Ferozepur News
ਵੋਟ ਦੀ ਰਜਿਸਟਰੇਸ਼ਨ ਸਬੰਧੀ ਚੋਣ ਕਮਿਸ਼ਨ ਦੇ ਟੋਲ ਫ਼ਰੀ ਟੈਲੀਫ਼ੋਨ ਨੰਬਰ 1950 'ਤੇ ਸੰਪਰਕ ਕੀਤਾ ਜਾ ਸਕਦਾ ਹੈ
ਵੋਟ ਦੀ ਰਜਿਸਟਰੇਸ਼ਨ ਸਬੰਧੀ ਚੋਣ ਕਮਿਸ਼ਨ ਦੇ ਟੋਲ ਫ਼ਰੀ ਟੈਲੀਫ਼ੋਨ ਨੰਬਰ 1950 'ਤੇ ਸੰਪਰਕ ਕੀਤਾ ਜਾ ਸਕਦਾ ਹੈ
ਸਮੂਹ ਬੀਐਲਉਜ ਮਿਤੀ 25/09/2016 ਨੂੰ ਆਪਣੇ -ਆਪਣੇ ਬੂਥ ਤੇ ਬੈਠ ਕੇ ਆਮ ਵੋਟਰਾਂ ਤੋ ਕਲੇਮ ਅਤੇ ਇਤਰਾਜ਼ ਪ੍ਰਾਪਤ ਕਰਨਗੇ
ਫ਼ਿਰੋਜਪੁਰ 20 ਸਤੰਬਰ 2016(Harish Monga ) ਭਾਰਤ ਦੇ ਚੋਣ ਕਮਿਸ਼ਨ ਵੱਲੋਂ ਵੋਟਰਾਂ ਨੂੰ ਆਪਣੀ ਵੋਟ ਬਨਾਉਣ, ਵੋਟ ਦੇ ਅਧਿਕਾਰ, ਵੋਟ ਦਾ ਇਮਾਨਦਾਰੀ ਨਾਲ ਇਸਤੇਮਾਲ ਕਰਨ ਅਤੇ 100 ਫ਼ੀਸਦੀ ਵੋਟਰਾਂ ਵੱਲੋਂ ਆਪਣੀ ਵੋਟ ਪਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਵੀਪ (Systematic Voters’ Education & Electoral Participation) ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਭਾਰਤ ਚੋਣ ਕਮਿਸ਼ਨ ਵੱਲੋਂ ਭੇਜੀ ਗਈ ਰਿਪੋਰਟ ਅਨੁਸਾਰ ਜਨਸੰਖਿਆ ਦੇ ਆਧਾਰ ਤੇ ਜ਼ਿਲ੍ਹਾ ਫਿਰੋਜਪੁਰ ਵਿੱਚ 18-19 ਸਾਲ ਦੇ ਵੋਟਰਾਂ ਦੀ ਰੇਸ਼ੋ ਬਹੁਤ ਘੱਟ ਹੈ ।ਜ਼ਿਲ੍ਹਾ ਫਿਰੋਜਪੁਰ ਵਿੱਚ 18-19 ਸਾਲ ਦੇ ਨੌਜਵਾਨਾਂ ਦੀ ਜਨਸੰਖਿਆ 47347 ਹੈ ਜੱਦ ਕਿ 18-19 ਸਾਲ ਦੇ ਵੋਟਰਾਂ ਦੀ ਗਿਣਤੀ ਸਿਰਫ਼ 3417 ਹੈ ਜੋ ਸਿਰਫ਼ 7.21% ਹੈ ਅਤੇ ਲਗਭਗ 92% ਤੋ ਵੱਧ ਨੌਜਵਾਨਾ ਦੀ ਵੋਟਾਂ ਬਨਣ ਤੋ ਰਹਿ ਗਈਆਂ ਹਨ।ਇਸ ਵਾਰ ਵੀ ਕਮਿਸ਼ਨ ਦਾ ਉਦੇਸ਼ ਪਿਛਲੀਆਂ ਲੋਕ ਸਭਾ ਚੋਣਾਂ-2014 ਨਾਲੋਂ 10 ਫ਼ੀਸਦੀ ਹੋਰ ਵਾਧਾ ਕਰਨ ਦਾ ਹੈ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ ਖਰਬੰਦਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪੱਧਰੀ ਸਵੀਪ ਕੋਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
ਇੰਜੀ.ਡੀ.ਪੀ.ਐਸ ਖਰਬੰਦਾ ਨੇ ਕਿਹਾ ਕਿ ਦੇਸ਼ ਵਿੱਚ ਲੋਕਤੰਤਰੀ ਵਿਵਸਥਾ ਨੂੰ ਬਣਾਈ ਰੱਖਣ ਵਿੱਚ ਨੌਜਵਾਨਾਂ ਦੀ ਦਿਲਚਸਪੀ ਅਤੇ ਭਾਗੀਦਾਰੀ ਅਤਿ ਜ਼ਰੂਰੀ ਹੈ ਤਾਂ ਜੋ ਯੁਵਾ ਸ਼ਕਤੀ ਨੂੰ ਸਹੀ ਸੇਧ ਮਿਲਣ ਦੇ ਨਾਲ -ਨਾਲ ਰਾਸ਼ਟਰ ਨਿਰਮਾਣ ਵਿੱਚ ਵੀ ਉਨ੍ਹਾਂ ਦਾ ਯੋਗਦਾਨ ਰਹੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ 1-1-2017 ਨੂੰ ਆਧਾਰ ਮੰਨ ਕੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਨਵੀਂ ਵੋਟ ਬਣਾਉਣ ਅਤੇ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਸਕੂਲ ਪੱਧਰੀ ਰੰਗੋਲੀ, ਭਾਸ਼ਣ, ਪੇਂਟਿੰਗ ਤੇ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ ਜਾਣ। ਉਨ੍ਹਾਂ ਸਮੂਹ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਮੁੱਖ ਅਧਿਆਪਕਾਂ ਨੂੰ ਸਵੀਪ-3 ਸਬੰਧੀ ਨੋਡਲ ਅਫ਼ਸਰ ਕਮ ਕੈਂਪਸ ਅੰਬੈਸਡਰਾਂ ਦੀ ਨਿਯੁਕਤੀ ਕਰਕੇ ਰਿਪੋਰਟ ਜ਼ਿਲ੍ਹਾ ਚੋਣ ਦਫ਼ਤਰ ਵਿਖੇ ਭੇਜਣੀ ਯਕੀਨੀ ਬਣਾਈ ਜਾਵੇ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਸਮੂਹ ਸਕੂਲਾਂ ਦੇ ਯੋਗ ਵਿਦਿਆਰਥੀਆਂ ਨੂੰ ਵੀ ਆਪਣੀ ਵੋਟ ਬਣਵਾਉਣ ਵਾਸਤੇ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਸਾਡੇ ਸੰਵਿਧਾਨ ਵਿੱਚ ਹਰੇਕ ਨਾਗਰਿਕ ਨੂੰ ਵੋਟ ਬਣਾਉਣ ਤੇ ਪਾਉਣ ਦਾ ਹੱਕ ਦਿੱਤਾ ਗਿਆ ਹੈ, ਇਸ ਲਈ ਸਮੂਹ ਅਧਿਕਾਰੀ ਜ਼ਿਲ੍ਹੇ ਦੇ ਹਰੇਕ ਨਾਗਰਿਕ ਨੂੰ ਆਪਣੀ ਵੋਟ ਬਣਾਉਣ ਤੇ ਉਸ ਦੇ ਇਸਤੇਮਾਲ ਲਈ ਵੱਧ ਤੋਂ ਵੱਧ ਜਾਗਰੂਕ ਕਰਨ। ਉਨ੍ਹਾਂ ਦੱਸਿਆ ਕਿ ਜਾਗਰੂਕਤਾ ਅਭਿਆਨ ਵਿੱਚ ਸਰੀਰਕ ਤੌਰ 'ਤੇ ਅਪਾਹਜ ਵਿਅਕਤੀਆਂ ਦੀਆਂ ਵੀ ਵੋਟਾਂ ਬਣਾਉਣ ਵਾਸਤੇ ਬੀ.ਐਲ.ਓਜ਼, ਸੁਪਰਵਾਈਜ਼ਰ ਅਤੇ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਨੂੰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਉਨ੍ਹਾਂ ਦੀ ਪਹਿਚਾਣ ਕਰਕੇ ਵੋਟਾਂ ਬਣਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਉਦਯੋਗ, ਵਪਾਰ ਤੇ ਕਿਰਤੀਆਂ ਨਾਲ ਜੁੜੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਵੀ ਸਾਰੇ ਯੋਗ ਵੋਟਰਾਂ ਦੀਆਂ ਵੋਟਾਂ ਬਣਾਉਣ ਲਈ ਪ੍ਰੇਰਿਤ ਕਰਨ ਵਾਸਤੇ ਯੋਗਦਾਨ ਪਾਉਣ ਲਈ ਕਿਹਾ । ਉਨ੍ਹਾਂ ਕਿਹਾ ਕਿ ਸਮੂਹ ਬੀਐਲਉਜ ਮਿਤੀ 25/09/2016 ਨੂੰ ਆਪਣੇ -ਆਪਣੇ ਬੂਥ ਤੇ ਬੈਠ ਕੇ ਆਮ ਵੋਟਰਾਂ ਤੋ ਕਲੇਮ ਅਤੇ ਇਤਰਾਜ਼ ਪ੍ਰਾਪਤ ਕਰਨਗੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਰਾਂ ਦੀ ਸਹੂਲਤ ਲਈ ਜ਼ਿਲ੍ਹਾ ਪੱਧਰ 'ਤੇ ਹੈਲਪ ਲਾਈਨ ਨੰਬਰ 01632-242473 ਜਾਂ ਈ ਮੇਲ electeh.firozpur@gmail.com ਅਤੇ ਚੋਣ ਕਮਿਸ਼ਨ ਦਾ ਟੋਲ ਫ਼ਰੀ ਹੈਲਪ ਲਾਈਨ ਨੰਬਰ 1950 ਸਥਾਪਤ ਕੀਤਾ ਗਿਆ। ਜਿੱਥੋਂ ਕਿ ਕੋਈ ਵੀ ਵੋਟਰ ਵੋਟ ਬਣਾਉਣ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਲ ਕਰ ਸਕਦਾ ਹੈ ਤੇ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਆਪਣੀ ਸ਼ਿਕਾਇਤ ਵੀ ਦਰਜ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਆਨ ਲਾਈਨ ਪ੍ਰਣਾਲੀ ਰਾਹੀਂ ਵੋਟ ਦਰਜ ਕਰਵਾਉਣ ਲਈ ਰਾਸ਼ਟਰੀ ਮਤਦਾਤਾ ਸੇਵਾ ਪੋਰਟਲ NVSP ਦੀ ਸਥਾਪਨਾ ਕੀਤੀ ਗਈ। ਇਸ ਪੋਰਟਲ ਦੀ ਵਰਤੋਂ ਵੈੱਬਸਾਈਟ www.nvsp.in 'ਤੇ ਲਾਗ ਇੰਨ ਕਰਕੇ ਫਾਰਮ ਨੰਬਰ 6 ਭਰ ਕੇ ਕੋਈ ਵੀ ਵੋਟਰ ਆਪਣੇ ਘਰ ਬੈਠਾ ਆਪਣੀ ਵੋਟ ਰਜਿਸਟਰ ਕਰਵਾ ਸਕਦਾ ਹੈ।
ਇਸ ਮੌਕੇ ਸ੍ਰ.ਹਰਜੀਤ ਸਿੰਘ ਸੰਧੂ ਐਸ.ਡੀ.ਐਮ ਫ਼ਿਰੋਜ਼ਪੁਰ, ਸ.ਗੁਰਮੀਤ ਸਿੰਘ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਸ. ਹੁਕਮ ਸਿੰਘ ਤਹਿਸੀਲਦਾਰ ਚੋਣਾ, ਸ੍ਰੀ.ਚਾਂਦ ਪ੍ਰਕਾਸ਼ ਕਾਨੂੰਗੋ ਇਲੈਕਸ਼ਨ ਸੈੱਲ ਤੋ ਇਲਾਵਾ ਸਮੂਹ ਸਕੂਲਾਂ ਦੇ ਮੁਖੀਆਂ, ਉਦਯੋਗ, ਵਪਾਰ ਤੇ ਕਿਰਤੀਆਂ ਨਾਲ ਜੁੜੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਜ਼ਾਰ ਸਨ।