ਵਿਆਹੁਤਾ ਕੋਲੋਂ ਹੋਰ ਦਾਜ ਮੰਗਣ ਦੀ ਚਾਹਤ ਵਿਚ ਪਲਾਈ ਚਾਹ ਵਿਚ ਜ਼ਹਿਰੀਲੀ ਵਸਤੂ
ਫਿਰੋਜ਼ਪੁਰ 5 ਅਪ੍ਰੈਲ (ਏ. ਸੀ. ਚਾਵਲਾ) : ਵਿਆਹੁਤਾ ਕੋਲੋਂ ਹੋਰ ਦਾਜ ਮੰਗਣ ਅਤੇ ਉਸ ਨੂੰ ਚਾਹ ਵਿਚ ਜ਼ਹਿਰੀਲੀ ਵਸਤੂ ਪਾ ਕੇ ਦੇਣ ਦੇ ਦੋਸ਼ ਵਿਚ ਥਾਣਾ ਘੱਲਖੁਰਦ ਦੀ ਪੁਲਸ ਨੇ ਵਿਆਹੁਤਾ ਦੇ ਸਹੁਰੇ ਪਰਿਵਾਰ ਦੇ ਤਿੰਨ ਮੈਂਬਰਾਂ ਖਿਲਾਫ 498-ਏ, 406 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐਸ. ਆਈ. ਦਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਵਿਆਹੁਤਾ ਸੁਖਵਿੰਦਰ ਕੌਰ ਪਤਨੀ ਨਿਰਮਲ ਸਿੰਘ ਵਾਸੀ ਰਾਜੇਆਣਾ ਹਾਲ ਜਵਾਹਰ ਸਿੰਘ ਵਾਲਾ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਉਸ ਦਾ ਵਿਆਹ ਨਿਰਮਲ ਸਿੰਘ ਪੁੱਤਰ ਹਰਫੂਲ ਸਿੰਘ ਵਾਸੀ ਰਾਜੇਆਣਾ ਨਾਲ ਕੀਤਾ ਸੀ। ਵਿਆਹੁਤਾ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਵਿਆਹ ਸਮੇਂ ਆਪਣੀ ਹੈਸੀਅਤ ਅਨੁਸਾਰ ਦਾਜ ਵੀ ਦਿੱਤਾ ਸੀ। ਵਿਆਹੁਤਾ ਨੇ ਦੱਸਿਆ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਵਿਚ ਉਸ ਦਾ ਸਹੁਰਾ ਪਰਿਵਾਰ ਉਸ ਕੋਲੋਂ ਹੋਰ ਦਾਜ ਲਿਆਉਣ ਦੀ ਮੰਗ ਅਤੇ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ। ਵਿਆਹੁਤਾ ਨੇ ਦੱਸਿਆ ਕਿ ਉਸ ਦੀ ਸੱਸ ਲਖਵੀਰ ਕੌਰ ਨੇ ਉਸ ਨੂੰ ਕੋਈ ਜ਼ਹਿਰੀਲੀ ਵਸਤੂ ਚਾਹ ਵਿਚ ਪਾ ਕੇ ਪਿਲਾ ਦਿੱਤੀ, ਜਿਸ ਕਾਰਨ ਉਸ ਦੀ ਸਿਹਤ ਖਰਾਬ ਹੋ ਗਈ ਅਤੇ ਉਹ ਮੋਗਾ ਦੇ ਇਕ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਇਸ ਮਾਮਲੇ ਦੀ ਕਾਰਵਾਈ ਕਰ ਰਹੇ ਏ. ਐਸ. ਆਈ. ਦਵਿੰਦਰ ਸਿੰਘ ਨੇ ਦੱਸਿਆ ਕਿ ਵਿਆਹੁਤਾ ਸੁਖਵਿੰਦਰ ਕੌਰ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਤੇ ਹੋਰ ਦਾਜ ਦੀ ਮੰਗ ਕਰਦੇ ਸਨ। ਪੁਲਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੁਖਵਿੰਦਰ ਕੌਰ ਦੇ ਬਿਆਨਾਂ ਤੇ ਵਿਆਹੁਤਾ ਦੇ ਪਤੀ ਨਿਰਮਲ ਸਿੰਘ, ਸਹੁਰਾ ਹਰਫੂਲ ਸਿੰਘ ਅਤੇ ਸੱਸ ਲਖਵੀਰ ਕੌਰ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।