ਵਿਧਾਇਕ ਪਿੰਕੀ ਨੇ ਵਕੀਲਾਂ ਦੇ ਚੈਂਬਰ ਬਣਾਉਣ ਲਈ ਬਾਰ ਐਸੋਸੀਏਸ਼ਨ ਨੂੰ 50 ਲੱਖ ਰੁਪਏ ਦੀ ਗ੍ਰਾਂਟ ਸੌਂਪੀ, ਵਕੀਲਾਂ ਨੇ ਕੀਤਾ ਧੰਨਵਾਦ
ਕੈਪਟਨ ਸਰਕਾਰ ਵੱਲੋਂ ਜਾਰੀ ਕੀਤੀ ਗਈ ਇਹ ਗ੍ਰਾਂਟ ਕੋਰਟ ਕੰਪਲੈਕਸ ਵਿਚ ਵਕੀਲਾਂ ਦੇ 168 ਚੈਂਬਰ ਬਣਾਉਣ ਵਿਚ ਮਦਦਗਾਰ ਸਾਬਤ ਹੋਵੇਗੀ
ਫਿਰੋਜ਼ਪੁਰ, 14 ਜੁਲਾਈ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੂੰ ਕੋਰਟ ਕੰਪਲੈਕਸ ਵਿੱਚ ਵਕੀਲਾਂ ਦੇ ਚੈਂਬਰ ਬਣਾਉਣ ਲਈ 50 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਸੌਂਪਿਆ ਗਿਆ। ਇਹ ਗ੍ਰਾਂਟ ਵਕੀਲਾਂ ਨੂੰ 168 ਚੈਂਬਰ ਬਣਾਉਣ ਵਿਚ ਮਦਦਗਾਰ ਸਾਬਤ ਹੋਵੇਗੀ। ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਇਸ ਗ੍ਰਾਂਟ ਨੂੰ ਪ੍ਰਾਪਤ ਕਰ ਕੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਕਿਸੇ ਨੇ ਵੀ ਬਾਰ ਐਸੋਸੀਏਸ਼ਨ ਲਈ ਇੰਨਾ ਵੱਡਾ ਕਦਮ ਨਹੀਂ ਚੁੱਕਿਆ।
ਵਿਸਥਾਰਤ ਜਾਣਕਾਰੀ ਦਿੰਦੇ ਹੋਏ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਬਾਰ ਐਸੋਸਿਏਸ਼ਨ ਵੱਲੋਂ ਵਕੀਲਾਂ ਦੇ ਚੈਂਬਰ ਨੂੰ ਬਣਵਾਉਣ ਲਈ ਉਕਤ ਗਰਾਂਟ ਜਾਰੀ ਕਰਵਾਉਣ ਲਈ ਕਿਹਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ। ਉਨ੍ਹਾਂ ਵੱਲੋਂ 50 ਲੱਖ ਰੁਪਏ ਦੀ ਗਰਾਂਟ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਜੋ ਹੁਣ ਜਾਰੀ ਕਰ ਦਿੱਤੀ ਗਈ ਹੈ। ਇਸ ਗ੍ਰਾਂਟ ਦਾ ਚੈੱਕ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੂੰ ਸੌਂਪ ਦਿੱਤਾ ਗਿਆ ਹੈ। ਵਿਧਾਇਕ ਪਿੰਕੀ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸ਼ਮਸ਼ੇਰ ਸਿੰਘ ਖੋਸਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਰਹਿ ਚੁੱਕੇ ਹਨ, ਜਿਸ ਕਾਰਨ ਉਨ੍ਹਾਂ ਦਾ ਬਾਰ ਐਸੋਸੀਏਸ਼ਨ ਨਾਲ ਪੁਰਾਣੀ ਰਿਸ਼ਤਾ ਹੈ। ਉਹ ਪਰਿਵਾਰਕ ਮੈਂਬਰ ਵਜੋਂ ਬਾਰ ਐਸੋਸੀਏਸ਼ਨ ਨਾਲ ਭਾਵਾਤਮਕ ਤੌਰ ਤੇ ਜੁੜੇ ਹੋਏ ਹਨ, ਇਸ ਲਈ, ਇਹ ਉਨ੍ਹਾਂ ਲਈ ਇਕ ਵਧੀਆ ਮੌਕਾ ਹੈ, ਕਿਉਂਕਿ ਉਹ ਆਪਣੇ ਪਰਿਵਾਰ ਲਈ ਕੁਝ ਕਰ ਪਾਏ ਹਨ।
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੁਖੀ ਜਸਦੀਪ ਸਿੰਘ ਕੰਬੋਜ ਨੇ ਵਿਧਾਇਕ ਪਿੰਕੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਫਿਰੋਜ਼ਪੁਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਪੰਜਾਬ ਦੀ ਸਭ ਤੋਂ ਪੁਰਾਣੀ ਬਾਰ ਐਸੋਸੀਏਸ਼ਨ ਹੈ, ਜੋ ਦੇਸ਼ ਦੀ ਵੰਡ ਤੋਂ ਪਹਿਲਾਂ ਹੋਂਦ ਵਿੱਚ ਆਈ ਸੀ। ਉਨ੍ਹਾਂ ਕਿਹਾ ਕਿ ਵਕੀਲਾਂ ਦਾ ਚੈਂਬਰ ਬਣਾਉਣ ਦਾ ਮੁੱਦਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ, ਇਹ ਗਰਾਂਟ ਮਿਲਨ ਨਾਲ ਇਸ ਪ੍ਰਾਜੈਕਟ ‘ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਗਰਾਂਟ ਲਈ ਐਡਵੋਕੇਟ ਗੁਲਸ਼ਨ ਮੋਂਗਾ, ਐਡਵੋਕੇਟ ਹਰੀਰਾਮ ਚੌਧਰੀ, ਐਡਵੋਕੇਟ ਹਰੀਚੰਦ ਕੰਬੋਜ, ਐਡਵੋਕੇਟ ਗੁਰਮੀਤ ਸਿੰਘ, ਸੰਤਪਾਲ ਸਿੰਘ ਸਿੱਧੂ, ਦਲਜੀਤ ਸਿੰਘ ਸੰਧੂ ਅਤੇ ਰਜਿੰਦਰ ਕੱਕੜ ਨੇ ਵਿਧਾਇਕ ਪਿੰਕੀ ਦਾ ਧੰਨਵਾਦ ਕੀਤਾ ਹੈ।