ਸ਼ਹੀਦ ਅਸ਼ਫਾਕਉੱਲਾ ਖਾਨ ਦੇ ਸ਼ਹੀਦੀ ਦਿਨ ਦੇ ਸਨਮੁੱਖ
ਸ਼ਹੀਦ ਅਸ਼ਫਾਕਉੱਲਾ ਖਾਨ ਦੇ ਸ਼ਹੀਦੀ ਦਿਨ ਦੇ ਸਨਮੁੱਖ 💐💐💐💐💐💐💐💐❤️
ਅੱਜ ਅਜ਼ਾਦੀ ਸੰਗਰਾਮ ਦੇ ਮਹਾਨ ਸ਼ਹੀਦਾਂ ਵਿੱਚ ਕਾਕੋਰੀ ਕਾਂਡ ਨਾਲ ਮਸ਼ਹੂਰ ਇਨਕਲਾਬੀਆਂ ਦੇ ਸਾਥੀ ਸ਼ਹੀਦ ਅਸ਼ਫਾਕਉੱਲਾ ਖਾਨ ਦਾ ਸ਼ਹੀਦੀ ਦਿਨ ਹੈ।। ਇਹ ਮਹੀਨਾ ਮਹਾਨ ਗੁਰੂ ਦਸ਼ਮੇਸ਼ ਦੇ ਪੁੱਤਰਾਂ, ਉੱਸਦੇ ਪੁੱਤਰਾਂ ਤੋਂ ਵੀ ਪਹਿਲਾਂ ਪੁੱਤਰ ਸਮਝੇ ਪਿਆਰੇ ਸਿੰਘਾਂ ਅਤੇ ਮਾਤਾ ਗੁਜਰੀ ਦਾ ਸ਼ਹੀਦੀ ਸਮਾਂ ਹੈ। ਇਹ ਵੈਰਾਗਮਈ ਸਮੇਂ ਗੁਰੂ ਗੋਬਿੰਦ ਸਿੰਘ ਦੇ ਸਿੰਘਾਂ ਵਾਲੀ ਸੋਚ ਨੂੰ ਦੁਨੀਆਂ ਭਰ ਵਿੱਚ ਸਥਾਪਤ ਕਰਨ ਵਾਲੇ ਸ਼ਹੀਦਾਂ ਨੂੰ ਵੀ ਯਾਦ ਕਰਨ ਦਾ ਸਮਾਂ ਹੈ। ਗੁਰੂ ਦੇ ਲਾਲ ਤੇ ਸਿੰਘ ਜੈਕਾਰੇ ਲਾਉਂਦੇ ਮੌਤ ਨਾਲ ਮੱਥਾ ਲਾਉਣ ਜਾਂਦੇ ਸਨ, ਤੇ ਇਨਕਲਾਬੀ ਨਾਹਰੇ ਲਾਉਂਦੇ ਤੇ ਗੀਤ ਗਾਉਂਦੇ ਫਾਂਸੀਆਂ ਦੇ ਰੱਸੇ ਚੁੰਮਦੇ ਸਨ। ਜਦੋਂ ਅਸ਼ਫਾਕ ਉੱਲਾ ਖਾਨ ਨੂੰ ਫਾਂਸੀ ਦਿੱਤੀ ਜਾ ਰਹੀ ਸੀ ਤਾਂ ਉਸ ਨੇ ਜਾਣ ਵੇਲੇ ਕੁਝ ਸ਼ੇਅਰ ਪੜ੍ਹੇ ਸਨ। ਕਸ ਲੀ ਹੈ ਕਮਰ ਅਬ ਤੋ ਕੁਛ ਕਰ ਕੇ ਦਿਖਾਏਂਗੇ ਆਜ਼ਾਦ ਹੀ ਹੋ ਲੇਂਗੇ ਯਾ ਸਰ ਹੀ ਕਟਾ ਦੇਂਗੇ।। ਫਾਂਸੀ ਤੋਂ ਇਕ ਦਿਨ ਪਹਿਲਾਂ ਅਸ਼ਫਾਕ ਆਪਣੇ ਵਾਲ ਸਿੱਧੇ ਕਰ ਰਿਹਾ ਸੀ ਤਾਂ ਨਾਲ ਦੇ ਸਾਥੀ ਦੁਆਰਾ ਮਜ਼ਾਕ ਕਰਨ ਤੇ ਉਸ ਨੇ ਕਿਹਾ ਸੀ “ਕਿ ਕੱਲ੍ਹ ਮੇਰਾ ਵਿਆਹ ਹੈ ਅਤੇ ਕੀ ਗੱਲਾਂ ਕਰਦੇ ਹੋ।
” ਫਾਂਸੀ ‘ਤੇ ਚੜ੍ਹਨ ਤੋਂ ਪਹਿਲਾਂ ਏਨੇ ਜ਼ਿੰਦਾਦਿਲੀ ਨਾਲ ਮੌਤ ਨੂੰ ਮਖੌਲਾਂ ਕਰਨ ਵਾਲੇ ਮਤਵਾਲੇ ਗੱਭਰੂ ਸਨ ਅਸ਼ਫਾਕ ਉੱਲਾ ਖਾਨ. ਕਾਕੋਰੀ ਕਾਂਡ ਦੇ ਸ਼ਹੀਦਾਂ ਵਿੱਚ ਰਾਮ ਪ੍ਰਸਾਦ ਬਿਸਮਿਲ ਬਹੁਤ ਗਜ਼ਬ ਦੀ ਉਰਦੂ ਸ਼ਾਇਰੀ ਲਿਖਦੇ ਸਨ। ਸ਼ਾਇਦ ਅਸ਼ਫਾਕ ਉਹਨਾਂ ਦੇ ਸ਼ੇਅਰ ਗਾਉਂਦਾ ਹੀ ਫਾਂਸੀ ਦੇ ਫੰਧੇ ਵੱਲ ਗਿਆ ਹੋਵੇਗਾ। ਇੱਕ ਹੋਰ ਗੱਲ ਜੋ ਕਿਤੇ ਪੜ੍ਹੀ ਨਹੀਂ ਪਰ ਮੇਰੇ ਪਿਤਾ ਜੀ ਕਾਮਰੇਡ ਸੁਰੈਣ ਸਿੰਘ ਨੇ ਦੱਸੀ ਸੀ ਕਿ ਮੁਸਲਮਾਨ ਕੱਟੜਪੰਥੀ ਕੁੱਝ ਲੋਕਾਂ ਨੇ ਅਸ਼ਫਾਕ ਨੂੰ ਪਾਕਿਸਤਾਨ ਵਿੱਚ ਇਸਲਾਮੀ ਸ਼ਹੀਦ ਕਹਿਣ ਦਾ ਯਤਨ ਕੀਤਾ ਸੀ ਪਰ ਉਹ ਇੱਸ ਇਨਕਲਾਬੀ ਸੋਚ ਦੇ ਧਾਰਨੀ ਦੇ ਅਵਾਮੀਂ ਸ਼ਹੀਦ ਬਣੇਂ ਰਹਿਣ ਦੀ ਧਰਮ ਨਿਰਪੱਖ ਸੋਚ ਸਾਹਵੇਂ ਚੁੱਪ ਵੱਟਣ ਲਈ ਮਜਬੂਰ ਹੋ ਗਏ ਸਨ। ਜਿਵੇਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਕਦੀ ਪੱਗੜੀ ਤੇ ਕਦੀ ਟੋਪੀ ਹੇਠਾਂ ਢੱਕਣ ਦਾ ਯਤਨ ਕੀਤਾ ਜਾਂਦਾ ਰਿਹਾ ਹੈ ਪਰ ਭਗਤ ਸਿੰਘ ਦੀਆਂ ਲਿਖਤਾਂ ਹੀ ਐਨੀਆਂ ਸਪੱਸ਼ਟ ਤੇ ਵਜ਼ਨਦਾਰ ਹਨ ਕਿ ਧਾਰਮਿਕ ਕੱਟੜਤਾ ਨਾਲ ਗ੍ਰੱਸੇ ਰੋਗੀਆਂ ਨੂੰ ਹਰ ਵਾਰ ਮੂੰਹ ਦੀ ਖਾਣੀ ਪੈਂਦੀ ਰਹੀ ਹੈ।
ਇਹ ਇਹਨਾਂ ਸ਼ਕਤੀਆਂ ਦਾ ਛਿੱਥਾਪਣ ਹੀ ਹੈ ਕਿ ਉਹ ਕਦੇ ਭਗਤ ਸਿੰਘ ਨੂੰ ਅੱਤਵਾਦੀ ਕਹਿੰਦੇ ਹਨ ਤੇ ਕਦੇ ਨਿਆਣਾ ਮੱਤਾ ਦੱਸਦੇ ਹਨ। ਖੁਦ ਪੜ੍ਹਾਈ ਲਿਖਾਈ ਤੇ ਵਿੱਦਿਆ ਪੱਖੋਂ ਹੀਣੇ ਤਾਂ ਇਹ ਬਿਆਨ ਵੀ ਦਾਗ ਦੇਂਦੇ ਹਨ ਕਿ ਪੜ੍ਹਾਈ ਬੰਦੇ ਨੂੰ ਡਰਪੋਕ ਬਣਾ ਦੇਂਦੀ ਹੈ। ਇੱਕ ਤਰਾਂ ਨਾਲ ਇਹ ਸਿੱਖ ਇਤਹਾਸ ਦੇ ਮਹਾਨ ਸ਼ਹੀਦਾਂ ਨੂੰ ਵੀ ਅਨਪੜ੍ਹਤਾ ਦਾ ਪ੍ਰਮਾਣ ਪੱਤਰ ਵੰਡ ਰਹੇ ਹਨ ਕਿ ਜੇ ਉਹ ਪੜ੍ਹੇ ਲਿਖੇ ਹੁੰਦੇ ਤਾਂ ਡਰਪੋਕ ਹੁੰਦੇ, ਤੇ ਸ਼ਹੀਦੀਆਂ ਪ੍ਰਾਪਤ ਨਹੀਂ ਸੀ ਕਰ ਸਕਦੇ। ਮੈਨੂੰ ਤਾਂ ਬਾਬੇ ਨਾਨਕ ਦਾ ਫਲਸਫਾ ਵੀ ਧਾਰਮਿਕ ਨਹੀਂ ਲੱਗਦਾ। ਉਹਨਾਂ ਦੀ ਸੋਚ ਤੇ ਫਲਸਫਾ ਸੰਸਾਰ ਨੂੰ ਅਜ਼ਾਦੀ ਤੇ ਮਾਣ ਸਨਮਾਨ ਨਾਲ ਚੰਗਾ ਜੀਵਨ ਜਿਉਣ ਲਈ ਸੰਸਾਰ ਪੱਧਰੀ ਨਜ਼ਰੀਆ ਨਜਰ ਆਉਂਦਾ ਹੈ। ਬਾਬਾ ਮਿਹਨਤ ਕਰਨ ਅਤੇ ਵੰਡ ਛਕਣ ਦਾ ਸਿਧਾਂਤ ਦੇਂਦਾ ਹੈ ਤੇ ਮਾਰਕਸ ਇਸੇ ਨੂੰ ਦਾਸ ਕੈਪੀਟਲ ਲਿਖ ਕੇ ਵਿਗਿਆਨਕ ਸਿਧਾਂਤ ਵਜੋਂ ਪੇਸ਼ ਕਰਦਾ ਹੈ। ਇੱਸ ਤਰ੍ਹਾਂ ਸਿੱਖਾਂ ਨੂੰ ਵੀ ਕਾਮਰੇਡ ਕਿਹਾ ਜਾ ਸਕਦਾ ਹੈ ਤੇ ਮਾਰਕਸਵਾਦੀਆਂ ਨੂੰ ਨਾਨਕਵਾਦੀ। ਪਰ ਐਨੀ ਡੂੰਘੀ ਟੁੱਭੀ ਲਾਉਣ ਜੋਗਾ ਦਮ ਵੀ ਜਰੂਰੀ ਏ, ਵਰਨਾਂ ਨਫਰਤ ਤੇ ਪਾੜਾ ਪਾਊ ਬਿਰਤੀ ਕਿੱਥੇ ਸੋਚਣ ਸਮਝਣ ਤੇ ਵਿਚਾਰਨ ਵਾਲੀ ਸੋਚ ਨੂੰ ਬਰਦਾਸ਼ਤ ਕਰਦੀ ਹੈ। ਬਾਬੇ ਨਾਨਕ ਨੂੰ ਸਿੱਖ ਗੁਰੂ ਦੀ ਥਾਂ ਵਿਸ਼ਵਗੁਰੂ ਕਹਿਣਾ ਹੀ ਉਹਨਾਂ ਦੇ ਕੱਦ ਨਾਲ ਇਨਸਾਫ ਹੋ ਸਕਦਾ ਹੈ। ਏਸੇ ਤਰਾਂ ਤਰਕ ਨਾਲ ਗੱਲ ਕਰਨ ਵਾਲੇ ਗੁਰੂ ਬਾਬਿਆਂ, ਸਿੱਖ ਧਰਮੀ ਸੋਚ ਵਾਲਿਆਂ, ਤੇ ਨਾਸਤਿਕ ਭਗਤ ਸਿੰਘ ਤੇ ਵਿਗਿਆਨਕ ਸੋਚ ਵਾਲੇ ਸ਼ਹੀਦਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਬਾਬੇ ਨਾਨਕ ਦੀ ਸੋਚ ਅਨੁਸਾਰ ਅਸ਼ਫਾਕ ਨੂੰ ਵੀ ਸਿੱਖ ਕਿਹਾ ਜਾ ਸਕਦਾ ਹੈ। ਇਹ ਵੱਖਰੀ ਗੱਲ ਏ ਕਿ ਅੱਜਕਲ੍ਹ ਸਿੱਖਾਂ ਦਾ ਦੁਨੀਆਂ ਭਰ ਵਿੱਚ ਨਕਸ਼ਾ ਵਿਗਾੜਨ ਵਾਲੇ ਤੇ ਹਕੂਮਤੀ ਏਜੰਸੀਆਂ ਦੇ ਹੱਥਾਂ ਵਿੱਚ ਖੇਡਣ ਵਾਲੇ ਪਾਲਤੂ ਕੱਟੜ ਆਮ ਸਿੱਖਾਂ ਨੂੰ ਵੀ ਸਿੱਖ ਮੰਨਣ ਤੋਂ ਇਨਕਾਰੀ ਹਨ। ਏਵੇਂ ਸ਼ਹੀਦੀ ਦੀ ਪ੍ਰੀਭਾਸ਼ਾ ਨੂੰ ਬਹੁਤ ਪੇਤਲਾ ਕਰ ਦਿੱਤਾ ਗਿਆ ਹੈ। ਕਿਸੇ ਦੁਰਘਟਨਾ ਵਿੱਚ ਮਾਰਿਆ ਗਿਆ ਵੀ ਸ਼ਹੀਦ ਤੇ ਫਾਂਸੀ ਦੇ ਫੰਧੇ ਚੁੰਮਣ ਤੇ ਤੱਤੀਆਂ ਤਵੀਆਂ ਤੇ ਉੱਬਲਦੀਆਂ ਦੇਗਾਂ ਵਿੱਚ ਬੈਠਣ ਵਾਲਾ ਵੀ ਸ਼ਹੀਦ। ਸ਼ਹੀਦੀ ਪ੍ਰਮਾਣ ਪੱਤਰ ਵੰਡਣ ਵਾਲਿਆਂ ਨੂੰ ਘੱਟੋ ਘੱਟ ਇਕ ਵਾਰ ਜਰੂਰ ਹੀ ਸ਼ਹੀਦ ਸ਼ਬਦ ਦੀ ਪ੍ਰੀਭਾਸ਼ਾ ਪੜ੍ਹ ਲੈਣੀ ਚਾਹੀਦੀ ਹੈ। ਇਹ ਵੀ ਸੱਚ ਹੈ ਕਿ ਅਜ਼ਾਦੀ ਸੰਗਰਾਮ ਵਿੱਚ ਸ਼ਹੀਦ ਹੋਣ ਵਾਲੇ ਸਭ ਤੋਂ ਵੱਧ ਪੰਜਾਬੀ ਤੇ ਸਿੱਖ ਸਨ। ਪਰ ਇੱਸ ਸੱਚ ਤੋਂ ਵੀ ਅੱਖਾਂ ਨਹੀਂ ਫੇਰ ਸਕਦੇ ਕਿ ਹਰੇਕ ਮਰਨ ਵਾਲੇ ਨੂੰ ਸ਼ਹੀਦੀ ਖਿਤਾਬ ਦੇਣ ਨਾਲ ਸਿੱਖ ਸ਼ਹਾਦਤ ਦਾ ਮਿਆਰ ਵੀ ਨੀਵਾਂ ਹੁੰਦਾ ਹੈ। ਪਰ ਸਮਝਾਵੇ ਕਿਹੜਾ, ਸ਼ਹੀਦੀ ਖਿਤਾਬ ਦੇਣ ਵਾਲਿਆਂ ਵਿੱਚ ਬਹੁਤੇ ਤੱਤੇ ਬਦਜ਼ੁਬਾਨ, ਬਦਮਗਜ਼ ਤੇ ਗਾਹਲਾਂ ਕੱਢਣ ਵਾਲੇ ਫੂਹੜਪੰਥੀ ਤੇ ਜਾਹਲ ਹੀ ਮੋਹਰੀ ਹੋਏ ਫਿਰਦੇ ਹਨ। ਇਤਿਹਾਸਕ ਪੱਖੋਂ ਤੇ ਇੱਕਪਾਸੜ ਤੇ ਉਲਾਰ ਸੋਚ ਸਮਝ ਵਾਲੇ ਬਹੁਤ ਭਾਰੂ ਹਨ। ਮੇਰੇ ਵਕੀਲ ਮਿੱਤਰ ਹਰਬੰਸ ਸੋਨੂੰ ਨੂੰ ਕਿਸੇ ਪ੍ਰੋਗਰਾਮ ਵਿੱਚ ਇੱਕ ਅਫਗਾਨੀ ਮਿਲਿਆ ਤਾਂ ਇਤਿਹਾਸ ਤੇ ਚਰਚਾ ਚੱਲ ਪਈ। ਹਰਬੰਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਅਫਗਾਨਿਸਤਾਨ ਤੱਕ ਰਾਜ ਕਰਨ ਦੀ ਗੱਲ ਕਰਨ ਤੇ ਜਮਰੌਦ ਦਾ ਕਿਲ੍ਹਾ ਜਿੱਤਣ ਦੇ ਨਾਲ ਹਰੀ ਸਿੰਘ ਨਲੂਏ ਦਾ ਜ਼ਿਕਰ ਕੀਤਾ। ਹਰੀ ਸਿੰਘ ਨਲੂਆ ਸਿੱਖਾਂ ਤੇ ਪੰਜਾਬੀਆਂ ਦਾ ਜੇਤੂ ਜਰਨੈਲ ਹੋ ਸਕਦਾ ਹੈ ਪਰ ਜਿਨ੍ਹਾਂ ਤੇ ਜਿੱਤ ਪ੍ਰਾਪਤ ਕੀਤੀ ਉਹਨਾਂ ਲਈ ਉਹ ਸਤਿਕਾਰ ਦਾ ਪਾਤਰ ਕਿਵੇਂ ਹੋ ਸਕਦਾ ਹੈ ਸਗੋਂ ਨਫਰਤ ਦਾ ਪਾਤਰ ਹੀ ਹੈ। ਅਫਗਾਨੀ ਨੇ ਸੁਆਲ ਕੀਤਾ ਕਿ ਤੁਸੀਂ ਮਹਿਮੂਦ ਗਜ਼ਨਵੀ ਨੂੰ ਕੀ ਸਮਝਦੇ ਹੋ, ਇੱਕ ਧਾੜਵੀ ਲੁਟੇਰਾ? ਤਾਂ ਹਰੀ ਸਿੰਘ ਨਲੂਏ ਲਈ ਓਧਰਲੇ ਲੋਕਾਂ ਦੇ ਵੀ ਇਹੋ ਵਿਚਾਰ ਹਨ। ਹਾਂ ਅਫਗਾਨੀ ਜੇਤੂਆਂ ਦਾ ਜ਼ਿਕਰ ਜਰੂਰ ਮਾਣ ਨਾਲ ਕਰ ਸਕਦੇ ਹਨ। ਠੀਕ ਏਸੇ ਤਰ੍ਹਾਂ ਜਿਵੇਂ ਖਾਲਿਸਤਾਨੀ ਇੱਕ ਪਾਸੇ ਖਾੜਕੂ ਜੋਧੇ ਦੱਸਦੇ ਹਨ ਪਰ ਜਿੱਨ੍ਹਾਂ ਨੇ ਨੁਕਸਾਨ ਝੱਲੇ ਉਹਨਾਂ ਲਈ ਸਿਰਫ ਅੱਤਵਾਦੀ ਹੀ ਹਨ। ਹੁਣ ਕੱਟਣ ਸਿੱਖ ਮਾਨਸਿਕਤਾ ਵਾਲੇ ਭਗਤ ਸਿੰਘ ਨੂੰ ਵੀ ਅੱਤਵਾਦੀ ਆਖਣ ਲੱਗੇ ਭੋਰਾ ਸ਼ਰਮ ਨਹੀਂ ਕਰਦੇ। ਭਗਤ ਸਿੰਘ ਜਿੱਸਨੇ ਦੁਨੀਆਂ ਭਰ ਦਾ ਇਤਿਹਾਸ ਪੜ੍ਹਿਆ ਤੇ ਫਲਸਫੇ ਦਾ ਗੂੜ੍ਹਾ ਅਧਿਐਨ ਕੀਤਾ ਉੱਸ ਬਾਰੇ ਅੰਮ੍ਰਿਤਪਾਲ ਵਰਗਾ ਨਵਾਂ ਉੱਤਾਰਿਆ ਅਵਤਾਰ ਹੀ ਫੂਹੜ ਟਿੱਪਣੀਆਂ ਕਰੀ ਜਾਂਦਾ ਹੈ। ਨਾਲੇ ਇਹ ਵੀ ਮੰਨਦਾ ਹੈ ਕਿ ਉੱਸਨੂੰ ਬਹਤੀ ਪੜ੍ਹਾਈ ਲਿਖਾਈ ਤੇ ਇਤਿਹਾਸ ਦਾ ਗਿਆਨ ਨਹੀਂ ਹੈ। ਉੱਸ ਮਗਰ ਲੱਗੀ ਸਾਰੀ ਨਵੀਂ ਪਨੀਰੀ ਵਿਚੋਂ ਇੱਕ ਵੀ ਨਹੀਂ ਲੱਭਣਾਂ ਜਿੱਸਨੇ ਭਗਤ ਸਿੰਘ ਜਿੰਨਾ ਪੜ੍ਹਿਆ ਜਾਂ ਅਧਿਐਨ ਕੀਤਾ ਹੋਵੇ। ਤਾਂ ਗੱਲ ਤੇ ਆਉਂਦੇ ਹਾਂ ਕਿ ਸ਼ਹੀਦ ਅਸ਼ਫਾਕਉੱਲਾ ਤੇ ਉਹਨਾਂ ਦੇ ਸਾਥੀ ਇਨਕਲਾਬ ਤੇ ਅਜ਼ਾਦੀ ਘੁਲਾਟੀਆਂ ਦੇ ਹੀ ਵਾਰਿਸ ਨਹੀਂ, ਸਗੋਂ ਬਾਬੇ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੇ ਬੰਦੇ ਬਹਾਦਰ ਵਰਗੇ ਲੋਕਾਂ ਲਈ ਜੂਝਣ ਵਾਲਿਆਂ ਸਾਰਿਆਂ ਦੇ ਵਾਰਿਸ ਕਹਾਉਣ ਦੇ ਹੱਕਦਾਰ ਹਨ। ਜੇ ਬਾਬੇ ਨਾਨਕ ਦੇ ਪੈਮਾਨੇ ਨਾਲ ਵੇਖਿਆ ਜਾਵੇ ਤਾਂ ਸਿੱਖ ਹੀ ਹਨ। ਜਾਂ ਸਿੱਖ ਨੂੰ ਵੀ ਕੋਈ ਹੋਰ ਧਾਰਮਿਕ ਤਨਜ਼ੀਮ ਆਪਣੇ ਧਰਮ ਦੇ ਉੱਚੇ ਲਕਬ ਨਾਲ ਨਵਾਜ਼ ਸਕਦੀ ਹੈ ਜਿਵੇਂ “ਨਾਨਕ ਸ਼ਾਹ ਫਕੀਰ,, ਹਿੰਦੂ ਕਾ ਗੁਰੂ ਤੇ ਮੁਸਲਮਾਨ ਕਾ ਪੀਰ।।” ਵਾਲੀ ਮਿਸਾਲ ਸਾਡੇ ਸਾਹਮਣੇ ਹੈ।
ਅੱਜ ਸਾਡੇ ਹਾਕਮ ਦੇਸ਼ ਦੀ ਆਰਥਿਕ ਬੇੜੀ ਮੂਧੀ ਮਾਰੀ ਬੈਠੇ ਹਨ। ਜਿੱਸ ਵਿੱਚੋਂ ਲੋਕਾਂ ਦੇ ਹਿੱਸੇ ਤਾਂ ਕੱਖ ਨਹੀਂ ਆ ਰਿਹਾ ਪਰ ਮੋਦੀ ਦੇ ਬੇਲੀਆਂ, ਤੇ ਗੁਜਰਾਤੀ ਠੱਗ ਕਾਰਪੋਰੇਟਾਂ ਹਿੱਸੇ ਸਾਰਾ ਕੁੱਝ ਹੀ ਆਇਆ ਪਿਆ ਹੈ। ਸਾਰੇ ਸਰਕਾਰੀ ਅਦਾਰੇ ਵੱਡਿਆਂ ਦੀ ਸੇਵਾ ਵਿੱਚ ਜੁੱਟੇ ਹਨ। ਮਿਸਾਲ ਵਜੋਂ ਜੀਰੇ ਇਲਾਕੇ ਵਿੱਚ ਅਕਾਲੀ ਠੱਗ ਸ਼ਰਾਬ ਉਦਯੋਗਪਤੀ ਦੀ ਫੈਕਟਰੀ ਦਾ ਮਾਮਲਾ ਹੀ ਸਾਰਾ ਕੁੱਝ ਸਾਫ ਕਰ ਦੇਂਦਾ ਹੈ। ਲੋਕ ਕੈਂਸਰ ਨਾਲ ਪੀੜਤ ਹੋ ਗਏ, ਦਰਜਨਾਂ ਪਿੰਡਾਂ ਦੀਆਂ ਮੱਝਾਂ, ਗਾਵਾਂ ਜ਼ਹਿਰੀਲਾ ਪਾਣੀ ਪੀਣ ਨਾਲ ਬਿਮਾਰ ਹੋਈਆਂ ਤੇ ਕਿੰਨੇ ਹੀ ਪਸ਼ੂ ਮਰ ਵੀ ਗਏ। ਪਰ ਨੈਸ਼ਨਲ ਗਰੀਨ ਟ੍ਰਿਬਿਊਨਲ ਪਾਣੀ ਸਾਫ ਹੋਣ ਦੀ ਕਲੀਨ ਚਿੱਟ ਦੇਈ ਜਾਂਦਾ ਹੈ। ਲੋਕ ਜ਼ਹਿਰੀਲੇ ਮਾਦਿਆਂ ਵਾਲਾ ਲਾਹਣਯੁਕਤ ਪਾਣੀਂ ਬੋਤਲਾਂ ਵਿੱਚ ਭਰ ਭਰ ਵਿਖਾਉਂਦੇ ਫਿਰਦੇ ਹਨ। ਹਾਈਕੋਰਟ ਫੈਕਟਰੀ ਮਾਲਕ ਦੇ ਹੱਕ ਵਿੱਚ ਫੈਸਲੇ ਕਰੀ ਜਾਂਦੀ ਹੈ। ਤਾਂ ਸੋਚਣਾ ਬਣਦਾ ਹੈ ਕਿ ਕਾਕੋਰੀ ਕਾਂਡ ਦੇ ਸ਼ਹੀਦਾਂ ਰਾਮ ਪ੍ਰਸਾਦ ਬਿਸਮਿਲ ਤੇ ਅਸ਼ਫਾਕਉੱਲਾ ਖਾਂ ਸਮੇਤ ਲੱਖਾਂ ਕੁਰਬਾਨੀਆਂ ਕਰਨ ਵਾਲਿਆਂ ਦੇ ਸੁਪਨਿਆਂ ਦਾ ਭਾਰਤ ਕਿਵੇਂ ਬਣੇਗਾ। ਸਾਨੂੰ ਹਿੰਦੂ, ਸਿੱਖ, ਮੁਸਲਮਾਨ ਜਾਂ ਇਸਾਈ ਬਣਨ ਤੋਂ ਪਹਿਲਾਂ ਇੱਕ ਚੰਗੇ ਇਨਸਾਨ ਬਣਨ ਤੇ ਇਨਸਾਨੀਅਤ ਨੂੰ ਸਭ ਤੋਂ ਵੱਡਾ ਧਰਮ ਪ੍ਰਵਾਨ ਕਰਨਾ ਚਾਹੀਦਾ ਹੈ। ਇਹੀ ਸਾਡੇ ਗੁਰੂ ਸਾਹਿਬਾਨ ਤੇ ਮਹਾਨ ਸ਼ਹੀਦਾਂ ਦੀ ਸੋਚ ਸੀ।
ਗੁਰਮੀਤ ਸਿੰਘ ਜੱਜ 9465806990
Views expressed are personal.