ਸ਼ਹੀਦ ਊਧਮ ਸਿੰਘ ਯਾਦਗਾਰ ਪਾਰਕ ਦਾ ਕੀਤਾ ਉਦਘਾਟਨ
ਗੁਰੂਹਰਸਹਾਏ/ਫਿਰੋਜ਼ਪੁਰ 18 ਦਸੰਬਰ : ਸ਼ਹੀਦ ਊਧਮ ਸਿੰਘ ਯਾਦਗਾਰ ਪਾਰਕ ਗੋਲੂ ਕਾ ਮੋੜ ਦਾ ਬੀਤੀ ਸ਼ਾਮ ਕੀਤਾ ਗਿਆ ਉਦਘਾਟਨੀ ਸਮਾਰੋਹ ਯਾਦਗਾਰੀ ਹੋ ਨਿਬੜਿਆ। ਸ਼ਹੀਦ ਦੇ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਹਲਕਾ ਇੰਚਾਰਜ ਸ.ਵਰਦੇਵ ਸਿੰਘ ਮਾਨ ਨੇ ਨਿਭਾਈ। ਇਸ ਮੌਕੇ ਡੇਰਾ ਭਜਨਗੜ੍ਹ ਦੇ ਗੱਦੀ ਨਸ਼ੀਨ ਸੰਤ ਬਾਬਾ ਮੁਖਤਿਆਰ ਸਿੰਘ, ਬਜ਼ੁਰਗ ਆਗੂ ਹਾਕਮ ਚੰਦ, ਚੇਅਰਮੈਨ ਬੈਕਫਿਂਕੋ ਪੰਜਾਬ ਓਮ ਪ੍ਰਕਾਸ਼, ਅਸ਼ੋਕ ਕੁਮਾਰ ਨੁਕੇਰੀਆਂ ਤੋਂ ਇਲਾਵਾ ਹੋਰ ਵੀ ਪਤਵੰਤੇ ਮੌਜੂਦ ਸਨ। ਇਸ ਮੌਕੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਲਾਸਾਨੀ ਸ਼ਹਾਦਤ ਜ਼ਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਦੀ ਸ਼ਹਾਦਤ ਦਾ ਬਦਲਾ ਹੀ ਨਹੀਂ ਬਲਕਿ ਕੌਮੀ ਅਣਖ ਦਾ ਪ੍ਰਤੀਕ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਦੇ ਰਾਜ ਮੌਕੇ 21 ਸਾਲ ਦਾ ਸਮਾਂ ਆਪਣੇ ਮਿਥੇ ਨਿਸ਼ਾਨੇ ਖਾਤਰ ਲਗਾਉਣਾ ਦੁਨੀਆਂ ਭਰ ਵਿਚ ਇਕ ਵੱਖਰੀ ਮਿਸਾਲ ਹੈ। ਇਸ ਮੌਕੇ ਬੋਲਦਿਆਂ ਕਾਮਰੇਡ ਹਰੀ ਚੰਦ ਨੇ ਕਿਹਾ ਕਿ ਦੇਸ਼ ਦੇ ਸ਼ਹੀਦਾਂ ਪ੍ਰਤੀ ਅਗਲੀਆਂ ਪੀੜ੍ਹੀਆਂ ਨੂੰ ਪੂਰੀ ਜਾਣਕਾਰੀ ਦੇਣ ਲਈ ਵਿੱਦਿਅਕ ਸਲੇਬਸ ਵਿਚ ਵਧੇਰੇ ਜਾਣਕਾਰੀ ਸ਼ਾਮਲ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕਈ ਦਹਾਕੇ ਬੀਤ ਜਾਣ ਦੇ ਬਾਵਜੂਦ ਅੱਜ ਵੀ ਜਲ੍ਹਿਆਂ ਵਾਲਾ ਬਾਗ ਅਤੇ ਸੰਸਦ ਭਵਨ ਵਿਚ ਸ਼ਹੀਦ ਊਧਮ ਸਿੰਘ ਦੇ ਬੁੱਤ ਲਗਾਉਣ ਅਤੇ ਯੂਨੀਵਰਸਿਟੀਆਂ ਅੰਦਰ ਉਨ੍ਹਾਂ ਦੇ ਨਾਮ ਦੀ ਚੇਅਰ ਸਥਾਪਤ ਕਰਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਵਰਦੇਵ ਸਿੰਘ ਮਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਥਾਂ ‘ਤੇ ਹਰੇਕ ਸਾਲ ਸ਼ਹੀਦ ਦੀ ਯਾਦ ਵਿਚ ਕ੍ਰਾਂਤੀਕਾਰੀ ਮੇਲਾ ਆਯੋਜਿਤ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਆ ਕੇ ਨਵੀਂ ਪੀੜ੍ਹੀ ਸ਼ਹੀਦਾਂ ਵੱਲੋਂ ਪਾਏ ਪੂਰਨਿਆਂ ਤੋਂ ਭਟਕ ਕੇ ਗਲਤ ਰਸਤੇ ਪੈ ਰਹੀ ਹੈ। ਜਿਸ ਨੂੰ ਸਹੀ ਦਿਸ਼ਾ ਦੇਣ ਲਈ ਮਿਲ ਕੇ ਹੰਬਲਾ ਮਾਰਨ ਦੀ ਜ਼ਰੂਰਤ ਹੈ। ਇਸ ਮੌਕੇ ਬਲਦੇਵ ਰਾਜ ਕੰਬੋਜ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਠੇਕੇਦਾਰ ਬਲਦੇਵ ਥਿੰਦ, ਤਿਲਕ ਰਾਜ ਸਰਪੰਚ, ਨਰਦੇਵ ਸਿੰਘ ਮਾਨ, ਹੰਸ ਰਾਜ ਕੰਬੋਜ਼, ਜਗਦੀਸ਼ ਥਿੰਦ ਨੰਬਰਦਾਰ, ਤਿਲਕ ਰਾਜ ਪ੍ਰਧਾਨ ਯੂਥ ਕੰਬੋਜ਼ ਮਹਾਂ ਸਭਾ, ਡਾ.ਸੰਜੀਵ ਕੰਬੋਜ਼, ਮੁਖਤਿਆਰ ਸਿੰਘ ਗਿੱਲ, ਜਸਪ੍ਰੀਤ ਸਿੰਘ ਮਾਨ, ਸੋਨਾ ਸਿੰਘ ਸਰਪੰਚ ਬਾਦਲ ਕੇ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਲੋਕ ਸ਼ਾਮਲ ਹੋਏ।