ਸਕੱਤਰ ਵੀ.ਕੇ ਜੰਜੂਆ ਨੇ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਦਾ ਰਿਵਿਊ ਕਰਨ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਸਿਹਤ ਵਿਭਾਗ ਤੋਂ ਜ਼ਿਲ੍ਹਾ ਹਸਪਤਾਲ, ਆਈਸੋਲੇਸ਼ਨ ਵਾਰਡ ਅਤੇ ਹਸਪਤਾਲ ਵਿਚ ਹੋਰ ਜ਼ਰੂਰੀ ਪ੍ਰਬੰਧਾਂ ਸਬੰਧੀ ਬਾਰੇ ਜਾਣਕਾਰੀ ਹਾਸਲ ਕੀਤੀ
ਫ਼ਿਰੋਜ਼ਪੁਰ 26 ਜੂਨ 2020 ਕੋਰੋਨਾ ਵਾਇਰਸ ਦੇ ਸਬੰਧ ਵਿਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਰਿਵਿਊ ਕਰਨ ਲਈ ਕਿਰਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਵੀ.ਕੇ ਜੰਜੂਆ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਹੁਣ ਤੱਕ ਕੀਤੇ ਕੰਮਾਂ ਅਤੇ ਹੋਰ ਕੀਤੇ ਜਾਣ ਵਾਲੇ ਕੰਮਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਇਸ ਦੌਰਾਨ ਸ਼੍ਰੀ ਵੀ.ਕੇ ਜੰਜੂਆ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਜ਼ਿਲ੍ਹੇ ਵਿਚ ਕੋਰੋਨਾ ਪੋਜ਼ਿਟਿਵ ਮਰੀਜ਼ਾ ਦੀ ਗਿਣਤੀ ਤੇ ਉਨ੍ਹਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਇਲਾਜ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਸਿਹਤ ਵਿਭਾਗ ਕੋਲੋਂ ਕੋਰੋਨਾ ਵਾਇਰਸ ਸਬੰਧੀ ਇਲਾਜ ਅਤੇ ਉਸ ਦੀ ਰੋਕਥਾਮ ਲਈ ਵਰਤੇ ਜਾਨ ਵਾਲੇ ਸਾਜੋ-ਸਮਾਨ ਬਾਰੇ ਵੀ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ/ਕਰਮਚਾਰੀ ਵੱਧ ਤੋਂ ਵੱਧ ਲੋਕਾਂ ਨੂੰ ਮਾਸਕ ਪਹਿਨਣ, ਸੋਸ਼ਲ ਡਿਸਟੈਂਸਿੰਗ ਆਦਿ ਸਾਵਧਾਨੀਆਂ ਬਾਰੇ ਜਾਗਰੂਕ ਕਰਨ।
ਇਸ ਦੌਰਾਨ ਉਨ੍ਹਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਤੋਂ ਜ਼ਿਲ੍ਹੇ ਵਿਚ ਲਾਕਡਾਊਨ ਦੀ ਸਥਿਤੀ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਪੁਲਿਸ ਵਿਭਾਗ ਵੱਲੋਂ ਲਾਕਡਾਊਨ ਦੀ ਉਲੰਘਣਾ ਕਰਨ ਵਾਲਿਆਂ, ਮਾਸਕ ਨਾ ਪਹਿਨਣ ਵਾਲਿਆਂ ਤੇ ਹੁਣ ਤੱਕ ਕੀਤੀ ਕਾਰਵਾਈ ਬਾਰੇ ਵੀ ਪੁੱਛਿਆ। ਉਨ੍ਹਾਂ ਫੂਡ ਸਿਵਲ ਸਪਲਾਈ ਦੇ ਅਧਿਕਾਰੀਆਂ ਤੋਂ ਜ਼ਿਲ੍ਹੇ ਵਿਚ ਲੋੜਵੰਦਾਂ ਨੂੰ ਵੰਡੇ ਜਾਣ ਵਾਲੇ ਰਾਸ਼ਨ ਬਾਰੇ ਗੱਲ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਨਾ ਸਿਰਫ਼ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ ਬਲਕਿ ਇਸ ਤੋਂ ਇਲਾਵਾ ਵੀ ਹੋਰਨਾਂ ਲੋੜਵੰਦ ਵਿਅਕਤੀਆਂ ਨੂੰ ਵੀ ਰਾਸ਼ਨ ਵੰਡਿਆ ਗਿਆ ਹੈ। ਇਸ ਦੌਰਾਨ ਉਨ੍ਹਾਂ ਕਿਰਤ ਵਿਭਾਗ ਦੇ ਅਧਿਕਾਰੀਆਂ ਤੋਂ ਫ਼ੈਕਟਰੀਆਂ/ਕਾਰਖ਼ਾਨੇ ਜਾਂ ਭੱਠਿਆਂ ਤੇ ਕੰਮ ਕਰਦੇ ਮਜ਼ਦੂਰਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ, ਐਸਡੀਐਮ ਫ਼ਿਰੋਜ਼ਪੁਰ ਅਮਿੱਤ ਗੁਪਤਾ, ਐਸਡੀਐਮ ਜ਼ੀਰਾ ਰਣਜੀਤ ਸਿੰਘ, ਐਸਡੀਐਮ ਗੁਰੂਹਰਸਹਾਏ ਸ਼੍ਰੀਮਤੀ ਪੂਨਮ,ਸਹਾਇਕ ਕਮਿਸ਼ਨਰ ਰਵਿੰਦਰ ਸਿੰਘ ਅਰੋੜਾ, ਸਿਵਲ ਸਰਜਨ ਡਾ: ਨਵਦੀਪ ਸਿੰਘ ਆਦਿ ਹਾਜ਼ਰ ਸਨ।