ਵਿਦਿਆਰਥੀਆਂ ਦੀ ਸ਼ਖ਼ਸੀਅਤ ਉਸਾਰੀ ਵਿੱਚ ਅਧਿਆਪਕਾਂ ਦਾ ਵੱਡਮੁੱਲਾ ਯੋਗਦਾਨ – ਵਿਧਾਇਕ ਭੁੱਲਰ
ਵਿਦਿਆਰਥੀਆਂ ਦੀ ਸ਼ਖ਼ਸੀਅਤ ਉਸਾਰੀ ਵਿੱਚ ਅਧਿਆਪਕਾਂ ਦਾ ਵੱਡਮੁੱਲਾ ਯੋਗਦਾਨ – ਵਿਧਾਇਕ ਭੁੱਲਰ
– ਪੰਜਾਬ ਸਰਕਾਰ ਵੱਲੋਂ ਹਰ ਵਿਭਾਗ ਵਿੱਚ ਭ੍ਰਿਸ਼ਟਾਚਾਰ ਮੁਕਤ ਨਿਰੋਲ ਮੈਰਿਟ ਦੇ ਆਧਾਰ ‘ਤੇ ਕੀਤੀਆਂ ਜਾ ਰਹੀਆਂ ਹਨ ਨਿਯੁਕਤੀਆਂ
– ਡਾਈਟ ਫ਼ਿਰੋਜ਼ਪੁਰ ਵਿਖੇ ਨਵ-ਨਿਯੁਕਤ 122 ਅਧਿਆਪਕਾਂ ਦੀ ਟ੍ਰੇਨਿੰਗ ਸੰਪੂਰਨ ਹੋਣ ਉਪਰੰਤ ਦਿੱਤੀਆਂ ਸ਼ੁਭਕਾਮਨਾਵਾਂ
ਫ਼ਿਰੋਜ਼ਪੁਰ, 31 ਮਈ 2023:
ਵਿਦਿਆਰਥੀਆਂ ਦਾ ਭਵਿੱਖ ਬਣਾਉਣ ਅਤੇ ਸਹੀ ਮਾਰਗ ਦਰਸ਼ਨ ਕਰਨ ਵਿੱਚ ਅਧਿਆਪਕ ਵਰਗ ਦਾ ਬਹੁਤ ਅਹਿਮ ਯੋਗਦਾਨ ਹੈ। ਅਧਿਆਪਕਾਂ ਦੁਆਰਾ ਤਰਾਸ਼ੇ ਵਿਦਿਆਰਥੀ ਵੱਖ-ਵੱਖ ਖੇਤਰਾਂ ਵਿੱਚ ਉੱਚੇ ਅਹੁਦੇ ਪ੍ਰਾਪਤ ਕਰਕੇ ਰਾਜ ਅਤੇ ਦੇਸ਼ ਦੇ ਵਿਕਾਸ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਂਦੇ ਹਨ। ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਸ ਰਣਬੀਰ ਸਿੰਘ ਭੁੱਲਰ ਨੇ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਈਟ) ਫਿਰੋਜ਼ਪੁਰ ਵਿਖੇ 122 ਨਵ-ਨਿਯੁਕਤ ਅਧਿਆਪਕਾਂ ਦੀ 14 ਰੋਜ਼ਾ ਇੰਡਕਸ਼ਨ ਟ੍ਰੇਨਿੰਗ ਮੁਕੰਮਲ ਹੋਣ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਇਸ ਮੌਕੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਵਿਭਾਗੀ ਹਦਾਇਤਾਂ ਅਨੁਸਾਰ ਰਾਜ ਸਿੱਖਿਆ ਅਤੇ ਸਿਖਲਾਈ ਸੰਸਥਾ (ਐਸ.ਸੀ.ਈ.ਆਰ.ਟੀ) ਮੋਹਾਲੀ ਵੱਲੋਂ ਸਰਕਾਰੀ ਸਕੂਲਾਂ ਲਈ ਵੱਖ-ਵੱਖ ਵਿਸ਼ਿਆਂ ਦੇ ਨਵ-ਨਿਯੁਕਤ 122 ਅਧਿਆਪਕਾਂ ਨੂੰ ਵਿਭਾਗੀ ਹਦਾਇਤਾਂ ਅਨੁਸਾਰ ਪਿੰਸੀਪਲ ਸ੍ਰੀਮਤੀ ਸੀਮਾ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਈਟ) ਫਿਰੋਜ਼ਪੁਰ ਦੀ ਅਗਵਾਈ ਵਿੱਚ 14 ਰੋਜ਼ਾ ਇੰਡਕਸ਼ਨ ਟੇ੍ਨਿੰਗ ਮੁਕੰਮਲ ਹੋਈ ਹੈ।
ਉਨ੍ਹਾਂ ਨਵ-ਨਿਯੁਕਤ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਨੂੰ ਸਿੱਖਿਆ ਦਾ ਚਾਨਣ ਵੰਡ ਕੇ ਸਮਾਜ ਸੁਧਾਰ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਅਤੇ ਆਪਣੀ ਕਾਬਲੀਅਤ ਰਾਹੀਂ ਵਿੱਦਿਆਰਥੀਆਂ ਵਿੱਚ ਨਵੀਂ ਚਿਣਗ ਪੈਦਾ ਕਰ ਕੇ ਚੰਗੇ ਨਾਗਰਿਕ ਬਣਾਉਣ ਦੇ ਨਾਲ-ਨਾਲ ਮੁਕਾਬਲੇ ਦੀਆਂ ਪ੍ਰੀਖਿਆਂ ਦੀ ਤਿਆਰੀ ਲਈ ਵੀ ਉਨ੍ਹਾਂ ਦਾ ਮਾਰਗਦਰਸ਼ਨ ਕਰਨ।
ਸ. ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਵਿਭਾਗ ਵਿੱਚ ਭ੍ਰਿਸ਼ਟਾਚਾਰ ਮੁਕਤ, ਨਿਰੋਲ ਮੈਰਿਟ ਦੇ ਆਧਾਰ ਤੇ ਪੂਰਨ ਪਾਰਦਰਸ਼ਤਾ ਨਾਲ ਭਰਤੀ ਕਰ ਰਹੀ ਹੈ। ਉਨ੍ਹਾਂ ਨਵ-ਨਿਯੁਕਤ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਵਿੱਚ ਅਧਿਆਪਕਾਂ ਦੀ ਵਿਸ਼ੇਸ਼ ਭੂਮਿਕਾ ਹੈ। ਇਸ ਮੌਕੇ ਉਨ੍ਹਾਂ ਹਾਜ਼ਰੀਨ ਨੂੰ ਵਾਤਾਵਰਣ ਦੀ ਨੂੰ ਸਾਫ਼-ਸੁੱਥਰਾ ਬਣਾਉਣ ਅਤੇ ਸ਼ੁੱਧਤਾ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਵੀ ਅਪੀਲ ਕੀਤੀ।
ਇਸ ਤੋਂ ਪਹਿਲਾਂ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਈਟ) ਦੇ ਪ੍ਰਿੰਸੀਪਲ ਸ਼੍ਰੀਮਤੀ ਸੀਮਾ ਨੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੂੰ ਸੰਸਥਾ ਵਿਖੇ ਪੁੱਜਣ ‘ਤੇ ਜੀ ਆਇਆਂ ਕਿਹਾ। ਉਨ੍ਹਾਂ ਦੱਸਿਆ ਕਿ ਇਸ 14 ਰੋਜ਼ਾ ਟੇ੍ਨਿੰਗ ਪ੍ਰੋਗਰਾਮ ਦੌਰਾਨ ਅਧਿਆਪਕਾਂ ਨੂੰ ਵਿਭਾਗੀ ਨਿਯਮਾਂ, ਕਾਰਜ਼ਸ਼ੈਲੀ, ਸਕੂਲ ਤਾਇਨਾਤੀ ਦੌਰਾਨ ਜ਼ਿੰਮੇਵਾਰੀਆਂ ਅਤੇ ਅਧਿਆਪਨ ਵਿਧੀਆਂ ਬਾਰੇ ਜਾਣੂ ਕਰਵਾਇਆ ਗਿਆ। ਸੰਸਥਾ ਵੱਲੋਂ ਵਿਧਾਇਕ ਸ. ਭੁੱਲਰ ਨੂੰ ਯਾਦਗਾਰੀ ਚਿੰਨ ਵੀ ਭੇਟ ਕੀਤਾ ਗਿਆ।
ਇਸ ਮੌਕੇ ਡੀ.ਐਮ. ਕੌਆਰਡੀਨੇਟਰ ਗੁਰਵਿੰਦਰ ਸਿੰਘ, ਈਸ਼ਵਰ ਦਾਸ ਸ਼ਰਮਾ, ਡੀ.ਐਮ. ਗਣਿਤ ਰਾਜੀਵ ਜਿੰਦਲ, ਰਿਸੋਰਸਪਰਸਨ ਮੀਨਾਕਸ਼ੀ ਧਵਨ, ਆਦਰਸ਼ਪਾਲ ਸਿੰਘ, ਪਰਵੀਨ ਕੁਮਾਰ, ਹਰਪ੍ਰੀਤ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੁਮਿਤ ਗਲਹੋਤਰਾ, ਗੌਰਵ ਮੁੰਜਾਲ, ਰਜਨੀ ਜੱਗਾ, ਆਰਤੀ, ਅਮਰਜੋਤੀ ਮਾਂਗਟ, ਗਗਨਦੀਪ ਗੱਖੜ, ਮਹਿਲ ਸਿੰਘ ਤੋਂ ਇਲਾਵਾ ਗੁਰਭੇਜ ਸਿੰਘ, ਹਿਮਾਂਸ਼ੂ ਠੱਕਰ ਵੀ ਹਾਜ਼ਰ ਸਨ।