ਵਿਸ਼ਵ ਜਨਸੰਖਿਆ ਦਿਵਸ ਤੇ ਵਿਸ਼ੇਸ਼-ਜਨਸੰਖਿਆ ਵਿਸਫੋਟ ਨੂੰ ਰੋਕਣਾ ਸਮੇਂ ਦੀ ਵੱਡੀ ਜ਼ਰੂਰਤ
ਅਨੇਕਾਂ ਗੰਭੀਰ ਸਮੱਸਿਆਵਾਂ ਦੀ ਜੜ ਹੈ ਵੱਧਦੀ ਜਨਸੰਖਿਆ
ਵਿਸ਼ਵ ਜਨਸੰਖਿਆ ਦਿਵਸ ਤੇ ਵਿਸ਼ੇਸ਼
ਜਨਸੰਖਿਆ ਵਿਸਫੋਟ ਨੂੰ ਰੋਕਣਾ ਸਮੇਂ ਦੀ ਵੱਡੀ ਜ਼ਰੂਰਤ।
ਅਨੇਕਾਂ ਗੰਭੀਰ ਸਮੱਸਿਆਵਾਂ ਦੀ ਜੜ ਹੈ ਵੱਧਦੀ ਜਨਸੰਖਿਆ ।
ਪੂਰੇ ਵਿਸ਼ਵ ਵਿੱਚ ਜੇ ਗੰਭੀਰ ਸਮੱਸਿਆਵਾਂ ਦਾ ਜ਼ਿਕਰ ਕਰੀਏ ਤਾਂ, ਵਧਦੀ ਜਨਸੰਖਿਆ ਵੀ ਇੱਕ ਗੰਭੀਰ ਸਮੱਸਿਆ ਬਣ ਚੁੱਕੀ ਹੈ। ਦਿਨ ਪ੍ਰਤੀ ਦਿਨ ਤੇਜੀ ਨਾਲ ਵੱਧਦੀ ਜਨਸੰਖਿਆ ਬਹੁਗਿਣਤੀ ਦੇਸ਼ਾਂ ਲਈ ਚਿੰਤਾ ਦਾ ਕਾਰਨ ਬਣਦੀ ਜਾ ਰਹੀ ਹੈ ਅਤੇ ਇਸ ਕਾਰਨ ਅਨੇਕਾ ਹੋਰ ਸਮੱਸਿਆਵਾਂ ਪੈਂਦਾ ਹੋ ਰਹੀਆਂ ਹਨ। ਇਸ ਦੀ ਗੰਭੀਰਤਾ ਨੂੰ ਸਮਝਦੇ ਹੋਏ 11 ਜੁਲਾਈ ਦਾ ਦਿਨ ਪੂਰੇ ਵਿਸ਼ਵ ਵਿਚ ਵਿਸ਼ਵ ਜਨਸੰਖਿਆ ਦਿਵਸ ਵਜੋਂ ਮਨਾਇਆ ਜਾਂਦਾ ਹੈ ।ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਜਨਸੰਖਿਆ ਨਾਲ ਸਬੰਧਤ ਵੱਖ ਵੱਖ ਮੁੱਦਿਆਂ ਪ੍ਰਤੀ ਚੇਤਨਤਾ ਪੈਦਾ ਕਰਨਾ ਹੈ ।ਜਿਸ ਵਿੱਚ ਪਰਿਵਾਰ ਨਿਯੋਜਨ, ਲਿੰਗ ਦੇ ਆਧਾਰ ਤੇ ਨਾ ਬਰਾਬਰੀ, ਆਰਥਿਕ ਨਾ ਬਰਾਬਰੀ, ਜਨਮ ਦਰ ,ਮੌਤ ਦਰ ,ਜੱਚਾ ਅਤੇ ਬੱਚਾ ਦੀ ਸਿਹਤ ਅਤੇ ਮਨੁੱਖੀ ਅਧਿਕਾਰਾ ਪ੍ਰਤੀ ਜਾਗਰੂਕ ਕਰਨਾ ਮੁੱਖ ਹਨ ।ਅਨੁਮਾਨ ਦੇ ਤੌਰ ਤੇ 11 ਜੁਲਾਈ 1987 ਨੂੰ ਜਦੋਂ ਪੂਰੇ ਵਿਸ਼ਵ ਦੀ ਜਨਸੰਖਿਆ 500 ਕਰੋਡ਼ ਹੋਈ ਤਾਂ, ਇਸ ਦੀ ਮਹੱਤਤਾ ਨੂੰ ਸਮਝਦੇ ਹੋਏ, ਸੰਯੁਕਤ ਰਾਸ਼ਟਰ ਦੀ ਗਵਰਨਿੰਗ ਕੌਂਸਲ ਨੇ 1989 ਤੋਂ ਇਹ ਦਿਨ ਪੂਰੇ ਵਿਸ਼ਵ ਵਿਚ ਵਿਸ਼ਵ ਜਨਸੰਖਿਆ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ।
ਪੂਰੇ ਵਿਸ਼ਵ ਦੇ ਵਿੱਚ ਵੱਧਦੀ ਆਬਾਦੀ ਅਤੇ ਉਨ੍ਹਾਂ ਨੂੰ ਸਿਹਤ ,ਸਿੱਖਿਆ ਅਤੇ ਹੋਰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਇੱਕ ਬਹੁਤ ਵੱਡਾ ਮਸਲਾ ਬਣ ਕੇ ਸਾਹਮਣੇ ਆਇਆ ਹੈ ।ਕਿਉਂਕਿ ਹਰ ਸਾਲ ਵਿਸ਼ਵ ਵਿੱਚ ਅੰਦਾਜ਼ਨ 10 ਕਰੋਡ਼ ਦੇ ਲੱਗਭੱਗ ਜਨਸੰਖਿਆ’ਚ ਵਾਧਾ ਹੋ ਰਿਹਾ ਹੈ ।ਸਾਲ 2016 ਵਿੱਚ ਪੂਰੇ ਵਿਸ਼ਵ ਦੀ ਜਨਸੰਖਿਆ ਲੱਗਭਗ 740 ਕਰੋੜ ਸੀ ਜੋ 2018 ਵਿੱਚ ਵੱਧ ਕੇ 760 ਕਰੋਡ਼ ਦੇ ਕਰੀਬ ਪਹੁੰਚ ਗਈ ਅਤੇ 2020 ਵਿੱਚ ਹੁਣ ਤੱਕ ਲਗਭਗ 780 ਕਰੋਡ਼ ਦੇ ਕਰੀਬ ਪਹੁੰਚ ਚੁੱਕੀ ਹੈ ਅਤੇ 2023 ਤੱਕ 800 ਕਰੋਡ਼ ਦਾ ਅੰਕੜਾ ਪਾਰ ਕਰਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਮਨੁੱਖੀ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਜਨਸੰਖਿਆ ਦੇ 100 ਕਰੋੜ ਦੇ ਅੰਕੜੇ ਤੇ ਪਹੁੰਚਣ ਤੱਕ 02 ਲੱਖ ਸਾਲ ਦਾ ਸਮਾਂ ਲੱਗ ਗਿਆ, ਜਦਕਿ 700 ਕਰੋਡ਼ ਦੇ ਅੰਕੜੇ ਤੇ ਪਹੁੰਚਣ ਤੇ ਉਸ ਦੇ ਬਾਅਦ ਸਿਰਫ 200 ਸਾਲ ਦਾ ਸਮਾਂ ਹੀ ਲੱਗਿਆਂ ।
ਵਿਸ਼ਵ ਦੀ ਜਨਸੰਖਿਆ ਜਿਸ ਤੇਜੀ ਨਾਲ ਵੱਧ ਰਹੀ ਹੈ, ਆਉਣ ਵਾਲੇ ਸਮੇਂ ਵਿੱਚ ਵਿਸ਼ਵ ਦੀ ਕੇਂਦਰੀ ਸਮੱਸਿਆ ਇਹ ਹੋਵੇਗੀ ਕਿ ਵੱਧਦੀ ਜਨਸੰਖਿਆ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ ।ਹਰ ਦੇਸ਼ ਦੀ ਜਨਸੰਖਿਆ ਦਾ ਉਸ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਵਿੱਚ ਗੂੜਾ ਸੰਬੰਧ ਹੈ। ਇਸ ਦੀ ਸਭ ਤੋਂ ਸੁਚੱਜੀ ਉਦਾਹਰਣ ਜਰਮਨੀ ਅਤੇ ਜਾਪਾਨ ਦੀ ਜਨਤਾ ਨੇ ਦੂਸਰੇ ਵਿਸ਼ਵ ਯੁੱਧ ਦੀ ਭਿਅੰਕਰ ਤਬਾਹੀ ਤੋਂ ਬਾਅਦ ਆਪਣੇ ਕੁਸ਼ਲ, ਉੱਦਮੀ, ਤੰਦਰੁਸਤ ਸਿਹਤਮੰਦ ਕਾਮੇ ਅਤੇ ਠੋਸ ਯੋਜਨਾਬੰਦੀ ਨਾਲ ਆਪਣੇ ਦੇਸ਼ ਦੀ ਅਰਥ ਵਿਵਸਥਾ ਦਾ ਪੁਨਰ ਨਿਰਮਾਣ ਕੀਤਾ ਅਤੇ ਤੇਜ਼ੀ ਨਾਲ ਆਰਥਿਕ ਵਿਕਾਸ ਕਰਕੇ ਵਿਸ਼ਵ ਸਾਹਮਣੇ ਦਿਖਾਇਆ ।ਇਹ ਸਭ ਉੱਥੋਂ ਦੀ ਜਨਸੰਖਿਆ ਦੀ ਬਦੌਲਤ ਹੀ ਸੰਭਵ ਹੋਇਆ ਹੈ। ਚੀਨ ਨੇ ਵੀ ਪਿਛਲੇ ਕੁਝ ਸਾਲਾਂ ਵਿੱਚ ਜਨਸੰਖਿਆ ਵੱਧ ਹੋਣ ਦੇ ਬਾਵਜੂਦ ਵੀ ਆਰਥਿਕ ਵਿਕਾਸ ਦੇ ਖੇਤਰ ਵਿੱਚ ਅਮਰੀਕਾ ਅਤੇ ਯੂਰਪੀਅਨ ਦੇਸ਼ਾਂ ਨਾਲ ਟੱਕਰ ਲੈ ਰਿਹਾ ਹੈ।ਇਸ ਦੇ ਉਲਟ ਜੇ ਗੱਲ ਕਰੀਏ ਭਾਰਤ ਵਰਸ਼ ਦੀ ਤਾਂ ਇੱਥੋਂ ਦੀ ਵੱਧਦੀ ਜਨਸੰਖਿਆ ਦੇਸ਼ ਦੇ ਆਰਥਿਕ ਵਿਕਾਸ ਵਿੱਚ ਸਭ ਤੋਂ ਵੱਡੀ ਰੁਕਾਵਟ ਬਣੀ ਨਜ਼ਰ ਆ ਰਹੀ ਹੈ ।ਯੋਗ, ਕੁਸ਼ਲ ਅਤੇ ਹੋਣਹਾਰ ਨੌਜਵਾਨ ਵਰਗ ਦਾ ਵਿਦੇਸ਼ਾਂ ਵਿੱਚ ਜਾ ਕੇ ਕੰਮ ਕਰਨ ਦਾ ਵੱਧਦਾ ਰੁਝਾਨ ਅਤੇ ਬਹੁ ਗਿਣਤੀ ਜਨਸੰਖਿਆ ਦਾ ਅਨਪੜ੍ਹ, ਅਕੁਸ਼ਲ, ਆਰਥਿਕ ਪੱਖੋਂ ਕਮਜ਼ੋਰ ਅਤੇ ਰੂੜੀਵਾਦੀ ਰੀਤੀ ਰਿਵਾਜਾਂ ਵਿੱਚ ਫਸੀ ਹੋਣਾ ਆਰਥਿਕ ਵਿਕਾਸ ਦੇ ਸਾਰੇ ਯਤਨਾਂ ਨੂੰ ਅਸਫਲ ਕਰ ਰਹੀ ਹੈ ।ਜਿਸ ਦੀ ਬਦੌਲਤ ਦੇਸ਼ ਅਤੇ ਸੂਬਿਆਂ ਦੀ ਆਰਥਿਕ ਨਿਯੋਜਨ ਦੀ ਸਫਲਤਾ ਅਤੇ ਆਰਥਿਕ ਵਿਕਾਸ ਦੀ ਤੇਜ਼ ਗੱਦੀ ਵਿੱਚ ਰੋਕ ਲੱਗ ਰਹੀ ਹੈ ।
ਜਨਸੰਖਿਆ ਦੀ ਦ੍ਰਿਸ਼ਟੀ ਨਾਲ ਪੂਰੇ ਵਿਸ਼ਵ ਵਿੱਚ ਭਾਰਤ ਦਾ ਮੌਜੂਦਾ ਲਗਪਗ 138 ਕਰੋੜ ਦੀ ਅਬਾਦੀ ਨਾਲ ਦੂਸਰਾ ਸਥਾਨ ਹੈ ।ਜਦਕਿ ਸਾਡਾ ਪੜੋਸੀ ਦੇਸ਼ ਚੀਨ 144 ਕਰੋਡ਼ ਦੀ ਆਬਾਦੀ ਨਾਲ ਪਹਿਲੇ ਸਥਾਨ ਤੇ ਹੈ। ਜੇ ਅਸੀਂ ਦੋਹਾਂ ਦੇਸ਼ਾਂ ਦੀ ਆਬਾਦੀ ਦੇ ਵਾਧੇ ਦਰ ਦਾ ਵਿਸ਼ਲੇਸ਼ਣ ਕਰੀਏ ਤਾਂ ਅਸੀਂ ਜਲਦ ਹੀ ਚੀਨ ਨੂੰ ਜਨਸੰਖਿਆ ਦੇ ਖੇਤਰ ਵਿੱਚ ਪਛਾੜ ਕੇ ਪਹਿਲੇ ਸਥਾਨ ਤੇ ਕਾਬਜ਼ ਹੋਣ ਜਾ ਰਹੇ ਹਾਂ ।ਸੰਸਾਰ ਦੀ 17.6 ਪ੍ਰਤੀਸ਼ਤ ਤੋਂ ਵੱਧ ਦੀ ਜਨਸੰਖਿਆ ਦਾ ਪਾਲਣ ਪੋਸ਼ਣ ਭਾਰਤ ਸੰਸਾਰ ਦੇ ਸਿਰਫ 2.4 ਪ੍ਰਤੀਸ਼ਤ ਖੇਤਰਫਲ ਅਤੇ ਸੰਸਾਰ ਦੀ 02 ਪ੍ਰਤੀਸ਼ਤ ਆਮਦਨ ਰਾਹੀਂ ਕਰ ਰਿਹਾ ਹੈ ।ਇਨ੍ਹਾਂ ਅੰਕੜਿਆਂ ਤੋਂ ਹੀ ਪਤਾ ਚੱਲਦਾ ਹੈ ਕਿ ਭਾਰਤ ਵਿੱਚ ਜਨਸੰਖਿਆ ਦਾ ਭਾਰ ਕਿੰਨਾ ਵਧੇਰੇ ਹੈ ।ਭਾਰਤ ਵਿੱਚ ਜਿਸ ਤੇਜ਼ੀ ਨਾਲ ਜਨਸੰਖਿਆ ਚ ਵਾਧਾ ਹੋ ਰਿਹਾ ਹੈ, ਇਸ ਨੂੰ ਅਰਥ ਸ਼ਾਸਤਰ ਦੀ ਭਾਸ਼ਾ ਵਿੱਚ ਜਨਸੰਖਿਆ ਵਿਸਫੋਟ ਕਿਹਾ ਜਾਂਦਾ ਹੈ ।ਸਾਡੇ ਦੇਸ਼ ਵਿੱਚ ਇਸ ਵਾਧੇ ਦੀ ਦਰ ਨੇ ਆਜ਼ਾਦੀ ਦੇ ਤੁਰੰਤ ਬਾਅਦ ਹੀ ਰਫਤਾਰ ਪਕੜ ਲਈ ਸੀ। ਜਦੋਂ 1951 ਤੋਂ 1961 ਦੇ ਦਸ਼ਕ ਵਿੱਚ 7.81 ਕਰੋੜ ਦਾ ਵਾਧਾ 21.6 ਪ੍ਰਤੀਸ਼ਤ ਦੀ ਦਰ ਨਾਲ ਦਰਜ ਕੀਤਾ ਗਿਆ। ਪਿਛਲੇ 50 ਸਾਲਾਂ ਵਿੱਚ ਜਨਸੰਖਿਆ ਦੇ ਵਧਣ ਦਾ ਮੁੱਖ ਕਾਰਨ ਜਨਮ ਦਰ ਵਿੱਚ ਕੋਈ ਵਿਸ਼ੇਸ਼ ਕਮੀ ਨਜ਼ਰ ਨਹੀਂ ਆਈ। ਪ੍ਰੰਤੂ ਸਿਹਤ ਸਹੂਲਤਾਂ ‘ਚ ਸੁਧਾਰ ਅਤੇ ਮੈਡੀਕਲ ਖੇਤਰ ਦੀਆਂ ਖੋਜਾਂ ਦੀ ਬਦੌਲਤ ਮੌਤ ਦਰ ਵਿੱਚ ਕਾਫੀ ਕਮੀ ਆਈ ਹੈ ।
ਭਾਰਤ ਵਿੱਚ ਵਧਦੀ ਜਨਸੰਖਿਆ ਨੇ ਅਨੇਕਾਂ ਸਮੱਸਿਆਵਾਂ ਨੂੰ ਜਨਮ ਦਿੱਤਾ ਹੈ। ਆਰਥਿਕ ਵਿਕਾਸ ਅਤੇ ਜਨ ਸੰਖਿਆ ਦਾ ਆਪਸ ਵਿੱਚ ਗੂੜ੍ਹਾ ਸਬੰਧ ਹੈ। ਜਨਸੰਖਿਆ ਆਰਥਿਕ ਵਿਕਾਸ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਆਰਥਿਕ ਵਿਕਾਸ ਜਨਸੰਖਿਆ ਨੂੰ ਪ੍ਰਭਾਵਿਤ ਕਰਦਾ ਹੈ। ਸਿੱਖਿਆ ਦੀ ਕਮੀ ਸਾਡੀ ਜਨਸੰਖਿਆ ਦੇ ਪਿਛੜੇਪਨ ਦਾ ਮੁੱਖ ਕਾਰਨ ਹੈ।ਭਾਰਤ ਨੂੰ ਇਸ ਸਮੇਂ ਵਿਸ਼ਵ ਵਿੱਚ ਸਭ ਤੋਂ ਵੱਧ ਨੌਜਵਾਨਾਂ ਦਾ ਦੇਸ਼ ਕਿਹਾ ਜਾਂਦਾ ਹੈ। ਕਿਉਂਕਿ ਭਾਰਤ ਦੀ 50 ਪ੍ਰਤੀਸ਼ਤ ਤੋਂ ਵੱਧ ਜਨਸੰਖਿਆ ਦੀ ਉਮਰ 25 ਸਾਲ ਹੈ ਅਤੇ 65 ਪ੍ਰਤੀਸ਼ਤ ਜਨਸੰਖਿਆ ਦੀ ਉਮਰ 35 ਸਾਲ ਹੈ । ਜੇ ਜੋਸ਼ ਨਾਲ ਭਰਪੂਰ ਨੌਜਵਾਨ ਵਰਗ ਨੂੰ ਗੁਣਾਤਮਕ ਸਿੱਖਿਆ, ਸਿਹਤ ਸਹੂਲਤਾਂ ਅਤੇ ਉਚਿਤ ਰੋਜ਼ਗਾਰ ਜਾਂ ਕੁਸ਼ਲ ਤੇ ਆਧਾਰਿਤ ਸਵੈ ਰੁਜ਼ਗਾਰ ਪ੍ਰਦਾਨ ਕਰ ਦਿੱਤਾ ਜਾਵੇ ਤਾਂ ਇਹ ਨੌਜਵਾਨਾਂ ਦੀ ਫੌਜ ਦੇਸ਼ ਦੇ ਸਰਬਪੱਖੀ ਵਿਕਾਸ ਵਿੱਚ ਮੀਲ ਪੱਥਰ ਸਾਬਤ ਹੋ ਸਕਦੀ ਹੈ ।
ਆਜ਼ਾਦੀ ਦੇ 72 ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਅਦ ਵੀ 2011 ਦੀ ਜਨ ਸੰਖਿਆ ਦੇ ਅਨੁਸਾਰ ਦੇਸ਼ ਦੀ ਸਾਖਰਤਾ ਦਰ 74.04 ਪ੍ਰਤੀਸ਼ਤ ਹੈ ,ਅਰਥਾਤ 26ਪ੍ਰਤੀਸ਼ਤ ਜਨਸੰਖਿਆ ਅਜੇ ਵੀ ਕੋਰੀ ਅਨਪੜ੍ਹ ਹੈ ਅਤੇ ਜੋ ਸਾਖਰ ਹਨ ,ਉਨ੍ਹਾਂ ਵਿੱਚੋਂ ਵੀ ਬਹੁ ਗਿਣਤੀ ਤੱਕ ਅਜੇ ਵੀ ਗੁਣਾਤਮਕ ਸਿੱਖਿਆ ਨਹੀਂ ਪਹੁੰਚ ਸਕੀ ।ਗਰੀਬੀ, ਅਨਪੜ੍ਹਤਾ ਅਤੇ ਵਧਦੀ ਜਨਸੰਖਿਆ ਦਾ ਇੱਕ ਅਜਿਹਾ ਚੱਕਰ ਦੇਸ਼ ਵਿੱਚ ਚੱਲ ਰਿਹਾ ਹੈ ਕਿ ਇਸ ਵਿੱਚੋਂ ਬਾਹਰ ਨਿਕਲਣਾ ਸਮੇਂ ਦੀਆਂ ਸਰਕਾਰਾਂ ਲਈ ਵੱਡੀ ਚੁਣੌਤੀ ਬਣ ਚੁੱਕਿਆ ਹੈ। ਸਿੱਖਿਆ ਦੇ ਸੁਚਾਰੂ ਪ੍ਰਸਾਰ ਨਾਲ ਇਸ ਗੰਭੀਰ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ ।
ਵੱਧਦੀ ਜਨਸੰਖਿਆ ਦੇ ਕਾਰਨ ਸਰਕਾਰਾਂ ਤੋਂ ਕੀਤੀਆਂ ਜਾਂਦੀਆਂ ਮੁੱਖ ਮੰਗਾਂ ਬਿਜਲੀ, ਪਾਣੀ ,ਸੀਵਰੇਜ, ਭੋਜਨ ,ਮਕਾਨ ,ਸੜਕਾਂ ,ਸਿੱਖਿਆ ਅਤੇ ਸਿਹਤ ਸਹੂਲਤਾਂ ਜੋ ਜੀਵਨ ਲਈ ਬੁਨਿਆਦੀ ਲੋੜਾਂ ਹਨ ਦੀ ਪੂਰਤੀ ਕਰਨਾ ਵੀ ਸੰਭਵ ਨਹੀਂ ਹੋ ਪਾ ਰਿਹਾ । ਵਧਦੀ ਬੇਰਜ਼ਗਾਰੀ ਨੇ ਨਸ਼ਾਖੋਰੀ ਅਤੇ ਅੱਤਵਾਦ ਵਰਗੀਆਂ ਅਨੇਕਾਂ ਹੋਰ ਸਮਾਜਿਕ ਬੁਰਾਈਆਂ ਨੂੰ ਜਨਮ ਦਿੱਤਾ ਹੈ ।ਭਾਰਤ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਪਿੰਡਾਂ ਵਿੱਚ ਵਧਦੀ ਅਦ੍ਰਿਸ਼ ਬੇਰੁਜ਼ਗਾਰੀ ਨੇ ਪੇਂਡੂ ਸਮਾਜ ਵਿੱਚ ਗੰਭੀਰ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ।
ਦੇਸ਼ ਦੀ 138 ਕਰੋੜ ਜਨਸੰਖਿਆ ਲਈ ਪੌਸ਼ਟਿਕ ਅਤੇ ਲੋੜੀਂਦੀ ਮਾਤਰਾ ਵਿੱਚ ਖੁਰਾਕ ਉਪਲੱਬਧ ਕਰਵਾਉਣਾ ਆਪਣੇ ਆਪ ਵਿੱਚ ਬਹੁਤ ਵੱਡੀ ਸਮੱਸਿਆ ਬਣ ਚੁੱਕਿਆ ਹੈ। ਦੇਸ਼ ਦੀ 50 ਪ੍ਰਤੀਸ਼ਤ ਤੋਂ ਵੱਧ ਆਬਾਦੀ ਨੂੰ ਉਚਿਤ ਮਾਤਰਾ ਵਿੱਚ ਅਨਾਜ ਉਪਲੱਬਧ ਕਰਾਉਣ ਲਈ ਸਰਕਾਰ ਨੂੰ ਅਨੇਕਾਂ ਯੋਜਨਾਵਾਂ ਸ਼ੁਰੂ ਕਰਨੀਆਂ ਪੈ ਰਹੀਆਂ ਹਨ ।ਸੰਤੁਲਿਤ ਭੋਜਨ ਦੀ ਘਾਟ ਦਾ ਮਾੜਾ ਅਸਰ ਲੋਕਾਂ ਦੀ ਸਿਹਤ ਉੱਪਰ ਪੈ ਰਿਹਾ ਹੈ ।ਕਮਜ਼ੋਰ ਵਿਅਕਤੀ ਕਦੇ ਵੀ ਦੇਸ਼ ਦੇ ਵਿਕਾਸ ਵਿੱਚ ਉਚਿਤ ਹਿੱਸਾ ਨਹੀਂ ਪਾ ਸਕਦਾ। ਅਨਾਜ ਦੀ ਕਮੀ ਦੇ ਕਾਰਨ ਅਨੇਕਾਂ ਵਾਰ ਖੁਰਾਕ ਪਦਾਰਥ ਵਿਦੇਸ਼ਾਂ ਤੋਂ ਆਯਾਤ ਕਰਨੇ ਪੈਂਦੇ ਹਨ। ਜਿਸ ਦੇ ਫਲਸਰੂਪ ਵਿਦੇਸ਼ੀ ਵਟਾਂਦਰਾ ਦੀ ਕਮੀ ਮਹਿਸੂਸ ਹੁੰਦੀ ਹੈ ,ਜਿਸ ਦਾ ਦੇਸ਼ ਦੀ ਆਰਥਿਕ ਵਿਕਾਸ ਤੇ ਬੇਹੱਦ ਬੁਰਾ ਪ੍ਰਭਾਵ ਪੈਂਦਾ ਹੈ ।ਵੱਧਦੀ ਜਨਸੰਖਿਆ ਲਈ ਅਨਾਜ ਪੈਦਾ ਕਰਨ ਲਈ ਜੰਗਲਾਂ ਦੀ ਕਟਾਈ ਬਹੁਤ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਹਰ ਸਾਲ ਲੱਖਾਂ ਹੈਕਟੇਅਰ ਜੰਗਲੀ ਰਕਬਾ ਵਾਹੀਯੋਗ ਬਣਾ ਕੇ ਜੰਗਲ ਖਤਮ ਕੀਤੇ ਜਾ ਰਹੇ ਹਨ। ਜਿਸ ਨਾਲ ਵਾਤਾਵਰਨ ਪ੍ਰਦੂਸ਼ਣ ਗੰਭੀਰ ਰੂਪ ਧਾਰਨ ਕਰ ਚੁੱਕਿਆ ਹੈ। ਕੁਦਰਤ ਦਾ ਸੰਤੁਲਨ ਤੇਜ਼ੀ ਨਾਲ ਵਿਗੜ ਰਿਹਾ ਹੈ ।ਹਵਾ ,ਪਾਣੀ ਅਤੇ ਧਰਤੀ ਦੀ ਗੁਣਵੱਤਾ ਉੱਪਰ ਗੰਭੀਰ ਪ੍ਰਸ਼ਨ ਚਿੰਨ੍ਹ ਲੱਗ ਚੁੱਕਿਆ ਹੈ ।
ਮੌਜੂਦਾ ਦੌਰ ਵਿੱਚ ਜਨਸੰਖਿਆ ਦੀ ਵਧਦੀ ਦਰ ਨੂੰ ਲਗਾਮ ਲਗਾਉਣ ਲਈ ਠੋਸ ਰਾਸ਼ਟਰੀ ਜਨਸੰਖਿਆ ਨੀਤੀ ਦੀ ਜ਼ਰੂਰਤ ਹੈ ।ਇੱਕ ਅਜਿਹੀ ਨੀਤੀ ਜੋ ਜਾਤ, ਧਰਮ ਅਤੇ ਵੋਟਾਂ ਦੀ ਦਲਗਤ ਰਾਜਨੀਤੀ ਤੋਂ ਉੱਪਰ ਉੱਠ ਕੇ ਬਣਾਈ ਜਾਵੇ ਅਤੇ ਉਸ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਚਾਹੇ ਦੇਸ਼ ਵਿੱਚ ਪਹਿਲੀ ਜਨਸੰਖਿਆ ਨੀਤੀ 1956 ਵਿੱਚ ਬਣਾਈ ਗਈ ਅਤੇ ਉਸ ਤੋਂ ਬਾਅਦ 1977 ਵਿੱਚ ਵੀ ਨਵੀਂ ਨੀਤੀ ਦੀ ਘੋਸ਼ਣਾ ਕੀਤੀ ਗਈ। ਪ੍ਰੰਤੂ ਉਹ ਮਨਚਾਹੇ ਨਤੀਜੇ ਦੇਣ ਦੇ ਵਿੱਚ ਸਫ਼ਲ ਨਹੀਂ ਹੋ ਸਕੀ। ਕਿਉਂਕਿ ਭਾਰਤ ਵਰਗੇ ਦੇਸ਼ ਵਿੱਚ ਅੱਜ ਵੀ ਬੱਚਿਆਂ ਦਾ ਪੈਦਾ ਹੋਣਾ ਈਸ਼ਵਰ ਦੀ ਦੇਣ ਮੰਨਿਆ ਜਾਂਦਾ ਹੈ ਅਤੇ ਕਈ ਵਾਰ ਲੜਕਾ ਪੈਦਾ ਕਰਨ ਦੀ ਇਛਾ ਵਿੱਚ ਹੀ ਅਨੇਕਾਂ ਲੜਕੀਆਂ ਪੈਂਦਾ ਕਰ ਲਈਆਂ ਜਾਦੀਆਂ ਹਨ। ਦੇਸ਼ ਵਿੱਚ ਸੁਚੱਜੀ ਸਿੱਖਿਆ ਪ੍ਰਣਾਲੀ ਦਾ ਪ੍ਰਸਾਰ ਕਰਕੇ ਅਤੇ ਪਰਿਵਾਰ ਕਲਿਆਣ ਪ੍ਰੋਗਰਾਮ ਦੇ ਦਾਇਰੇ ਨੂੰ ਹੋਰ ਵਿਸ਼ਾਲ ਕਰਕੇ ਅਸੀਂ ਇਸ ਸਮੱਸਿਆ ਤੋਂ ਨਿਜਾਤ ਪਾ ਸਕਦੇ ਹਾਂ ।
ਡਾ. ਸਤਿੰਦਰ ਸਿੰਘ
ਸਟੇਟ ਅਤੇ ਨੈਸ਼ਨਲ ਅਵਾਰਡੀ ਪ੍ਰਿੰਸੀਪਲ
ਧਵਨ ਕਲੋਨੀ
ਫਿਰੋਜ਼ਪੁਰ ਸ਼ਹਿਰ
9815427554