ਵਿਜੇ ਦਿਵਸ (1971 ਦੀ ਭਾਰਤ ਪਾਕਿ ਜੰਗ ) ਤੇ ਵਿਸ਼ੇਸ਼
ਡਾ. ਸਤਿੰਦਰ ਸਿੰਘ।
16 ਦਸੰਬਰ 1971 ਦਾ ਦਿਨ ਦੇਸ਼ ਵਾਸੀਆਂ ਲਈ ਗੌਰਵ ਦਾ ਪ੍ਰਤੀਕ ਹੈ ।ਇਸ ਦਿਨ ਨੂੰ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ । ਇਸ ਦਿਨ ਭਾਰਤ-ਪਾਕਿ ਦਰਮਿਆਨ 13 ਦਿਨ ਚੱਲੀ ਜੰਗ ਵਿਚ ਭਾਰਤ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਅਤੇ ਪਾਕਿਸਤਾਨੀਆਂ ਜਨਰਲ ਨਿਆਜ਼ੀ ਦੀ ਅਗਵਾਈ ਵਿੱਚ 93000 ਪਾਕਿ ਫੌਜ ਨੇ ਆਤਮ ਸਮਰਪਣ ਕੀਤਾ। ਇਹ ਜੰਗ ਤਾਂ ਕਸ਼ਮੀਰ ਤੋਂ ਲੈ ਕੇ ਗੁਜਰਾਤ ਦੀ ਸਰਹੱਦ ਤੱਕ ਲੜੀ ਗਈ, ਪ੍ਰੰਤੂ ਫਿਰੋਜ਼ਪੁਰ ਵਾਸੀਆਂ ਲਈ ਹੁਸੈਨੀਵਾਲਾ ਸਰਹੱਦ ਦੇ ਨਜ਼ਦੀਕ ਹੋਈ ਲੜਾਈ ਨੂੰ ਬੇਹੱਦ ਖਾਸ ਮੰਨਿਆਂ ਜਾਂਦਾ ਹੈ। ਇਸ ਜੰਗ ਦੌਰਾਨ ਹੁਸੈਨੀਵਾਲਾ ਸਰਹੱਦ ਤੇ 15 ਪੰਜਾਬ ਬਟਾਲੀਅਨ ਅਤੇ ਬੀ ਐਸ ਐਫ ਜਵਾਨਾ ਵੱਲੋ 03 ਦਸੰਬਰ ਦੀ ਰਾਤ ਨੂੰ ਸਤਲੁਜ ਦਰਿਆ ਦੇ ਪੱਛਮੀ ਕੰਢੇ ਤੇ ਪਾਕਿਸਤਾਨੀ ਹਮਲੇ ਦਾ ਜਾਨਾਂ ਵਾਰ ਕੇ ਬਹਾਦਰੀ ਨਾਲ ਜੋ ਮੁੰਹ ਤੋੜ ਜਵਾਬ ਦੇ ਕੇ ਫਿਰੋਜ਼ਪੁਰ ਦੀ ਜਿਸ ਜ਼ਿਮੇਵਾਰੀ ਨਾਲ ਰੱਖਿਆ ਕੀਤੀ, ਫਿਰੋਜ਼ਪੁਰ ਵਾਸੀ ਉਸ ਲਈ ਹਮੇਸ਼ਾ ਰਿਣੀ ਰਹਿਣਗੇ। 03 ਦਸੰਬਰ 1971 ਸ਼ਾਮ 06 ਵਜੇ ਹੁਸੈਨੀਵਾਲਾ ਸਥਿਤ 15 ਪੰਜਾਬ ਬਟਾਲੀਅਨ ਦੀਆਂ ਸਿਰਫ਼ 02 ਕੰਪਨੀਆਂ ਅਤੇ ਕੁਝ ਬੀ ਐਸ ਐਫ ਦੇ ਜਵਾਨ ਜਿੰਨਾਂ ਕੋਲ ਸਿਰਫ ਮੀਡੀਅਮ ਮਸ਼ੀਨ ਗੰਨਾਂ ਵਰਗੇ ਸੀਮਤ ਹਥਿਆਰ ਮੌਜੂਦ ਸਨ। ਉਨ੍ਹਾਂ ਉਪਰ ਪਾਕਿਸਤਾਨ ਦੀਆਂ 04 ਇਨਫੈਂਟਰੀ ਬਟਾਲੀਅਨਾਂ ਜਿਸ ਵਿਚ ਲਗਭਗ 5000 ਦੇ ਕਰੀਬ ਫੌਜ,18 ਟੈਂਕਾਂ ਅਤੇ 400 ਦੇ ਕਰੀਬ ਤੋਪਾਂ ਨਾਲ ਅਚਾਨਕ ਜ਼ਬਰਦਸਤ ਹਮਲਾ ਕਰ ਦਿੱਤਾ। ਭਾਰਤੀ ਫੌਜ ਲਈ ਹੁਸੈਨੀਵਾਲਾ ਹੈਡ ਵਰਕਸ ਅਤੇ ਪੂਲ ਨੂੰ ਦੁਸ਼ਮਣ ਦੇ ਕਬਜ਼ੇ ਤੋਂ ਬਚਾਉਣ ਅਤੇ ਪਾਕਿ ਫੌਜ ਨੂੰ ਫ਼ਿਰੋਜ਼ਪੁਰ ਵੱਲ ਅੱਗੇ ਵੱਧਣ ਤੋਂ ਰੋਕਣਾ ਬਹੁਤ ਵੱਡੀ ਚੁਣੌਤੀ ਸੀ। ਪ੍ਰੰਤੂ ਮੇਜਰ ਕੰਵਲਜੀਤ ਸਿੰਘ ਅਤੇ ਮੇਜਰ ਐਸ ਪੀ ਵੜੈਚ ਦੀ ਅਗਵਾਈ ਵਿਚ 03 ਦਸੰਬਰ ਦੀ ਦਰਮਿਆਨੀ ਰਾਤ ਭਿਆਨਕ ਲੜਾਈ ਚੱਲਦੀ ਰਹੀ। ਪਾਕਿਸਤਾਨ ਵੱਲੋਂ ਹੁਸੈਨੀਵਾਲਾ ਪੋਸਟ ਉੱਪਰ ਇੱਕੋ ਸਮੇਂ ਬਹੁਤ ਭਾਰੀ ਤਾਕਤ ਨਾਲ ਹਜ਼ਾਰਾਂ ਦੀ ਤਦਾਦ ਨਾਲ ਕੀਤੇ ਹਮਲੇ ਦਾ ਭਾਰਤੀ ਜਵਾਨਾਂ ਨੇ ਮੂੰਹ ਤੋੜਵਾਂ ਜਵਾਬ ਦਿੱਤਾ। ਰਾਤ 10.30 ਵਜੇ ਦੇ ਕਰੀਬ ਹੁਸੈਨੀਵਾਲਾ ਪੁੱਲ ਧਮਾਕੇ ਕਾਰਨ ਉੱਡ ਗਿਆ ਅਤੇ ਪਾਕਿਸਤਾਨ ਫੌਜ ਦਾ ਫਿਰੋਜ਼ਪੁਰ ਵੱਲ ਦਾਖਲ ਹੋਣ ਦਾ ਸੁਪਨਾ ਚਕਨਾਚੂਰ ਹੋ ਗਿਆ। ਭਾਰਤੀ ਫੌਜ ਦੀ ਇਕ ਟੁਕੜੀ ਤਾ ਮਸ਼ੀਨ ਗੰਨਾਂ ਨਾਲ ਹੀ ਦੁਸ਼ਮਣ ਦੇ ਟੈਂਕਾਂ ਨੂੰ ਅੱਗੇ ਵਧਣ ਤੋਂ ਰੋਕਣ ਵਿੱਚ ਸਫ਼ਲ ਰਹੀ ਅਤੇ ਹਮਲੇ ਪਛਾੜਦੀ ਰਹੀ ,ਦੁਸ਼ਮਣ ਲਈ ਪਿਛੇ ਹਟਣ ਲਈ ਮਜਬੂਰ ਕਰਦੀ ਰਹੀ। ਪਾਕਿਸਤਾਨੀ ਫੌਜ ਨੇ ਹੁਸੈਨੀਵਾਲਾ ਵਾਲਾ ਸਥਿਤ ਟਾਵਰ, ਸ਼ਹੀਦੀ ਸਮਾਰਕ ਅਤੇ ਨਾਲ ਲਗਦੇ ਸਰਹੱਦੀ ਪਿੰਡਾਂ ਦਾ ਬੇਹੱਦ ਜ਼ਿਆਦਾ ਨੁਕਸਾਨ ਕੀਤਾ। ਸਰਹੱਦੀ ਪਿੰਡਾਂ ਦੇ ਬਜ਼ੁਰਗਾਂ ਅਨੁਸਾਰ ਪਾਕਿ ਫੋਜ਼ ਅਤੇ ਲੋਕ ਘਰਾਂ ਦੀਆਂ ਛੱਤਾਂ ਦਾ ਸਮਾਨ, ਦਰਵਾਜ਼ੇ, ਖੇਤੀ ਬਾੜੀ ਕਰਨ ਦਾ ਸਮਾਨ ਤੱਕ ਲੁੱਟਣ ਤੋਂ ਇਲਾਵਾ ਦਰਖਤ ਵੀ ਪੁੱਟ ਕੇ ਲੈ ਗਏ। ਇਸ ਭਿਆਨਕ ਲੜਾਈ ਵਿਚ 2 ਅਫਸਰ ਅਤੇ 50 ਤੋਂ ਵੱਧ ਬਾਕੀ ਰੈਂਕ ਦੇ ਜਵਾਨ,ਦੁਸ਼ਮਣ ਨੂੰ ਨੱਕ ਦੇ ਚਣੇ ਚਬਾਉਂਦੇ ਹੋਏ ਵੀਰਗਤੀ ਨੂੰ ਪ੍ਰਾਪਤ ਹੋਏ ਅਤੇ ਬਹੁਤ ਸਾਰੇ ਜ਼ਖਮੀ ਹੋਏ। ਆਪਣੀ ਬਹਾਦਰੀ ਨੂੰ ਕਾਇਮ ਰੱਖਦੇ ਹੋਏ ਇਹ ਜਵਾਨਾਂ ਨੇ ਦੁਸ਼ਮਣ ਦੇ ਹਮਲੇ ਨੂੰ ਠੱਲ੍ਹ ਪਾ ਦਿੱਤੀ, ਉਥੇ ਫ਼ਿਰੋਜ਼ਪੁਰ ਨੂੰ ਵੀ ਸੁਰੱਖਿਅਤ ਰੱਖਿਆ। 15 ਪੰਜਾਬ ਬਟਾਲੀਅਨ ਦੇ ਸ਼ਹੀਦਾਂ ਦੀ ਯਾਦ ਵਿੱਚ ਹੁਸੈਨੀਵਾਲਾ ਸ਼ਹੀਦੀ ਸਮਾਰਕ ਦੇ ਨਜ਼ਦੀਕ ਸੁੰਦਰ ਯਾਦਗਾਰ ਦਾ ਨਿਰਮਾਣ ਕੀਤਾ ਗਿਆ ਹੈ। ਬੀ ਐੱਸ ਐੱਫ ਦੇ 20 ਸ਼ਹੀਦ ਜਵਾਨਾਂ ਦੀ ਯਾਦਗਾਰ ਬੀ ਐਸ ਐਫ ਦੀ ਚੈਕ ਪੋਸਟ ਦੇ ਅੰਦਰ ਬਨਾਈ ਗਈ ਹੈ , ਜਿਥੇ ਲੋਕ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ। ਵਿਜੇ ਦਿਵਸ ਮੌਕੇ ਭਾਰਤੀ ਫੌਜ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਅਤੇ ਭਾਰਤੀ ਫੌਜ ਦੇ ਜਵਾਨਾਂ ਦੀ ਬਹਾਦਰੀ ਅਤੇ ਜਜ਼ਬੇ ਨੂੰ ਦਿਲੋਂ ਸਲਾਮ।