ਵਿਰਸੇ ਅਤੇ ਸੱਭਿਆਚਾਰ 'ਤੇ ਝਾਤ ਪਾ ਗਿਆ ਤੀਆਂ ਦਾ ਮੇਲਾ
ਫ਼ਿਰੋਜ਼ਪੁਰ, 18 ਅਗਸਤ- ਧੀਆਂ ਦੇ ਮਾਣ ਸਤਿਕਾਰ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਈ 'ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਵੱਲੋਂ ਪ੍ਰੈਸ ਕਲੱਬ, ਟੀਚਰਜ਼ ਕਲੱਬ ਅਤੇ ਧੀਆਂ ਦਾ ਸਤਿਕਾਰ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਵਰਿੰਦਰ ਸਿੰਘ ਵੈਰੜ ਉਪ ਪ੍ਰਧਾਨ ਨਗਰ ਪੰਚਾਇਤ ਮਮਦੋਟ ਦੀ ਅਗਵਾਈ ਹੇਠ ਨਗਰ ਕੌਂਸਲ ਫ਼ਿਰੋਜ਼ਪੁਰ ਸ਼ਹਿਰ ਦੇ ਵਿਹੜੇ 'ਚ ਤੀਆਂ ਦਾ ਮੇਲਾ ਵੱਡੇ ਪੱਧਰ 'ਤੇ ਕਰਵਾਇਆ ਗਿਆ। ਮੇਲੇ 'ਚ ਕਰਵਾਏ ਗਏ ਚਰਖਾ ਕੱਤਣ ਮੁਕਾਬਲੇ 'ਚ ਗੁਰਨਿੰਦਰ ਕੌਰ ਸਤੀਏ ਵਾਲਾ ਪਹਿਲੇ, ਕੁਲਵਿੰਦਰ ਕੌਰ ਬਜੀਦਪੁਰ ਦੂਸਰੇ, ਮਹਿੰਦੀ ਲਗਾਉਣ ਮੁਕਾਬਲੇ 'ਚ ਕਿਰਨਦੀਪ ਕੌਰ ਬਹਿਕ ਗੁੱਜਰਾਂ ਜ਼ੀਰਾ ਪਹਿਲੇ, ਸੁਮਨ ਕੁਮਾਰੀ ਐਸ.ਬੀ.ਐਸ. ਟੈਕਨੀਕਲ ਕੈਂਪਸ ਦੂਸਰੇ, ਨਾਲਾ ਬੁਨਣਾ ਮੁਕਾਬਲੇ 'ਚ ਅਰਨੀਤ ਕੌਰ ਸ੍ਰੀ ਰਘੂ ਨਾਥ ਕਾਲਜ ਜੰਡਿਆਲਾ ਸ੍ਰੀ ਅੰਮ੍ਰਿਤਸਰ ਪਹਿਲੇ, ਰਾਜ ਰਾਣੀ ਡੀ.ਏ.ਵੀ. ਕਾਲਜ ਫ਼ਿਰੋਜ਼ਪੁਰ ਛਾਉਣੀ ਦੂਸਰੇ ਸਥਾਨ, ਫੁਲਕਾਰੀ ਕੱਢਣ ਮੁਕਾਬਲੇ 'ਚ ਨਵਪ੍ਰੀਤ ਕੌਰ ਗਹਿਰੀ ਮੰਡੀ ਧੂੜਕੋਟ ਅੰਮ੍ਰਿਤਸਰ ਪਹਿਲੇ, ਨਵਨੀਤ ਕੌਰ ਸ੍ਰੀ ਰਘੂ ਨਾਥ ਕਾਲਜ ਜੰਡਿਆਲਾ ਗੁਰੂ ਅੰਮ੍ਰਿਤਸਰ ਦੂਸਰੇ, ਕਰੋਸ਼ੀਆ ਕੱਢਣ ਮੁਕਾਬਲੇ 'ਚ ਵੀਰਪਾਲ ਕੌਰ ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਪਹਿਲੇ, ਸਿਮਰਜੀਤ ਕੌਰ ਨਹਿਰੂ ਯੁਵਾ ਕੇਂਦਰ ਦੂਸਰੇ ਸਥਾਨ 'ਤੇ ਰਹੇ। ਕਿੱਕਲੀ ਪਾਉਣ 'ਚ ਸਰਕਾਰੀ ਮਿਡਲ ਸਕੂਲ ਲੋਹਗੜ੍ਹ, ਕੋਰੀਓਗ੍ਰਾਫ਼ੀ 'ਚ ਐਸ.ਐਮ.ਐਸ. ਸਕੂਲ ਕੱਸੋਆਣਾ, ਸੁਹਾਗ, ਘੋੜੀਆਂ ਦੀ ਪੇਸ਼ਕਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਕ ਗੁੱਜਰਾਂ ਦੀਆਂ ਵਿਦਿਆਰਥਣਾਂ ਨੇ ਮੱਲਾਂ ਮਾਰੀਆਂ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂਹਰਸਹਾਏ ਦੀਆਂ ਵਿਦਿਆਰਥਣਾਂ ਵੱਲੋਂ ਲੈਕਚਰਾਰ ਸੁਧੀਰ ਗਰੋਵਰ ਦੀ ਦੇਖ ਰੇਖ ਹੇਠ ਫੋਕ ਆਰਕੈਸਟਰਾ, ਦੇਵ ਸਮਾਜ ਸਕੂਲ ਫ਼ਿਰੋਜ਼ਸ਼ਾਹ ਦੀ ਟੀਮ ਨੇ ਬਲਜਿੰਦਰ ਕੌਰ ਦੀ ਅਗਵਾਈ ਹੇਠ ਕੋਰੀਓਗ੍ਰਾਫ਼ੀ, ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਫ਼ਿਰੋਜ਼ਪੁਰ ਸ਼ਹਿਰ, ਸ਼ਹੀਦ ਭਗਤ ਸਿੰਘ ਨਰਸਿੰਗ ਕਾਲਜ ਫ਼ਿਰੋਜ਼ਪੁਰ ਸ਼ਹਿਰ, ਜੀ.ਜੀ.ਐਸ. ਕਾਨਵੈਂਟ ਸਕੂਲ ਆਦਿ ਸੰਸਥਾਵਾਂ ਤੋਂ ਵਿਦਿਆਰਥਣਾਂ ਨੇ ਕੋਰੀਓਗ੍ਰਾਫ਼ੀ, ਡਾਂਸ ਆਦਿ ਪੇਸ਼ਕਾਰੀਆਂ ਕਰਕੇ ਵਾਹ-ਵਾਹ ਖੱਟੀ। ਸ੍ਰੀ ਰਘੂੁ ਨਾਥ ਕਾਲਜ ਜੰਡਿਆਲਾ ਗੁਰੂ ਸ੍ਰੀ ਅੰਮ੍ਰਿਤਸਰ ਸਾਹਿਾਬ ਦੀਆਂ ਵਿਦਿਆਰਥਣਾਂ ਨੇ ਗਿੱਧੇ 'ਚ ਕਮਾਲ ਦੀ ਪੇਸ਼ਕਾਰੀ ਕਰਕ ਮੇਲੀਆਂ ਨੂੰ ਥਿਰਕਣ ਲਗਾ ਦਿੱਤਾ। ਮਾਸਟਰ ਜਸਵੰਤ ਸਿੰਘ ਦੀ ਅਗਵਾਈ ਹੇਠ ਅਰਨੀ ਵਾਲਾ ਤੋਂ ਬਾਬਿਆਂ ਦੀ ਟੀਮ ਵੱਲੋਂ ਲੋਕ ਨਾਚ ਝੂਮਰ ਪੇਸ਼ਕਰ ਮੇਲਾ ਹੀ ਲੁੱਟ ਲਿਆ। ਗੁਰੂ ਨਾਨਕ ਕਾਲਜ ਪ੍ਰਬੰਧਕ ਕਮੇਟੀ ਦੇ ਉਪ ਚੇਅਰਮੈਨ ਅਸ਼ੀਸ਼ਪ੍ਰੀਤ ਸਿੰਘ ਸਾਈਆਂ ਵਾਲਾ ਵੱਲੋਂ ਸਪੋਂਸਰ ਕੀਤੀ ਮੇਲੇ 'ਚ ਉੱਘੀ ਲੋਕ ਗਾਇਕ ਸਰਬਜੀਤ ਕੌਰ ਮਾਂਗਟ ਨੇ ਸੱਭਿਆਚਾਰ ਅਤੇ ਵਿਰਸੇ 'ਤੇ ਝਾਤ ਪਾਉਂਦੇ ਗੀਤ ਸਾਂਝੇ ਕਰ ਮੇਲੇ ਨੂੰ ਸਿਖ਼ਰਾਂ 'ਤੇ ਪਹੁੰਚਾ ਦਿੱਤਾ। ਉੱਘੀ ਗਾਇਕਾ ਕੁਲਬੀਰ ਗੋਗੀ, ਨਵਦੀਪ ਕੌਰ ਸੰਧੂ ਅਤੇ ਅਮਾਨਤਪ੍ਰੀਤ ਦੇ ਉੱਚੀ ਸੁਰ ਵਾਲੇ ਗੀਤਾਂ ਅਤੇ ਲੋਕ ਤੱਥਾਂ ਨੇ ਸਭ ਨੂੰ ਤਾੜੀਆਂ ਮਾਰਨ ਅਤੇ ਝੂਮਣ ਲਗਾ ਦਿੱਤਾ। ਸੰਗੀਤ ਦੀ ਵਿੱਦਿਆ ਲੈ ਰਹੀ ਉਭਰਦੀ ਗਾਇਕਾ ਪ੍ਰਭ ਕੌਰ ਸੰਧੂ ਨੇ ਕਲਾਸੀਕਲ ਤੇ ਉੱਚੇ ਸੁਰ 'ਚ ਪਹਿਲਾ ਸ਼ਬਦ 'ਮਿੱਤਰ ਪਿਆਰੇ ਨੂੰ' ਸੁਣਾ ਸਭ ਦਾ ਧਿਆਨ ਖਿੱਚਦਿਆਂ ਫ਼ਿਰ ਸੁਹਾਗ, ਜੁਗਨੀ ਆਦਿ ਗੀਤਾਂ ਰਾਹੀਂ ਮੇਲਾ ਹੀ ਲੁੱਟ ਲਿਆ। ਮੇਲੇ 'ਚ ਬਤੌਰ ਜੱਜ ਡਾ: ਅੰਮ੍ਰਿਤਪਾਲ ਕੌਰ ਸੰਧੂ, ਸੁਰਿੰਦਰਪਾਲ ਕੌਰ, ਲੈਫ: ਪਰਮਪਾਲ ਕੌਰ, ਨੀਲਮ ਕੰਬੋਜ, ਰੰਜੂ ਬਾਲਾ ਨੇ ਬਾਖੂਬੀ ਭੂਮਿਕਾ ਨਿਭਾਈ। ਜੇਤੂਆਂ ਨੂੰ ਇਨਾਮ ਵੰਡਣ ਲਈ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਧਰਮਪਤਨੀ ਇੰਦਰਜੀਤ ਕੋਰ ਖੋਸਾ ਪਹੁੰਚੇ। ਜੇਤੂਆਂ ਨੂੰ ਸਨਮਾਨ ਚਿੰਨ੍ਹ ਅਤੇ ਫੁਲਕਾਰੀਆਂ ਦੇ ਕੇ ਸਨਮਾਨਿਆ ਗਿਆ। ਮੇਲੇ ਵਿਚ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ, ਐਸ.ਐਸ.ਪੀ. ਸ੍ਰੀ ਗੌਰਵ ਗਰਗ, ਕਮਲ ਸ਼ਰਮਾ ਮੈਂਬਰ ਕੌਮੀ ਕਾਰਜਕਾਰਨੀ ਭਾਜਪਾ, ਅਸ਼ੀਸ਼ਪ੍ਰੀਤ ਸਿੰਘ ਸੰਧੂੁ ਸਾਈਆਂ ਵਾਲਾ ਉਪ ਚੇਅਰਮੈਨ ਗੁਰੂ ਨਾਨਕ ਕਾਲਜ, ਹਰਜਿੰਦਰ ਸਿੰਘ ਬਿੱਟੂ ਸਾਂਘਾ ਸੂਬਾਈ ਜਨਰਲ ਸਕੱਤਰ ਕਾਂਗਰਸ, ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ, ਜਥੇਦਾਰ ਕਰਨੈਲ ਸਿੰਘ ਭਾਵੜਾ ਪ੍ਰਧਾਨ ਜੱਟ ਰਾਖਵਾਂਕਰਨ ਸੰਘਰਸ਼ ਸੰਮਤੀ ਪੰਜਾਬ, ਦਿਲਬਾਗ ਸਿੰਘ ਵਿਰਕ ਕੌਮੀ ਜਨਰਲ ਸਕੱਤਰ ਫੈਡਰੇਸ਼ਨ ਗਰੇਵਾਲ, ਸੁਖਵਿੰਦਰ ਸਿੰਘ ਬੁਲੰਦੇਵਾਲੀ ਪ੍ਰਧਾਨ ਜ਼ਿਲ੍ਹਾ ਪੰਚਾਇਤ ਯੂਨੀਅਨ, ਚਰਨਦੀਪ ਸਿੰਘ ਬੱਗੇਵਾਲਾ, ਗਗਨਦੀਪ ਸਿੰਘ ਗੋਬਿੰਦ ਨਗਰ, ਧਰਮਪਾਲ ਬਾਂਸਲ, ਬਲਵੰਤ ਸਿੰਘ ਸਿੱਧੂ, ਰੁਪਿੰਦਰ ਕੌਰ ਸੰਧੂ, ਮਿਸਿਜ਼ ਸਿੱਧੂ ਐਸ.ਬੀ.ਐਸ. ਟੈਕਨੀਕਲ ਕੈਂਪਸ, ਅੰਮ੍ਰਿਤਪਾਲ ਕੌਰ ਸੰਧੂ ਸਾਈਆਂ ਵਾਲਾ, ਕੰਵਰਜੀਤ ਕੋਰ ਸਾਈਆਂ ਵਾਲਾ, ਡਾ: ਤਰੁਨਪਾਲ ਕੌਰ ਸੋਢੀ, ਭੁਪਿੰਦਰ ਕੌਰ ਸੰਧੂ ਵਸਤੀ ਭਾਗ ਸਿੰਘ, ਕਰਮਜੀਤ ਕੌਰ ਬਰਾੜ, ਭਿੰਦਰ ਕੌਰ ਭੁੱਲਰ, ਅਮਰਜੋਤੀ ਮਾਂਗਟ ਆਦਿ ਪਹੁੰਚੇ। ਮੇਲੇ 'ਚ ਮੰਚ ਸੰਚਾਲਨ ਦੀਆਂ ਜਿੰਮੇਵਾਰੀਆਂ ਨੀਰਜ ਸ਼ਾਰਧਾ, ਸ਼ਰਨਦੀਪ ਕੌਰ, ਦਵਿੰਦਰ ਕੌਰ, ਰਵੀਇੰਦਰ ਸਿੰਘ ਨੇ ਬਾਖੂਬੀ ਨਿਭਾਉਂਦਿਆਂ ਮੇਲੀਆਂ ਦਾ ਧਿਆਨ ਸਟੇਜ ਵੱਲ ਖਿੱਚੀ ਰੱਖਿਆ। ਮੇਲੇ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਣ ਲਈ ਸ਼ੈਰੀ ਸੰਧੂ ਵਸਤੀ ਭਾਗ ਸਿੰਘ, ਈਸ਼ਵਰ ਸ਼ਰਮਾ, ਕੁਲਵੰਤ ਸਿੰਘ, ਬਾਬਾ ਗੁਰਬਚਨ ਸਿੰਘ ਭੁੱਲਰ ਸਤੀਏ ਵਾਲਾ, ਮਨਦੀਪ ਸਿੰਘ ਜੌਨ, ਹਰਦੇਵ ਸਿੰਘ ਮਹਿਮਾ, ਮਲਕੀਅਤ ਸਿੰਘ ਆਦਿ ਨੇ ਵੱਧ ਚੜ੍ਹ ਕੇ ਯੋਗਦਾਨ ਪਾਇਆ।
ਖ਼ਬਰ 'ਚ ਡੱਬੀ
ਐਸ.ਬੀ.ਐਸ. ਟੈਕਨੀਕਲ ਕੈਂਪਸ ਦੀ ਗੁਰਲੀਨ ਕੌਰ ਬਣੀ ਤੀਆਂ ਦੀ ਰਾਣੀ
ਤੀਆਂ ਦੇ ਮੇਲੇ 'ਚ ਕਰਵਾਏ ਗਏ ਤੀਆਂ ਦੀ ਰਾਣੀ ਮੁਕਾਬਲੇ 'ਚ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਦੀ ਵਿਦਿਆਰਥਣ ਗੁਰਲੀਨ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਤੀਆਂ ਦੀ ਰਾਣੀ ਦਾ ਖਿਤਾਬ ਜਿੱਤ ਲਿਆ। ਕੋਆਰਡੀਨੇਟਰ ਮਲਕੀਅਤ ਸਿੰਘ ਨੇ ਦੱਸਿਆ ਕਿ ਵੱਡੀ ਗਿਣਤੀ 'ਚ ਪੰਜਾਬ ਭਰ ਤੋਂ ਲੜਕੀਆਂ ਨੇ ਮੁਕਾਬਲੇ 'ਚ ਉਤਸ਼ਾਹ ਨਾਲ ਭਾਗ ਲਿਆ। ਸਵਾਲ-ਜਵਾਬ, ਨੱਚਣ, ਗਾਉਣ, ਪਹਿਰਾਵਾ ਆਦਿ ਨਾਲ ਸਬੰਧਿਤ ਮੁਕਾਬਲੇ 'ਚ ਚੰਗਾ ਪ੍ਰਦਰਸ਼ਨ ਕਰਦਿਆਂ ਐਸ.ਬੀ.ਐਸ. ਟੈਕਨੀਕਲ ਕੈਂਪਸ ਦੀ ਵਿਦਿਆਰਥਣ ਗੁਰਲੀਨ ਕੌਰ ਗਿੱਧਿਆਂ ਦੀ ਰਾਣੀ ਬਣ ਸੋਨੇ ਦਾ ਟਿੱਕਾ ਜਿੱਤ ਲਿਆ। ਇਸੇ ਤਰ੍ਹਾਂ ਤੀਆਂ ਦੀ ਰਾਣੀ ਦੂਸਰੇ ਨੰਬਰ 'ਤੇ ਪਰਵਿੰਦਰ ਕੌਰ ਵਿਦਿਆਰਥਣ ਬਾਬਾ ਕੁੰਦਨ ਸਿੰਘ ਕਾਲਜ ਮੁਹਾਰ ਨੇ ਸੋਨੇ ਦੀ ਤਵੀਤੜੀ ਅਤੇ ਗੁਰਪ੍ਰੀਤ ਕੌਰ ਵਿਦਿਆਰਥਣ ਸ੍ਰੀ ਰਘੂ ਨਾਥ ਗਰਲਜ਼ ਕਾਲਜ ਜੰਡਿਆਲਾ ਗੁਰੂ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਤੀਜਾ ਸਥਾਨ ਹਾਸਲ ਕਰ ਚਾਂਦੀ ਦੀਆਂ ਝਾਂਜਰਾਂ ਜਿੱਤ ਲਈਆਂ। ਚੰਗੇ ਪ੍ਰਦਰਸ਼ਨ ਵਾਲੀਆਂ ਲੜਕੀਆਂ ਗੁਰਪ੍ਰੀਤ ਕੌਰ, ਸਿਮਰਨ ਕੌਰ ਸ੍ਰੀ ਰਘੂ ਨਾਥ ਗਰਲਜ਼ ਕਾਲਜ ਜੰਡਿਆਲਾ ਗੁਰੂ ਸਮੇਤ 4 ਲੜਕੀਆਂ ਨੂੰ ਸੋਨੇ ਦੇ ਕੋਕਿਆਂ ਨਾਲ ਸਨਮਾਨਿਤ ਕੀਤਾ ਗਿਆ।