Ferozepur News

ਸ਼ਹਿਰ ਵਿਚ ਸ਼ਾਮਿਲ ਹੋਏ 7 ਪਿੰਡਾਂ ਦੇ ਲਈ 22.27 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ, ਵਾਟਰ ਸਪਲਾਈ ਅਤੇ ਲਾਈਟਾਂ ਦੇ ਪ੍ਰਾਜੈਕਟ ਪਾਸ

ਸ਼ਹਿਰ ਵਿਚ ਸ਼ਾਮਿਲ ਹੋਏ 7 ਪਿੰਡਾਂ ਦੇ ਲਈ 22.27 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ, ਵਾਟਰ ਸਪਲਾਈ ਅਤੇ ਲਾਈਟਾਂ ਦੇ ਪ੍ਰਾਜੈਕਟ ਪਾਸ
14 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ, 3.27 ਕਰੋੜ ਰੁਪਏ ਦੀ ਲਾਗਤ ਨਾਲ ਵਾਟਰ ਸਪਲਾਈ ਅਤੇ 5 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਅਤੇ ਲਾਈਟਾਂ ਦੇ ਕੰਮ ਹੋਏ ਸ਼ੁਰੂ
ਇਨ੍ਹਾਂ ਸਾਰੇ ਪਿੰਡਾਂ ਵਿਚ ਸ਼ਹਿਰ ਵਰਗੀਆਂ ਸੁਵਿਧਾਵਾਂ ਦਿਵਾਉਣ ਲਈ ਜੰਗੀ ਪੱਧਰ ‘ਤੇ ਮੁਕੰਮਲ ਕਰਵਾਏ ਜਾਣਗੇ ਸਾਰੇ ਕੰਮ, ਨਹੀਂ ਬਰਦਾਸ਼ਤ ਹੋਵੇਗੀ ਕੋਈ ਲਾਪਰਵਾਹੀ: ਵਿਧਾਇਕ ਪਿੰਕੀ

ਸ਼ਹਿਰ ਵਿਚ ਸ਼ਾਮਿਲ ਹੋਏ 7 ਪਿੰਡਾਂ ਦੇ ਲਈ 22.27 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ, ਵਾਟਰ ਸਪਲਾਈ ਅਤੇ ਲਾਈਟਾਂ ਦੇ ਪ੍ਰਾਜੈਕਟ ਪਾਸ
ਫਿਰੋਜ਼ਪੁਰ, 20 ਦਸੰਬਰ
ਕਰੀਬ ਚਾਰ ਮਹੀਨੇ ਪਹਿਲਾ ਸ਼ਹਿਰ ਵਿਚ ਸ਼ਾਮਿਲ ਹੋਏ 7 ਪਿੰਡਾਂ ਦੇ ਚੌਹਤਰਫੇ ਵਿਕਾਸ ਦੇ ਲਈ ਪੰਜਾਬ ਸਰਕਾਰ ਨੇ 22.27 ਕਰੋੜ ਰੁਪਏ ਦੇ ਪ੍ਰਾਜੈਕਟ ਪਾਸ ਕਰ ਦਿੱਤੇ ਹਨ। ਇਹ ਪੈਸੇ ਇਨ੍ਹਾਂ ਪਿੰਡਾਂ ਵਿਚ ਸੀਵਰੇਜ ਪਾਈਪਲਾਈਨ, ਵਾਟਰ ਸਪਲਾਈ, ਨਵੀਆਂ ਸੜਕਾਂ ਦਾ ਜਾਲ ਵਿਛਾਉਣ ਅਤੇ ਲਾਈਟਾਂ ‘ਤੇ ਖ਼ਰਚ ਕੀਤੇ ਜਾਣਗੇ। ਇਨ੍ਹਾਂ ਪਿੰਡਾਂ ਦੀ 15 ਹਜ਼ਾਰ ਤੋਂ ਜ਼ਿਆਦਾ ਆਬਾਦੀ ਨੂੰ ਇਨ੍ਹਾਂ ਪ੍ਰਾਜੈਕਟਾਂ ਦਾ ਫ਼ਾਇਦਾ ਹੋਵੇਗਾ।
ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਕਰੀਬ ਚਾਰ ਮਹੀਨੇ ਪਹਿਲਾਂ 7 ਪਿੰਡ ਬਸਤੀ ਨਜ਼ਾਮਦੀਨ, ਖੂਹ ਗੁਲਾਟੀ ਵਾਲਾ, ਖੂਹ ਅਮੀਚੰਦ, ਵਡਭਾਗ ਸਿੰਘ ਨਗਰ, ਰਾਮੇਵਾਲਾ, ਹਾਕੇਵਾਲਾ ਅਤੇ ਠੇਠ ਨਗਰ ਕੌਂਸਲ ਦੀ ਹੱਦ ਵਿਚ ਸ਼ਾਮਿਲ ਹੋਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਦਾ ਵਿਕਾਸ ਕਰਵਾਉਣਾ ਉਨ੍ਹਾਂ ਦਾ ਮੁੱਖ ਉਦੇਸ਼ ਹੈ, ਜਿਸ ਤੇ ਚੱਲਦਿਆਂ ਪੰਜਾਬ ਸਰਕਾਰ ਪਾਸੋਂ ਇਨ੍ਹਾਂ ਪਿੰਡਾਂ ਵਿਚ  22.27 ਕਰੋੜ ਰੁਪਏ ਦੇ ਪ੍ਰਾਜੈਕਟ ਪਾਸ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ 3.27 ਕਰੋੜ ਰੁਪਏ ਨਾਲ ਇਨ੍ਹਾਂ ਪਿੰਡਾਂ ਵਿਚ ਵਾਟਰ ਸਪਲਾਈ ਦੀਆਂ ਪਾਈਪਾਂ ਪਾਈਆਂ ਜਾਣਗੀਆਂ, ਜਿਸਦਾ ਵਰਕ ਆਰਡਰ ਜਾਰੀ ਕਰ ਦਿੱਤਾ ਗਿਆ ਹੈ। ਜਲਦੀ ਹੀ ਕੰਮ ਸ਼ੁਰੂ ਹੋਵੇਗਾ ਇਸ ਤੋਂ ਇਲਾਵਾ 14 ਕਰੋੜ ਰੁਪਏ ਨਾਲ ਇਨ੍ਹਾਂ ਸਾਰੇ ਪਿੰਡਾਂ ਵਿਚ ਸੀਵਰੇਜ ਸਿਸਟਮ ਦਾ ਕੰਮ ਮੁਕੰਮਲ ਕੀਤਾ ਜਾਵੇਗਾ। ਇਸੇ ਤਰ੍ਹਾਂ 5 ਕਰੋੜ ਰੁਪਏ ਦੀ ਲਾਗਤ ਨਾਲ ਨਵੀਆਂ ਸੜਕਾਂ ਅਤੇ ਪਿੰਡ ਨੂੰ ਰੌਸ਼ਨ ਕਰਨ ਲਈ ਲਾਈਟਾਂ ਲਗਾਈਆਂ ਜਾਣਗੀਆਂ। ਵਿਧਾਇਕ ਪਿੰਕੀ ਨੇ ਦੱਸਿਆ ਕਿ ਇਨ੍ਹਾਂ ਸਾਰੇ ਕੰਮਾਂ ਲਈ ਸਰਕਾਰ ਵੱਲੋਂ ਫੰਡਜ਼ ਸੈਕਸ਼ਨ ਹੋ ਚੁੱਕੇ ਹਨ ਅਤੇ ਟੈਂਡਰ ਕਰਕੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਉਨ੍ਹਾਂ ਨੇ ਇਨ੍ਹਾਂ ਸਾਰੇ ਕੰਮਾਂ ਨੂੰ ਕਰਵਾਉਣ ਵਾਲੀਆਂ ਏਜੰਸੀਆਂ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇਹ ਸਾਰੇ ਪ੍ਰਾਜੈਕਟ ਜੰਗੀ ਪੱਧਰ ‘ਤੇ ਚਲਾਏ ਜਾਣ ਤਾਂ ਜੋ ਇਨ੍ਹਾਂ ਕੰਮਾਂ ਨੂੰ ਨਿਰਧਾਰਿਤ ਸਮਾਂ ਸੀਮਾ ਤੋਂ ਪਹਿਲਾਂ ਹੀ ਮੁਕੰਮਲ ਕੀਤਾ ਜਾ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਇਨ੍ਹਾਂ ਸਾਰੇ ਕੰਮਾਂ ਵਿਚ ਕਵਾਲਿਟੀ ਦਾ ਖ਼ਾਸ ਧਿਆਨ ਰੱਖਿਆ ਜਾਵੇ। ਜੇਕਰ ਕਿਸੇ ਵੀ ਕੰਮ ਵਿਚ ਕੋਈ ਕਮੀ ਪਾਈ ਗਈ ਜਾਂ ਕਵਾਲਿਟੀ ਨਾਲ ਸਮਝੌਤਾ ਕੀਤਾ ਗਿਆ ਤਾਂ ਸਬੰਧਤ ਅਧਿਕਾਰੀ ਅਤੇ ਮੁਲਾਜ਼ਮ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕੰਮਾਂ ਦੀ ਗੁਣਵੱਤਾ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਵਿਧਾਇਕ ਪਿੰਕੀ ਨੇ ਦੱਸਿਆ ਕਿ ਸ਼ਹਿਰ ਵਿਚ ਪੁਰਾਣੇ ਸੀਵਰੇਜ ਸਿਸਟਮ ਨੂੰ ਬਦਲਣ ਅਤੇ ਨਵੀਆਂ ਪਾਈਪ ਲਾਈਨ ਪਾਉਣ ਦੇ ਲਈ 4.44 ਕਰੋੜ ਰੁਪਏ ਦੀ ਲਾਗਤ ਨਾਲ ਪਹਿਲਾਂ ਹੀ ਇਕ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਦੇ ਤਹਿਤ ਬ੍ਰਹਮ ਨਗਰੀ, ਰਿਸ਼ੀ ਕਾਲੋਨੀ, ਅਨੰਦ ਐਵਿਨਿਊ, ਸਿਟੀ ਇੰਨਕਲੇਵ, ਅਲੀਕੇ ਰੋਡ, ਕੇਐਮਵੀ ਕਾਲੋਨੀ, ਸੰਨੀ ਇੰਨਕਲੇਵ, ਵੀਰ ਨਗਰ ਵਿਚ ਸੀਵਰੇਜ ਸਿਸਟਮ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਸ਼ਹੀਦ ਊਧਮ ਸਿੰਘ ਚੌਕ ਤੋਂ ਨਾਮਦੇਵ ਚੌਂਕ ਤੱਕ ਵੀ ਸੀਵਰੇਜ ਲਾਈਨ ਪਾਈ ਜਾ ਰਹੀ ਹੈ। ਇਸ ਪ੍ਰਾਜੈਕਟ ਦਾ ਫ਼ਾਇਦਾ ਪੁਰਾਣੇ ਸ਼ਹਿਰ ਦੇ ਰਹਿਣ ਵਾਲੇ ਲੋਕਾਂ ਨੂੰ ਹੋਵੇਗਾ।

Related Articles

Back to top button