ਵੈਂਟੀਲੇਂਟਰ ਐਂਬੂਲੈਂਸ ਵੈਨ ਖਰੀਦਣ ਦੀ ਰੈੱਡ ਕਰਾਸ ਨੂੰ ਦਿੱਤੀ ਗਈ ਪ੍ਰਵਾਨਗੀ: ਡਿਪਟੀ ਕਮਿਸ਼ਨਰ
ਫਿਰੋਜ਼ਪੁਰ 7 ਸਤੰਬਰ 2017 ( ) ਜਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਸਿਹਤ ਸਹੂਲਤਾਂ ਸਬੰਧੀ ਮੀਟਿੰਗ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ. ਰਾਮਵੀਰ ਆਈ.ਏ.ਐਸ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਸਿਹਤ ਸਹੂਲਤਾਂ ਨੂੰ ਲੈ ਕੇ ਕਈ ਅਹਿਮ ਫ਼ੈਸਲੇ ਲਏ ਗਏ। ਜਿਨ੍ਹਾਂ ਵਿੱਚ ਇੱਕ ਫ਼ੈਸਲਾ ਤਾਂ ਇਹ ਸੀ ਕਿ ਫ਼ਿਰੋਜ਼ਪੁਰ ਵਿੱਚ ਕੋਈ ਵੱਡਾ ਹਸਪਤਾਲ ਨਾ ਹੋਣ ਕਾਰਨ ਜ਼ਿਆਦਾ ਗੰਭੀਰ ਮਰੀਜ਼ਾਂ ਨੂੰ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਸਥਿਤ ਹਸਪਤਾਲਾਂ ਵਿੱਚ ਸ਼ਿਫ਼ਟ ਕਰਨਾ ਪੈਦਾ ਹੈ ਅਤੇ ਇਸ ਤੋਂ ਇਲਾਵਾ ਫ਼ਿਰੋਜ਼ਪੁਰ ਵਿੱਚ ਕੋਈ ਵੈਂਟੀਲੇਟਰ ਵੈਨ ਨਾ ਹੋਣ ਕਾਰਨ ਕਈ ਮਰੀਜ਼ ਰਾਹ ਵਿੱਚ ਹੀ ਦਮ ਤੋੜ ਦਿੰਦੇ ਹਨ, ਅਜਿਹੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਨੂੰ ਇਕ ਵੈਂਟੀਲੇਟਰ ਵਾਲੀ ਐਂਬੂਲੈਂਸ ਵੈਨ ਖ਼ਰੀਦਣ ਅਤੇ ਬਲੱਡ ਬੈਂਕ ਲਈ ਉਪਕਰਨ ਖ਼ਰੀਦਣ ਦੀ ਪ੍ਰਵਾਨਗੀ ਦਿੱਤੀ ਗਈ।
ਡਿਪਟੀ ਕਮਿਸ਼ਨਰ ਵੱਲੋਂ ਨਸ਼ੇ ਤੋ ਪੀੜਤ ਵਿਅਕਤੀਆਂ ਲਈ ਹਸਪਤਾਲ ਵਿੱਚ ਹੀ ਪੁਨਰਵਾਸ ਕੇਂਦਰ ਦੀ ਉਸਾਰੀ ਰੈੱਡ ਕਰਾਸ ਫ਼ੰਡਾਂ ਵਿਚੋ ਕਰਨ ਦੀ ਸਹਿਮਤੀ ਦਿੱਤੀ ਗਈ । ਇਸ ਤੋਂ ਇਲਾਵਾ ਅੰਧ ਵਿਦਿਆਲਿਆ ਲਈ ਬੈੱਡ, ਸਿਵਲ ਹਸਪਤਾਲ ਵਿੱਚ ਸਾਂਝੀ ਰਸੋਈ ਸ਼ਿਫ਼ਟ ਕਰਨ ਅਤੇ ਇਸਤਰੀਆਂ ਅਤੇ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਸਿਲਾਈ ਸੈਂਟਰ ਸ਼ੁਰੂ ਕਰਨ ਦੇ ਮਹੱਤਵਪੂਰਨ ਫ਼ੈਸਲੇ ਵੀ ਲਏ ਗਏ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਨੀਤ ਕੁਮਾਰ ਫਿਰੋਜ਼ਪੁਰ, ਸ੍ਰੀ ਹਰਜੀਤ ਸਿੰਘ ਐਸ.ਡੀ.ਐਮ ਫ਼ਿਰੋਜ਼ਪੁਰ, ਸ੍ਰੀ ਰਣਜੀਤ ਸਿੰਘ ਸਹਾਇਕ ਕਮਿਸ਼ਨਰ (ਜਨ.) ਫ਼ਿਰੋਜ਼ਪੁਰ ਅਤੇ ਸ੍ਰੀ ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ, ਸ੍ਰ: ਸਰਬਜੀਤ ਸਿੰਘ ਬੇਦੀ ਜ਼ਿਲ੍ਹਾ ਯੂਥ ਕੁਆਰਡੀਨੇਟਰ ਨਹਿਰੂ ਯੁਵਾ ਕੇਂਦਰ, ਸ੍ਰੀ. ਹਰੀਸ਼ ਮੋਂਗਾ, ਏ.ਸੀ. ਚਾਵਲਾ ਤੋਂ ਇਲਾਵਾ ਵੱਖ-ਵੱਖ ਵਿਭਾਗ ਦੇ ਮੁਖੀ, ਸਵੈ-ਸੇਵੀ ਸੰਸਥਾਵਾਂ ਦੇ ਅਹੁਦੇਦਾਰ ਅਤੇ ਰੈੱਡ ਕਰਾਸ ਦੇ ਮੈਂਬਰ ਵੀ ਹਾਜ਼ਰ ਸਨ।