ਵਿਸ਼ਵ ਅਬਾਦੀ ਦਿਵਸ ਨੂੰ ਸਮਰਪਿਤ ਆਬਾਦੀ ਪੰਦਰਵਾੜੇ ਦੀ ਸ਼ੁਰੂਆਤ
ਪਰਿਵਾਰਿਕ ਵਿਉਂਤਬੰਦੀ ਸਿਹਤ ਅਤੇ ਖੁਸ਼ਹਾਲੀ ਦਾ ਆਧਾਰ- ਸਿਵਲ ਸਰਜਨ
ਵਿਸ਼ਵ ਅਬਾਦੀ ਦਿਵਸ ਨੂੰ ਸਮਰਪਿਤ ਆਬਾਦੀ ਪੰਦਰਵਾੜੇ ਦੀ ਸ਼ੁਰੂਆਤ
– ਪਰਿਵਾਰਿਕ ਵਿਉਂਤਬੰਦੀ ਸਿਹਤ ਅਤੇ ਖੁਸ਼ਹਾਲੀ ਦਾ ਆਧਾਰ- ਸਿਵਲ ਸਰਜਨ
ਫਿਰੋਜ਼ਪੁਰ 27 ਜੂਨ 2023: ਕਿਸੇ ਵੀ ਕਾਰਜ ਦੀ ਸਫਲਤਾ ਵਿੱਚ ਵਿਉਂਤਬੰਦੀ ਦਾ ਬਹੁਤ ਅਹਿਮ ਸਥਾਨ ਹੁੰਦਾ ਹੈ, ਇਸੇ ਤਰ੍ਹਾਂ ਕਿਸੇ ਪਰਿਵਾਰ, ਸਮਾਜ ਅਤੇ ਦੇਸ਼ ਦੀ ਚੰਗੀ ਸਿਹਤ ਅਤੇ ਖੁਸ਼ਹਾਲੀ ਲਈ ਪਰਿਵਾਰਕ ਵਿਉਂਤਬੰਦੀ ਬਹੁਤ ਮਹੱਤਵਪੂਰਨ ਹੈ। ਇਹ ਪ੍ਰਗਟਾਵਾ ਸਿਵਲ ਸਰਜਨ ਡਾ. ਰਜਿੰਦਰ ਪਾਲ ਨੇ ਵਿਸ਼ਵ ਅਬਾਦੀ ਦਿਵਸ ਨੂੰ ਸਮਰਪਿਤ ਆਬਾਦੀ ਪੰਦਰਵਾੜੇ ਦੀ ਸ਼ੁਰੂਆਤ ਮੌਕੇ ਜ਼ਿਲ੍ਹਾ ਨਿਵਾਸੀਆਂ ਦੇ ਨਾਮ ਇੱਕ ਸਿਹਤ ਸੁਨੇਹਾ ਜਾਰੀ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਵਿਸ਼ਵ ਆਬਾਦੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਪੰਦਰਵਾੜਾ 27 ਜੂਨ ਤੋਂ 24 ਜੁਲਾਈ ਤੱਕ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਵਿਭਾਗ ਵੱਲੋਂ ਵੱਧਦੀ ਆਬਾਦੀ ਨੂੰ ਧਿਆਨ ਵਿੱਚ ਰੱਖਦਿਆਂ ਸਾਰੇ ਸਿਹਤ ਕੇਂਦਰਾਂ ਵਿਖੇ ਪਰਿਵਾਰ ਨਿਯੋਜਨ ਸਬੰਧੀ ਮੁਫਤ ਮਸ਼ਵਰਾ ਅਤੇ ਸੰਤਾਨ ਸੰਜਮ ਦੇ ਵੱਖ-ਵੱਖ ਪ੍ਰਕਾਰ ਦੇ ਸਾਧਨ ਮੁਫ਼ਤ ਉਪਲਬਧ ਕਰਵਾਏ ਜਾਂਦੇ ਹਨ। ਉਨ੍ਹਾਂ ਆਪਣਾ ਸੁਨੇਹਾ ਜਾਰੀ ਰੱਖਦਿਆਂ ਜਾਣਕਾਰੀ ਦਿੱਤੀ ਕਿ ਦੋ ਬੱਚਿਆਂ ਵਿਚਕਾਰ ਘੱਟੋ-ਘੱਟ ਤਿੰਨ ਸਾਲ ਦਾ ਵਕਫਾ ਹੋਣਾ ਬਹੁਤ ਜ਼ਰੂਰੀ ਹੈ ਜੋ ਕਿ ਔਰਤ ਅਤੇ ਬੱਚਿਆਂ ਦੀ ਸਿਹਤ ਲਈ ਅਹਿਮ ਹੈ। ਡਾ. ਰਜਿੰਦਰ ਪਾਲ ਨੇ ਅੱਗੇ ਦੱਸਿਆ ਕਿ ਜਿੱਥੇ ਵਿਭਾਗ ਵੱਲੋਂ ਬੱਚਿਆਂ ਵਿੱਚ ਵਕਫਾ ਰੱਖਣ ਲਈ ਨਿਰੋਧ, ਕਾਪਰ-ਟੀ, ਛਾਇਆ ਗੋਲੀ ਅਤੇ ਅੰਤਰਾ ਟੀਕਾ ਆਦਿ ਸਾਧਨ ਮੁਫਤ ਉਪਲੱਬਧ ਕਰਵਾਏ ਜਾਂਦੇ ਹਨ ਉੱਥੇ ਪਰਿਵਾਰ ਪੂਰਾ ਹੋਣਾ ‘ਤੇ ਪਰਿਵਾਰ ਨਿਯੋਜਨ ਦੇ ਸਥਾਈ ਤਰੀਕੇ ਨਸਬੰਦੀ ਅਤੇ ਨਲਬੰਦੀ ਵੀ ਮੁਫਤ ਕੀਤੇ ਜਾਂਦੇ ਹਨ। ਇਨ੍ਹਾਂ ਸਥਾਈ ਤਰੀਕਿਆਂ ਨੂੰ ਅਪਣਾਉਣ ਵਾਲੇ ਲਾਭਪਾਤਰੀਆਂ ਨੂੰ ਨਗਦ ਉਤਸ਼ਾਹਿਤ ਰਾਸ਼ੀ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਸਮੂਹ ਜਿਲ੍ਹਾ ਨਿਵਾਸੀਆਂ ਨੂੰ ਪਰਿਵਾਰਕ ਵਿਉਂਤਬੰਦੀ ਅਪਣਾਉਣ ਦੀ ਅਪੀਲ ਵੀ ਕੀਤੀ। ਇਸ ਅਵਸਰ ‘ਤੇ ਸਹਾਇਕ ਸਿਵਲ ਸਰਜਨ ਡਾ. ਸੁਸ਼ਮਾ ਠੱਕਰ, ਸਹਾਇਕ ਕੰਟਰੋਲਰ ਹਰਜਸਦੀਪ ਸਿੰਘ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸਮਿੰਦਰਪਾਲ ਕੌਰ, ਡਾ. ਯੁਵਰਾਜ ਨਾਰੰਗ, ਵਿਕਾਸ ਕਾਲੜਾ, ਦੀਪਕ ਕੁਮਾਰ, ਸੁਰਿੰਦਰ ਕੁਮਾਰ, ਬੀ.ਸੀ.ਸੀ. ਕੁਆਰਡੀਨੇਟਰ ਰਜਨੀਕ ਕੌਰ, ਡੀ.ਐਸ.ਏ. ਸੁਖਦੇਵ ਰਾਜ ਅਤੇ ਨੇਹਾ ਵੀ ਹਾਜ਼ਰ ਸਨ।