ਵੇਰਕਾ ਫਿਰੋਜ਼ਪੁਰ ਡੇਅਰੀ ਦਾ ਸਾਲਾਨਾ ਆਮ ਇਜਲਾਸ ਸੰਪੰਨ
ਕਿਸਾਨਾਂ ਦੀ ਭਲਾਈ ਲਈ ਵੇਰਕਾ ਵੱਲੋਂ ਦੁੱਧ ਖਰੀਦ ਮੁੱਲ ਵਿੱਚ 15 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ
ਵੇਰਕਾ ਫਿਰੋਜ਼ਪੁਰ ਡੇਅਰੀ ਦਾ ਸਾਲਾਨਾ ਆਮ ਇਜਲਾਸ ਸੰਪੰਨ
ਕਿਸਾਨਾਂ ਦੀ ਭਲਾਈ ਲਈ ਵੇਰਕਾ ਵੱਲੋਂ ਦੁੱਧ ਖਰੀਦ ਮੁੱਲ ਵਿੱਚ 15 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ
ਫਿਰੋਜ਼ਪੁਰ, ਮਾਰਚ 30, 2025: ਦੀ ਫਿਰੋਜ਼ਪੁਰ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਯੂਨੀਅਨ ਲਿਮਿਟਿਡ (ਵੇਰਕਾ ਫਿਰੋਜ਼ਪੁਰ ਡੇਅਰੀ) ਦਾ ਸਾਲਾਨਾ ਆਮ ਇਜਲਾਸ ਮਿਤੀ 27 ਮਾਰਚ 2025 ਨੂੰ ਫਿਰੋਜ਼ਪੁਰ ਕਲੱਬ, ਫਿਰੋਜ਼ਪੁਰ ਕੈਂਟ ਵਿਖੇ ਸਫਲਤਾਪੂਰਵਕ ਸੰਪੰਨ ਹੋਇਆ। ਇਸ ਇਜਲਾਸ ਦੀ ਪ੍ਰਧਾਨਗੀ ਸ. ਗੁਰਭੇਜ ਸਿੰਘ ਟਿੱਬੀ, ਚੇਅਰਮੈਨ, ਵੇਰਕਾ ਫਿਰੋਜ਼ਪੁਰ ਡੇਅਰੀ ਨੇ ਕੀਤੀ।
ਇਸ ਮੌਕੇ ਮੁੱਖ ਤੌਰ ’ਤੇ ਫਿਰੋਜ਼ਪੁਰ ਡਿਵੀਜ਼ਨ ਦੇ ਸੰਯੁਕਤ ਰਜਿਸਟਰਾਰ ਸ੍ਰੀ ਉਮੇਸ਼ ਕੁਮਾਰ, ਮਿਲਕਫੈਡ ਦੇ
ਨੁਮਾਇੰਦੇ ਸ. ਰੁਪਿੰਦਰ ਸਿੰਘ ਸੇਖੋਂ , ਸਹਾਇਕ ਰਜਿਸਟਰਾਰ ਸ੍ਰੀਮਤੀ ਸੋਨੀਆ, ਡਿਪਟੀ ਜਨਰਲ ਮੈਨੇਜਰ ਸ੍ਰੀ ਸੁਗਿਆਨ ਪ੍ਰਸਾਦ ਸਿੰਘ, ਆਡਿਟ ਵਿਭਾਗ ਤੋਂ ਇੰਸਪੈਕਟਰ ਸ਼੍ਰੀ. ਪ੍ਰਿੰਸ ਅਤੇ ਡੇਅਰੀ ਵਿਭਾਗ ਦੇ ਹੋਰ ਅਧਿਕਾਰੀ ਸ਼ਾਮਲ ਹੋਏ। ਇਸ ਤੋਂ ਇਲਾਵਾ, ਵਾਈਸ ਚੇਅਰਮੈਨ ਸ. ਹਰਪਾਲ ਸਿੰਘ, ਡਾਇਰੈਕਟਰ ਸ. ਗੁਰਦੀਪ ਸਿੰਘ, ਸ. ਮਿਲਖਾ ਸਿੰਘ, ਸ. ਅਮਨਦੀਪ ਸਿੰਘ, ਸ. ਹਰਮੀਤ ਸਿੰਘ, ਸ੍ਰੀਮਤੀ ਚਾਂਦ ਰਾਣੀ, ਸ੍ਰੀਮਤੀ ਕਿਰਨਦੀਪ ਕੌਰ, ਸ. ਰਭਾਸ਼ ਸਿੰਘ ਜਾਖੜ, ਸ. ਇਕਬਾਲ ਸਿੰਘ, ਸ. ਜੋਗਿੰਦਰ ਸਿੰਘ ਅਤੇ ਵੇਰਕਾ ਫਿਰੋਜ਼ਪੁਰ ਨਾਲ ਜੁੜੀਆਂ ਸਹਿਕਾਰੀ ਸਭਾਵਾਂ ਦੇ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ।
ਵੇਰਕਾ ਫਿਰੋਜ਼ਪੁਰ ਡੇਅਰੀ ਦੇ ਜਨਰਲ ਮੈਨੇਜਰ ਨੇ ਸਭਾ ਵਿੱਚ ਸ਼ਾਮਲ ਸਮੂਹ ਬੋਰਡ ਡਾਇਰੈਕਟਰਜ਼, ਅਧਿਕਾਰੀਆਂ ਅਤੇ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ ਕਿ ਉਹ ਆਪਣੇ ਖੇਤਰਾਂ ਵਿੱਚ ਸਿੱਧੇ ਤੇ ਅਸਿੱਧੇ ਤੌਰ ’ਤੇ ਵੇਰਕਾ ਦੀ ਤਰੱਕੀ ਲਈ ਯੋਗਦਾਨ ਪਾ ਰਹੇ ਹਨ। ਉਨ੍ਹਾਂ ਨੇ ਇਜਲਾਸ ਦੇ ਏਜੰਡੇ ਪੜ੍ਹੇ ਅਤੇ ਜਾਣਕਾਰੀ ਦਿੱਤੀ ਕਿ ਸਾਲ 2022-23 ਅਤੇ 2023-24 ਦੌਰਾਨ ਵੇਰਕਾ ਫਿਰੋਜ਼ਪੁਰ ਡੇਅਰੀ ਮੁਨਾਫੇ ਵਿੱਚ ਰਹੀ ਹੈ। ਜਨਰਲ ਮੈਨੇਜਰ ਨੇ ਮੈਂਬਰਾਂ ਨੂੰ ਏਜੰਡਿਆਂ ’ਤੇ ਪ੍ਰਵਾਨਗੀ ਦੇਣ ਦੀ ਅਪੀਲ ਕੀਤੀ, ਜਿਸ ਨੂੰ ਸਰਬਸੰਮਤੀ ਨਾਲ ਮਨਜ਼ੂਰ ਕਰ ਲਿਆ ਗਿਆ। ਉਨ੍ਹਾਂ ਨੇ ਮੈਂਬਰਾਂ ਨੂੰ ਭਵਿੱਖ ਵਿੱਚ ਵੀ ਆਪਣਾ ਸਹਿਯੋਗ ਜਾਰੀ ਰੱਖਣ ਦੀ ਬੇਨਤੀ ਕੀਤੀ।
ਚੇਅਰਮੈਨ ਸ. ਗੁਰਭੇਜ ਸਿੰਘ ਟਿੱਬੀ ਨੇ ਸੰਬੋਧਨ ਕਰਦਿਆਂ ਕਿਹਾ, “ਮੈਂ ਇੱਕ ਕਿਸਾਨ ਦਾ ਪੁੱਤਰ ਹਾਂ ਅਤੇ ਖੁਦ ਵੀ ਕਿਸਾਨ ਹਾਂ। ਮੈਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ। ਮੈਂ ਅਤੇ ਮੇਰਾ ਸਾਰਾ ਬੋਰਡ ਹਰ ਸਮੇਂ ਕਿਸਾਨਾਂ ਦੀ ਭਲਾਈ ਲਈ ਕੰਮ ਕਰਨ ਲਈ ਤੱਤਪਰ ਹਾਂ।” ਉਨ੍ਹਾਂ ਦੱਸਿਆ ਕਿ ਵੇਰਕਾ ਵੱਲੋਂ ਫਿਰੋਜ਼ਪੁਰ ਦੇ ਮਿਲਕਸ਼ੇਡ ਏਰੀਏ ਦੇ ਕਿਸਾਨਾਂ ਲਈ ਦੁੱਧ ਦੀ ਖਰੀਦ ਮੁੱਲ ਵਿੱਚ 11 ਅਪ੍ਰੈਲ 2025 ਤੋਂ 15 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਕੀਤਾ ਗਿਆ ਹੈ, ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੇ ਦੁੱਧ ਦਾ ਸਹੀ ਮੁੱਲ ਮਿਲ ਸਕੇ। ਇਹ ਵੀ ਜਾਣਕਾਰੀ ਦਿੱਤੀ ਕਿ ਠੰਡਕ ਖਰਚੇ ਅਤੇ ਹੈਡ ਲੋਡ ਖਰਚੇ ਵਿੱਚ ਵੀ ਵਾਧਾ ਕੀਤਾ ਗਿਆ ਹੈ। ਉਨ੍ਹਾਂ ਨੇ ਵਚਨ ਦਿੱਤਾ ਕਿ ਭਵਿੱਖ ਵਿੱਚ ਵੀ ਕਿਸਾਨਾਂ ਦੀ ਬਿਹਤਰੀ ਲਈ ਕੰਮ ਜਾਰੀ ਰਹੇਗਾ।
ਇਸ ਇਜਲਾਸ ਦੌਰਾਨ ਤਕਨੀਕੀ ਸੈਸ਼ਨ ਵਿੱਚ ਡਾ.ਰਣਜੋਧਣ ਸਿੰਘ ਸਹੋਤਾ, ਸਾਬਕਾ ਡਾਇਰੈਕਟਰ ਵਿਸਥਾਰ ਸਿੱਖਿਆ ਗੜਵਾਸੂ, ਅਤੇ ਡਾ. ਜੀਵਨ ਗੁਪਤਾ ਵੈਟਰਨਰੀ ਅਫਸਰ ਪਸ਼ੂ ਪਾਲਣ ਵਿਭਾਗ , ਪਟਿਆਲਾ ਨੇ ਕਿਸਾਨਾਂ ਨੂੰ ਡੇਅਰੀ ਕਿੱਤੇ ਨਾਲ ਸੰਬੰਧਤ ਆਧੁਨਿਕ ਜਾਣਕਾਰੀ ਦਿੱਤੀ ਅਤੇ ਇਸ ਕਿੱਤੇ ਨੂੰ ਜਿੰਦਾ ਰੱਖਣ ਲਈ ਜਾਗਰੂਕ ਕੀਤਾ। ਵੇਰਕਾ ਦੇ ਕੈਟਲਫੀਡ ਪਲਾਂਟ ਘਣੀਏ ਕੇ ਬਾਂਗਰ ਤੋਂ ਆਏ ਸ਼੍ਰੀ ਸ਼ੈਲਿਦਰ ਕੁਮਾਰ, ਡਾ. ਕਰਨ ਅਤੇ ਨਿਸ਼ਾਂਤ ਅਰੋੜਾ ਨੇ ਕਿਸਾਨਾਂ ਨੂੰ ਵੇਰਕਾ ਵੱਲੋਂ ਤਿਆਰ ਕੀਤੀ ਜਾਣ ਵਾਲੀ ਕੈਟਲਫੀਡ ਦੀਆਂ ਖੂਬੀਆਂ ਅਤੇ ਪਸ਼ੂਆਂ ਨੂੰ ਇਸ ਦੇ ਸੇਵਨ ਦੇ ਸ਼ਡਿਊਲ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ NDDB ਵੱਲੋ ਚਲਾਈ ਜਾਂ ਰਹੀ FPO ਸ਼ਹੀਦ ਕਰਤਾਰ ਸਿੰਘ ਸਰਾਭਾ ਕਿਸਾਨ ਉਤਪਾਦਨ ਸੰਗਠਨ , ਫਿਰੋਜ਼ਪੁਰ ਬਾਰੇ ਵੀ ਜਾਣਕਾਰੀ ਦਿੱਤੀ ਗਈ । ਫਿਰੋਜ਼ਪੁਰ ਡਿਵੀਜ਼ਨ ਦੇ ਸੰਯੁਕਤ ਰਜਿਸਟਰਾਰ ਸ੍ਰੀ ਉਮੇਸ਼ ਕੁਮਾਰ ਨੇ ਸਹਿਕਾਰਤਾ ਦੀ ਮਹੱਤਤਾ ਬਾਰੇ ਦੱਸਿਆ ਅਤੇ ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲਾ ਦੁੱਧ ਪੈਦਾ ਕਰਨ ਅਤੇ ਦੇਸੀ ਗਊਆਂ ਦੇ ਪਾਲਣ ਅਤੇ ਕੁਦਰਤੀ ਖੇਤੀ ’ਤੇ ਧਿਆਨ ਦੇਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੀਆ ਸਭਾਵਾਂ ਅਤੇ ਫਾਰਮਾਂ ਨੂੰ ਸਨਮਾਨਿਤ ਵੀ ਕੀਤਾ ਗਿਆ, ਜਿਵੇਂ ਕਿ ਵੇਰਕਾ ਦੀ ਕੈਟਲਫੀਡ ਦੀ ਵਿਕਰੀ, ਦੁੱਧ ਸਪਲਾਈ, ਅਤੇ ਮਿਨਰਲ ਮਿਕਸਚਰ ਦੀ ਵਰਤੋਂ। ਖਾਸ ਤੌਰ ’ਤੇ ਫਿੱਡੇ ਪਿੰਡ ਦੀ ਮਹਿਲਾ ਡੇਅਰੀ ਫਾਰਮਰ ਸ੍ਰੀਮਤੀ ਹਰਦੇਬ ਕੌਰ ਕੰਗ , ਜੋ ਕੰਗ ਡੇਅਰੀ ਫਾਰਮ ਚਲਾਉਂਦੀ ਹਨ, ਨੂੰ ਸਭ ਤੋਂ ਵੱਧ ਦੁੱਧ ਪੈਦਾਵਾਰ ਲਈ ਸਨਮਾਨਿਤ ਕੀਤਾ ਗਿਆ। ਸ੍ਰੀਮਤੀ ਹਰਦੇਬ ਕੌਰ ਨੂੰ ਹਾਲ ਹੀ ਵਿੱਚ ਇੰਡੀਅਨ ਡੇਅਰੀ ਐਸੋਸੀਏਸ਼ਨ ਵੱਲੋਂ ਵੀ ਉਨ੍ਹਾਂ ਦੇ ਯੋਗਦਾਨ ਲਈ ਸਨਮਾਨ ਮਿਲਿਆ ਸੀ।
ਇਸ ਇਜਲਾਸ ਵਿੱਚ ਵੇਰਕਾ ਫਿਰੋਜ਼ਪੁਰ ਦੇ ਅਧਿਕਾਰੀ ਸ. ਹਰਿੰਦਰ ਸਿੰਘ, ਸ. ਚਸ਼ਨਦੀਪ ਸਿੰਘ ਸਿੱਧੂ , ਸ. ਗੁਰਤੇਜ ਸਿੰਘ, ਸ੍ਰੀ ਰਮਣ ਸ਼ਰਮਾ ਅਤੇ ਸਮੂਹ ਕਰਮਚਾਰੀ ਵੀ ਸ਼ਾਮਲ ਸਨ। ਸਭਾ ਦਾ ਸਮਾਪਨ ਸ. ਗੁਰਭੇਜ ਸਿੰਘ ਟਿੱਬੀ ਅਤੇ ਜਨਰਲ ਮੈਨੇਜਰ ਵੱਲੋਂ ਸਾਰੇ ਮੈਂਬਰਾਂ ਅਤੇ ਅਧਿਕਾਰੀਆਂ ਦੇ ਧੰਨਵਾਦ ਨਾਲ ਹੋਇਆ।