Ferozepur News
ਵਿਧਾਇਕ ਜ਼ੀਰਾ ਵੱਲੋਂ ਹਲਕੇ ਦੇ 233 ਲਾਭਪਾਤਰੀਆਂ ਨੂੰ 70 ਲੱਖ ਰੁਪਏ ਦੇ ਵੰਡੇ ਗਏ ਕਰਜ਼ਾ ਮੁਆਫ਼ੀ ਸਰਟੀਫਿਕੇਟ ਪੰਜਾਬ ਸਰਕਾਰ ਵੱਲੋਂ ਦਲਿਤ ਅਤੇ ਪੱਛੜੇ ਵਰਗਾਂ ਦੇ ਲੋਕਾਂ ਦੇ ਕੀਤੇ ਗਏ 50 ਹਜ਼ਾਰ ਤੱਕ ਦੇ ਕਰਜ਼ੇ ਮੁਆਫ-ਵਿਧਾਇਕ ਕੁਲਬੀਰ ਸਿੰਘ ਜ਼ੀਰਾ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਯੋਗ ਲਾਭਪਾਤਰੀ ਨੂੰ ਕਰਵਾਇਆ ਜਾਵੇ ਮੁਹੱਈਆ
ਫ਼ਿਰੋਜ਼ਪੁਰ 24 ਜੁਲਾਈ 2018 (Manish Bawa ) ਪੰਜਾਬ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਭੌ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਤੋਂ ਜਿਨ੍ਹਾਂ ਦਲਿਤ ਅਤੇ ਪੱਛੜੇ ਵਰਗਾਂ ਦੇ ਲੋਕਾਂ ਨੇ 50 ਹਜ਼ਾਰ ਤੱਕ ਦੇ ਕਰਜ਼ੇ ਲਏ ਹੋਏ ਸਨ। ਉਨ੍ਹਾਂ ਦੇ ਕਰਜ਼ੇ ਪੰਜਾਬ ਸਰਕਾਰ ਵੱਲੋਂ ਮੁਆਫ਼ ਕੀਤੇ ਗਏ ਹਨ। ਇਹ ਪ੍ਰਗਟਾਵਾ ਵਿਧਾਇਕ ਸ੍ਰ. ਕੁਲਬੀਰ ਸਿੰਘ ਜ਼ੀਰਾ ਨੇ ਅੱਜ ਬਲਾਕ ਸੰਮਤੀ ਭਵਨ ਜ਼ੀਰਾ ਵਿਖੇ ਹਲਕਾ ਦੇ ਦਲਿਤ ਅਤੇ ਪਛੜੇ ਵਰਗੇ ਦੇ 233 ਲਾਭਪਾਤਰੀਆਂ ਨੂੰ 70 ਲੱਖ ਰੁਪਏ ਦੇ ਕਰਜ਼ਾ ਮੁਆਫ਼ੀ ਸਰਟੀਫਿਕੇਟ ਦੇਣ ਮੌਕੇ ਕੀਤਾ।
ਸ੍ਰ. ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ। ਇਸ ਮੌਕੇ ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਆਪਣੇ ਪੱਧਰ ਤੇ ਵੱਖ-ਵੱਖ ਥਾਵਾਂ ਤੇ ਕੈਂਪ ਲਗਾ ਕੇ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਲੋਕ ਭਲਾਈ ਸਕੀਮਾਂ ਜਿਵੇਂ ਕਿ ਬੁਢਾਪਾ, ਵਿਧਵਾ, ਆਸ਼ਰਿਤ ਅਤੇ ਅੰਗਹੀਣ ਪੈਨਸ਼ਨ, ਮਗਨਰੇਗਾ, ਐੱਸ.ਸੀ ਅਤੇ ਘੱਟ ਗਿਣਤੀ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ, ਕਰਜ਼ਾ ਸਕੀਮਾਂ, ਘਰ-ਘਰ ਰੁਜ਼ਗਾਰ ਸਮੇਤ ਹੋਰ ਸਕੀਮਾਂ ਦਾ ਲਾਭ ਲਾਭਪਾਤਰੀਆਂ ਨੂੰ ਦਿਵਾਉਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ' ਤਹਿਤ ਯੋਗ ਲਾਭਪਾਤਰੀਆਂ ਦੀ ਪਛਾਣ ਕਰਕੇ ਸਾਰੀਆਂ ਸਰਕਾਰੀ ਸਕੀਮਾਂ ਦਾ ਲਾਭ ਵੀ ਯੋਗ ਲਾਭਪਾਤਰੀਆਂ ਨੂੰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ ਰੋਜ਼ਗਾਰ ਮੇਲਿਆਂ ਰਾਹੀਂ ਨਾਮੀ ਕੰਪਨੀਆਂ ਵਿੱਚ ਯੁਵਾਵਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਮੁਹੱਈਆ ਕਰਵਾਏ ਜਾ ਰਹੇ ਹਨ।
ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਅੱਜ ਦਲਿਤ ਤੇ ਪਛੜੇ ਵਰਗ ਦੇ ਲੋਕਾਂ ਦੇ 50 ਹਜ਼ਾਰ ਰੁਪਏ ਤੱਕ ਦਾ ਕਰਜ਼ੇ ਮੁਆਫ਼ ਕਰਕੇ ਉਨ੍ਹਾਂ ਨੂੰ ਕਰਜ਼ਾ ਰਾਹਤ ਸਰਟੀਫਿਕੇਟ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਭੌਂ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਵੱਲੋਂ ਹਲਕਾ ਜ਼ੀਰਾ ਦੇ 233 ਲਾਭਪਾਤਰੀਆਂ ਨੂੰ 70 ਲੱਖ ਰੁਪਏ ਦੇ ਕਰਜ਼ੇ ਮੁਆਫ਼ ਕਰਕੇ ਰਾਹਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਰਾਜ ਦੇ ਸਾਰੇ ਯੋਗ ਲਾਭਪਾਤਰੀਆਂ ਨੂੰ ਵੀ ਇਸ ਸਕੀਮ ਦਾ ਲਾਭ ਦਿਵਾਉਣ ਲਈ ਕੰਮ ਕੀਤਾ ਜਾ ਰਿਹਾ ਹੈ।
ਇਸ ਮੌਕੇ ਐੱਸ.ਡੀ.ਐੱਮ. ਜ਼ੀਰਾ ਸ੍ਰੀ. ਅਮਿੱਤ ਗੁਪਤਾ, ਡਿਪਟੀ ਡਾਇਰੈਕਟਰ ਸੁਸ਼ੀਲ ਕੁਮਾਰ, ਜ਼ਿਲ੍ਹਾ ਭਲਾਈ ਅਫ਼ਸਰ ਹਰਪਾਲ ਸਿੰਘ ਗਿੱਲ, ਵਾਈਸ ਪ੍ਰਧਾਨ ਨਗਰ ਕੌਂਸਲ ਰਾਜੇਸ਼ ਕੁਮਾਰ ਢੰਡ, ਜ਼ਿਲ੍ਹਾ ਮੈਨੇਜਰ ਐੱਸ.ਸੀ. ਕਾਰਪੋਰੇਸ਼ਨ ਤਲਵਿੰਦਰ ਸਿੰਘ, ਫ਼ੀਲਡ ਅਫ਼ਸਰ ਬੀ.ਸੀ. ਕਾਰਪੋਰੇਸ਼ਨ ਸੁਖਵਿੰਦਰ ਸਿੰਘ, ਪ੍ਰਧਾਨ ਬਲਾਕ ਕਾਂਗਰਸ ਰਛਪਾਲ ਸਿੰਘ , ਮਹਿੰਦਰ ਮਦਾਨ ਮਖੂ, ਅਸ਼ੋਕ ਕੁਮਾਰ ਕਤੂਰੀਆ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਹਾਜ਼ਰ ਸਨ।