵੀਜ਼ਨ ਸ਼੍ਰੀ ਸੁਮੇਰ ਸਿੰਘ ਗੁਰਜ਼ਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦਕਿ ਜ਼ਿਲ੍ਹੇ ਦੇ ਵਿਧਾਇਕ ਸਾਹਿਬਾਨ ਸਮਾਗਮ ਦੀ ਪ੍ਰਧਾਨਗੀ ਕਰਨਗੇ। ਇਸ ਮੌੇਕ ਵਾਤਾਵਰਨ ਨੂੰ ਬਚਾਉਣ ਹਿੱਤ ਨਾੜ ਨੂੰ ਅੱਗ ਨਾ ਲਗਾਉਣ ਵਾਲੇ ਜ਼ਿਲ੍ਹੇ ਦੇ 75 ਅਗਾਂਹਵਾਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਇਸ ਮਿਸ਼ਨ ਦਾ ਮੁੱਖ ਉਦੇਸ਼ ਪੰਜਾਬ ਨੂੰ ਤੰਦਰੁਸਤ ਬਣਾਉਣਾ ਅਤੇ ਮਾਨਵੀ ਉੱਤਮਤਾ ਪ੍ਰਾਪਤ ਕਰਨਾ ਹੈ, ਜਿਸ ਤਹਿਤ ਲੋਕਾਂ ਨੂੰ ਸਾਫ਼ ਸੁਥਰਾ ਪੀਣ ਵਾਲਾ ਪਾਣੀ, ਮਿਆਰੀ ਹਵਾ ਮੁਦਈਆਂ ਕਰਵਾਉਣ ਤੋਂ ਇਲਾਵਾ ਉਨ੍ਹਾਂ ਨੂੰ ਮਿਲਾਵਟ ਰਹਿਤ ਭੋਜਨ ਅਤੇ ਖੁਰਾਕੀ ਉਤਪਾਦ ਖਾਣ-ਪੀਣ ਲਈ ਮੁਹੱਈਆ ਕਰਵਾਉਣਾ ਹੈ ਅਤੇ ਲੋਕਾਂ ਦੀ ਸਾਰੀਰਿਕ ਅਤੇ ਮਾਨਸਿਕ ਸਿਹਤ ਵਿਚ ਸੁਧਾਰ ਲਿਆਉਣਾ ਹੈ। ਪੰਜਾਬ ਦੇ ਲੋਕਾਂ ਵਿਚ ਇਹ ਜਾਗਰੂਕਤਾ ਆਈ.ਈ.ਸੀ ਯੋਜਨਾਬੰਦੀ ਅਤੇ ਸਰਗਰਮੀਆਂ ਨਾਲ ਪੈਦਾ ਕੀਤੀ ਜਾਵੇਗੀ। ਸੂਬਾ ਪੱਧਰ 'ਤੇ ਮਿਸ਼ਨ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ ਜੋ ਪ੍ਰੋਗਰਾਮ ਨੂੰ ਲਾਗੂ ਕਰਨ 'ਤੇ ਨਿਗਰਾਨੀ ਰੱਖੇਗੀ। ਇਸ ਦਾ ਜਾਇਜ਼ਾ ਮਾਸਿਕ ਆਧਾਰ 'ਤੇ ਲਿਆ ਜਾਵੇਗਾ। ਇਸ ਮਿਸ਼ਨ ਦੇ ਚੇਅਰਮੈਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਖ਼ੁਦ ਹੋਣਗੇ, ਜਦਕਿ ਵਾਤਾਵਰਨ ਮੰਤਰੀ ਇਸ ਦੇ ਉਪ ਚੇਅਰਮੈਨ ਹੋਣਗੇ।
ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਆਈ.ਏ.ਐਸ ਨੇ ਦੱਸਿਆ ਕਿ ਮਿਸ਼ਨ 'ਤੰਦਰੁਸਤ ਪੰਜਾਬ' ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਵੱਖ ਵੱਖ ਵਿਭਾਗਾਂ ਨੂੰ ਵਿਸ਼ੇਸ਼ ਭੂਮਿਕਾ ਅਤੇ ਜ਼ਿੰਮੇਵਾਰੀਆਂ ਦਿੱਤਿਆਂ ਗਈਆਂ ਹਨ, ਜਿਸ ਵਿਚ ਸਿਹਤ ਵਿਭਾਗ ਨੂੰ ਮਹੱਤਵਪੂਰਨ ਸਥਾਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਿਸ਼ਨ ਦੇ ਉਦੇਸ਼ ਅਨੁਸਾਰ ਸਿਹਤ ਵਿਭਾਗ ਨੂੰ ਖ਼ੁਰਾਕ ਸੁਰੱਖਿਆ ਬਾਰੇ ਲੋਕਾਂ ਨੂੰ ਜਾਣੂ ਕਰਾਉਣ ਦਾ ਕੰਮ ਸੌਂਪਿਆ ਗਿਆ ਹੈ ਅਤੇ ਇਸ ਤੋਂ ਇਲਾਵਾ ਖ਼ੁਰਾਕ ਸੁਰੱਖਿਆ ਐਕਟ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਦਾ ਕੰਮ ਵੀ ਇਸ ਕੋਲ ਹੈ, ਜੋ ਖ਼ਾਸ ਤੌਰ 'ਤੇ ਦੁੱਧ ਅਤੇ ਦੁੱਧ ਉਤਪਾਦ ਦੀ ਨਿਰਧਾਰਿਤ ਗੁਣਵੱਤਾ ਨੂੰ ਯਕੀਨੀ ਬਣਾਏਗਾ। ਇਸ ਤੋਂ ਇਲਾਵਾ ਇਹ ਵਿਭਾਗ ਜਾਅਲੀ ਅਤੇ ਗੈਰ ਅਧਿਕਾਰਤ ਦਵਾਈਆਂ ਦੀ ਵਿੱਕਰੀ ਨੂੰ ਰੋਕਣ ਦੇ ਨਾਲ-ਨਾਲ ਗੈਰ ਲਾਈਸੰਸਧਾਰੀ ਕੈਮਿਸਟਾਂ ਵੱਲੋਂ ਵਿੱਕਰੀ ਨੂੰ ਰੋਕਣ ਦਾ ਕਾਰਜ ਤੇ ਲਾਗ ਅਤੇ ਬਿਨਾ ਲਾਗ ਵਾਲੀਆਂ ਬਿਮਾਰੀਆਂ ਬਾਰੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰੇਗਾ। 30 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਮੁਫ਼ਤ ਸਿਹਤ ਸਕਰੀਨਿੰਗ ਵੀ ਸਿਹਤ ਵਿਭਾਗ ਵੱਲੋਂ ਕੀਤੀ ਜਾਵੇਗੀ।
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਾਰੇ ਦੇਹਾਤੀ ਇਲਾਕਿਆਂ ਵਿਚ ਪੀਣ ਵਾਲੇ ਸਾਫ਼ ਸੁਥਰੇ ਪਾਣੀ ਨੂੰ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ ਜਾਵੇਗਾ। ਇਸ ਸਬੰਧ ਵਿਚ ਸਮੇਂ ਸਮੇਂ ਪਾਣੀ ਦੇ ਮਿਆਰ ਦੀ ਪਰਖ ਕੀਤੀ ਜਾਵੇਗੀ ਅਤੇ ਨਿਰਧਾਰਿਤ ਸੀਮਾ ਵਿਚ ਫਿਜ਼ੀਕਲ, ਬਾਓਲੋਜੀਕਲ ਅਤੇ ਰਸਾਇਣ ਮਾਪਦੰਡਾਂ ਨੂੰ ਯਕੀਨੀ ਬਣਾਇਆ ਜਾਵੇਗਾ। ਖੁੱਲ੍ਹੇ ਵਿਚ ਜੰਗਲ ਪਾਣੀ ਜਾਣ ਨੂੰ ਖ਼ਤਮ ਕਰਨ ਨੂੰ ਵੀ ਇਸੇ ਵਿਭਾਗ ਵੱਲੋਂ ਯਕੀਨੀ ਬਣਾਇਆ ਜਾਏਗਾ।
ਇਸ ਮਿਸ਼ਨ ਦੇ ਹੇਠ ਟਰਾਂਸਪੋਰਟ ਵਿਭਾਗ ਵੱਲੋਂ ਗੱਡੀਆਂ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਨਿਯਮਿਤ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਵਾਤਾਵਰਨ ਵਿਭਾਗ ਵੱਲੋਂ ਹਵਾ ਦੇ ਮਿਆਰ ਨੂੰ ਯਕੀਨੀ ਬਣਾਉਣ ਲਈ ਨਿਯਮਿਤ ਤੌਰ 'ਤੇ ਨਿਗਰਾਨੀ ਰੱਖੀ ਜਾਵੇਗੀ ਅਤੇ ਇਸ ਤੋਂ ਇਲਾਵਾ ਫ਼ਸਲਾਂ ਦੀ ਰਹਿੰਦ-ਖੁਹੰਦ ਨੂੰ ਸਾੜਨ ਵਿਰੁੱਧ ਜਾਗਰੂਕਤਾ ਪੈਦਾ ਕੀਤੀ ਜਾਵੇਗੀ। ਇਸ ਵੱਲੋਂ ਇਸ ਸਬੰਧ ਵਿਚ ਐਨ.ਜੀ.ਟੀ ਹੁਕਮ ਲਾਗੂ ਕੀਤਾ ਜਾਵੇਗਾ। ਸਨਅਤੀ ਪ੍ਰਦੂਸ਼ਣ ਵੀ ਇਸ ਵਿਭਾਗ ਵੱਲੋਂ ਰੋਕਿਆ ਜਾਵੇਗਾ ਅਤੇ ਸਨਅਤਾਂ ਵਿਚੋਂ ਰਹਿੰਦ-ਖੁਹੰਦ ਦੇ ਵਹਾਅ ਸਬੰਧੀ ਨਿਰਧਾਰਿਤ ਮਾਪਦੰਡਾਂ ਨੂੰ ਯਕੀਨੀ ਬਣਾਇਆ ਜਾਵੇਗਾ। ਪਲਾਸਟਿਕ/ਈ ਰਹਿੰਦ-ਖੁਹੰਦ ਅਤੇ ਬਾਓਮੈਡੀਕਲ ਰਹਿੰਦ ਖੁਹੰਦ ਦੇ ਸੁਰੱਖਿਅਤ ਨਿਪਟਾਰੇ ਨੂੰ ਨਿਰਧਾਰਿਤ ਨਿਯਮਾਂ ਹੇਠ ਯਕੀਨੀ ਬਣਾਇਆ ਜਾਵੇਗਾ। ਜੰਗਲਾਤ ਵਿਭਾਗ ਵੱਲੋਂ ਘਰ-ਘਰ ਹਰਿਆਲੀ ਪ੍ਰੋਗਰਾਮ ਅਧੀਨ ਹਰ ਘਰ ਵਿਚ ਫਲਦਾਰ ਜਾਂ ਦਵਾਈਆਂ ਲਈ ਵਰਤੇ ਜਾਣ ਵਾਲੇ ਪੌਦੇ ਲਗਾਉਣ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ ਜ਼ਿਲ੍ਹੇ ਵਿਚ ਪੈਂਦੀਆਂ ਬਰਮਾ ਅਤੇ ਸੜਕਾਂ ਦੇ ਆਲ਼ੇ ਦੁਆਲੇ ਦੀ ਸਾਫ਼ ਸਫ਼ਾਈ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਮਿਸ਼ਨ ਨੂੰ ਲਾਗੂ ਕਰਨ ਵਿਚ ਸ਼ਾਮਲ ਕੀਤੇ ਹੋਰ ਵਿਭਾਗਾਂ ਵਿਚ ਸਥਾਨਕ ਸਰਕਾਰ, ਖੇਤੀਬਾੜੀ ਤੇ ਬਾਗ਼ਬਾਨੀ , ਸਹਿਕਾਰਤਾ, ਜੰਗਲਾਤ, ਖੇਡਾਂ, ਜਨ ਸਿਹਤ, ਜਲ ਸਰੋਤ ਅਤੇ ਦੇਹਾਤੀ ਵਿਕਾਸ ਅਤੇ ਪੰਚਾਇਤ ਵਿਭਾਗ ਸ਼ਾਮਲ ਹਨ।