ਲੱਗਦੈ ਫਿਰ ਨਗਰ ਪੰਚਾਇਤ ਦੀਆਂ ਚੋਣਾਂ 'ਚ ਕਾਂਗਰਸੀ ਬਿਨ੍ਹਾਂ ਮੁਕਾਬਲੇ ਹੋਣਗੇ ਜੇਤੂ..!!!
-ਨਗਰ ਪੰਚਾਇਤ ਦੀਆਂ ਚੋਣਾਂ ਸਬੰਧੀ 31 ਉਮੀਦਵਾਰਾਂ ਨੇ ਹੀ ਭਰੀਆਂ ਨਾਮਜ਼ਦਗੀਆਂ
08 ਦਸੰਬਰ, ਫ਼ਿਰੋਜ਼ਪੁਰ: 20 ਦਸੰਬਰ ਨੂੰ ਹੋਣ ਵਾਲੀਆਂ ਮੱਲਾਂਵਾਲਾ ਅਤੇ ਮੱਖੂ ਨਗਰ ਪੰਚਾਇਤ ਦੀਆਂ ਚੋਣਾਂ ਕਾਂਗਰਸ ਨੇ ਬਿਨ੍ਹਾਂ ਮੁਕਾਬਲਾ ਹੀ ਜਿੱਤ ਲਈਆਂ ਲੱਗਦੀਆਂ ਹਨ, ਕਿਉਂਕਿ ਅੱਜ ਸਵੇਰ ਤੋਂ ਹੀ ਮੱਲਾਂਵਾਲਾ ਵਿਖੇ ਕਾਂਗਰਸੀ ਪਾਰਟੀ ਦੇ ਵਲੋਂ ਆਪਣੇ ਕਰੀਬ 200 ਤੋਂ ਜ਼ਿਆਦਾ ਲੋਕ ਨਗਰ ਪੰਚਾਇਤ ਮੱਲਾਂਵਾਲਾ ਦੇ ਬਾਹਰ ਐਨਓਸੀ ਪੱਤਰ ਲੈਣ ਲਈ ਖੜੇ ਕਰ ਦਿੱਤੇ। ਇਸ ਦੌਰਾਨ ਅਕਾਲੀ ਧਰਨੇ ਵਿਚ ਵਿਅਸਤ ਹੋਣ ਕਾਰਨ ਇਥੇ ਨਹੀਂ ਪਹੁੰਚੇ ਜੇਕਰ ਕੋਈ ਪਹੁੰਚਿਆ ਤਾਂ ਉਹ ਵੀ ਸਭ ਤੋਂ ਪਿਛੇ ਹੋਣ ਕਾਰਨ ਐਨਓਸੀ ਨਹੀਂ ਲੈ ਸਕਿਆ, ਜਿਸ ਕਾਰਨ ਸਮਾਂ ਲੰਘ ਗਿਆ ਅਤੇ ਉਨ੍ਹਾਂ ਨੂੰ ਐਨਓਸੀ ਪ੍ਰਾਪਤ ਨਹੀਂ ਹੋ ਸਕੀ। ਇਸੇ ਦੌਰਾਨ ਸਿਰਫ ਤੇ ਸਿਰਫ ਕਾਂਗਰਸੀ ਅਤੇ ਅਜ਼ਾਦ ਉਮੀਦਵਾਰਾਂ ਨੇ ਹੀ ਐਨਓਸੀ ਲੈ ਕੇ ਨਾਮਜ਼ਦਗੀ ਪੱਤਰ ਭਰੇ। ਭੀੜ ਹੋਣ ਦੇ ਕਾਰਨ ਆਮ ਆਦਮੀ ਪਾਰਟੀ ਦਾ ਕੋਈ ਵੀ ਉਮੀਦਵਾਰ ਨਾਮਜ਼ਦਗੀ ਪੱਤਰ ਨਹੀਂ ਭਰ ਸਕਿਆ।
ਇਥੇ ਦੱਸ ਦਈਏ ਕਿ ਛੇ ਦਸੰਬਰ ਨੂੰ ਨਾਮਜ਼ਦਗੀ ਭਰਨ ਸਮੇਂ ਕਸਬਾ ਮੱਲਾਂਵਾਲਾ ਵਿਖੇ ਕਾਂਗਰਸੀਆਂ ਅਤੇ ਅਕਾਲੀਆਂ ਵਿਚਾਲੇ ਝੜਪ ਹੋ ਗਈ ਸੀ। ਜਿਸ ਦੇ ਕਾਰਨ ਪੰਜਾਬ ਚੋਣ ਕਮਿਸ਼ਨ ਵੱਲੋਂ ਨਵੇਂ ਫੁਰਮਾਨ ਜਾਰੀ ਕਰਦਿਆ ਨਗਰ ਪੰਚਾਇਤ ਮੱਲਾਂਵਾਲਾ ਦੀਆਂ ਚੋਣਾਂ 8 ਦਸੰਬਰ ਨੂੰ ਉਮੀਦਵਾਰਾਂ ਨੂੰ ਦੁਬਾਰਾ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਮੌਕਾ ਦਿੱਤਾ ਗਿਆ ਸੀ। ਜਿਸ ਦੇ ਚੱਲਦੇ ਹੋਏ ਅੱਜ ਸਵੇਰ ਤੋਂ ਹੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ । ਇਸੇ ਦੌਰਾਨ ਮੱਲਾਂਵਾਲਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦੇ ਆਉਣ ਦੀਆਂ ਅਫਵਾਹਾਂ ਸਾਰਾ ਦਿਨ ਸੁਨਣ ਨੂੰ ਮਿਲਦੀਆਂ ਰਹੀਆਂ। ਇਸ ਮੌਕੇ ਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਅਤੇ ਅਜ਼ਾਦ ਉਮੀਦਵਾਰਾਂ ਵਲੋਂ ਅੱਜ ਤੜਕ ਸਵੇਰ ਤੋਂ ਹੀ ਨਗਰ ਪੰਚਾਇਤ ਦਫਤਰ ਮੱਲਾਂਵਾਲਾ ਦੇ ਬਾਹਰ ਐਨਓਸੀ ਲੈਣ ਲਈ ਲੰਮੀਆਂ ਲੰਮੀਆਂ ਲਾਈਨਾਂ ਲਗਾ ਦਿੱਤੀਆਂ।
ਨਗਰ ਪੰਚਾਇਤ ਮੱਲਾਂਵਾਲਾ ਦੇ ਕਾਰਜ ਸਾਧਕ ਅਫਤਰ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਅੱਜ 8 ਦਸੰਬਰ ਵਾਲੇ ਦਿਨ ਕੁੱਲ 108 ਵਿਅਕਤੀਆਂ ਵੱਲੋਂ ਐਨਓਸੀ ਪੱਤਰ ਲੈਣ ਲਈ ਅਰਜੀਆਂ ਦਿੱਤੀਆਂ ਸਨ, ਜਿਨ੍ਹਾਂ ਵਿਚੋਂ 46 ਅਰਜੀਆਂ ਰਿਜੈਕਟ ਕੀਤੀਆਂ ਗਈਆਂ ਹਨ, ਜਦੋਂਕਿ 42 ਵਿਅਕਤੀਆਂ ਨੂੰ ਐਨਓਸੀ ਜਾਰੀ ਕੀਤੀਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ 31 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਭਰੇ ਗਏ ਹਨ। ਇਸ ਮੌਕੇ ਨਾਮਜਦਗੀਆਂ ਦਾ ਸਮਾਂ ਖਤਮ ਹੋਣ ਉਪਰੰਤ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਜੇਤੂ ਨਿਸ਼ਾਨ ਵਿਖਾਉਂਦੇ ਹੋਏ ਕਿਹਾ ਕਿ ਨਾਮਜਦਗੀ ਪੱਤਰ ਦਾਖਲ ਹੋਣ ਉਪਰੰਤ ਅਗਲੀ ਰਣਨਿਤੀ ਤਹਿ ਕੀਤੀ ਜਾਵੇਗੀ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲੀ ਕਾਂਗਰਸ ਦੀ ਝੜਪ ਕਾਰਨ ਉਨ੍ਹਾਂ ਦੀ ਪਾਰਟੀ ਦੇ ਕਿਸੇ ਵੀ ਉਮੀਦਵਾਰ ਨੂੰ ਐਨਓਸੀ ਜਾਰੀ ਨਹੀਂ ਕੀਤੀ ਗਈ, ਜਿਸ ਕਾਰਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਾਗਜ ਦਾਖਲ ਨਹੀਂ ਕਰ ਸਕੇ। ਜਾਣਕਾਰੀ ਮੁਤਾਬਿਕ ਅੱਜ ਸਾਰਾ ਦਿਨ ਨਗਰ ਪੰਚਾਇਤ ਦਫਤਰ ਮੱਲਾਂਵਾਲਾ ਅਤੇ ਮਾਰਕੀਟ ਕਮੇਟੀ ਦਫਤਰ ਮੱਲਾਂਵਾਲਾ ਦੇ ਆਲੇ-ਦੁਆਲੇ ਦੇ ਇਲਾਕਾ ਪੁਲਿਸ ਛਾਉਣੀ ਵਿਚ ਤਬਦੀਲ ਸੀ ਅਤੇ ਹਰ ਰਾਹਗਿਰੀ ਅਤੇ ਆਉਣ ਜਾਣ ਵਾਲੇ ਦੀ ਚੈਕਿੰਗ ਕੀਤੀ ਜਾ ਰਹੀ ਸੀ।